
ਸਪੋਕਸਮੈਨ ਨੇ ਜਦੋਂ ਇਸ ਤਸਵੀਰ ਦਾ ਸੱਚ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਤਸਵੀਰ 6 ਜਨਵਰੀ 2018 ਦੀ ਪਾਈ ਗਈ ਮਤਲਬ ਕਿ ਇਹ ਤਸਵੀਰ 2 ਸਾਲ ਪੁਰਾਣੀ ਹੈ।
Rozana Spokesman ( ਪੰਜਾਬ, ਮੋਹਾਲੀ ਟੀਮ) - ਸ਼ੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਰ ਰਿਤਿਕ ਰੌਸ਼ਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਤਿਕ ਰੌਸ਼ਨ ਨੇ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰ ਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ।
ਵਾਇਰਲ ਹੋ ਰਹੀ ਤਸਵੀਰ ਵਿੱਚ ਰਿਤਿਕ ਰੌਸ਼ਨ ਨੇ ਹੱਥ ਵਿਚ ਕਿਰਪਾਨ ਫੜੀ ਹੋਈ ਹੈ ਅਤੇ ਸਿਰ 'ਤੇ ਕਸਰੀ ਰੰਗ ਦਾ ਪਟਕਾ ਬੰਨ੍ਹਿਆ ਹੋਇਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਖੜ੍ਹੇ ਦਿਖਾਈ ਦੇ ਰਹੇ ਹਨ। ਪਰ ਸਪੋਕਸਮੈਨ ਨੇ ਜਦੋਂ ਇਸ ਤਸਵੀਰ ਦਾ ਸੱਚ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਤਸਵੀਰ 6 ਜਨਵਰੀ 2018 ਦੀ ਪਾਈ ਗਈ ਮਤਲਬ ਕਿ ਇਹ ਤਸਵੀਰ 2 ਸਾਲ ਪੁਰਾਣੀ ਹੈ।
ਵਾਇਰਲ ਪੋਸਟ ਦਾ ਦਾਅਵਾ - ਫੇਸਬੁੱਕ ਯੂਜ਼ਰ Md Afsar Chhatra Neta ਨੇ 7 ਦਸੰਬਰ ਨੂੰ ਰਿਤਿਕ ਰੌਸ਼ਨ ਦੀ ਪੋਸਟ ਸ਼ੇਅਰ ਕਰ ਕੇ ਇਹ ਲਿਖਿਆ ਸੀ ਕਿ Kangana Ranaut ਦੇ भूतपूर्व #प्रेमी #आशिक Hrithik Roshan पहुंचे #किसान_आंदोलन समर्थन में।
ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ
ਸਪੋਕਸਮੈਨ ਟੀਵੀ ਨੇ ਗੂਗਲ ਰਿਵਰਸ ਇਮੇਜ ਟੂਲ ਦੇ ਜਰੀਏ ਇਸ ਪੋਸਟ ਦੀ ਪੜਤਾਲ ਕੀਤੀ ਤਾਂ ਅਸੀਂ ਪਾਇਆ ਕਿ ਇਸ ਪੋਸਟ ਵਿਚ ਜੋ ਤਸਵੀਰ ਹੈ ਉਸ ਨਾਲ ਮਿਲਦੀ ਤਸਵੀਰ ਦੀ ਵੀਡੀਓ Bollywood Spy Hindi youtube Channel ਨੇ 6 ਜਨਵਰੀ 2018 ਵਿਚ ਸ਼ੇਅਰ ਕੀਤੀ ਸੀ ਜਿਸ ਵਿਚ ਰਿਤਿਕ ਰੌਸ਼ਨ ਆਪਣੇ ਪਿਤਾ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਅੰਮ੍ਰਿਤਸਰ ਪਹੁੰਚੇ ਸਨ ਜਿੱਥੇ ਉਹਨਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਸਨ।
ਇਸ ਮਾਮਲੇ ਨੂੰ ਲੈ ਕੇ ਵੱਧ ਪੁਸ਼ਟੀ ਲਈ ਅਸੀਂ ਸਾਡੇ ਅੰਮ੍ਰਿਤਸਰ ਰਿਪੋਰਟਰ ਚਰਨਜੀਤ ਅਰੋੜਾ ਨਾਲ ਸੰਪਰਕ ਕੀਤਾ। ਚਰਨਜੀਤ ਨੇ ਪੁਸ਼ਟੀ ਦਿੰਦੇ ਹੋਏ ਦੱਸਿਆ, "ਇਹ ਤਸਵੀਰ 2 ਸਾਲ ਪੁਰਾਣੀ ਹੈ ਜਦੋਂ ਮੁੰਬਈ ਵਿਚ ਇਕ ਕੀਰਤਨ ਦਰਬਾਰ ਦੌਰਾਨ ਰਿਤਿਕ ਰੌਸ਼ਨ ਤੇ ਉਹਨਾਂ ਦੇ ਪਿਤਾ ਨੇ ਸ਼ਮੂਲੀਅਤ ਕੀਤੀ ਸੀ। ਦਰਅਸਲ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਬੋਰਡ ਦੇ ਸੀਨੀਅਰ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਹਰ ਸਾਲ ਮੁੰਬਈ ਵਿਚ ਕੀਰਤਨ ਦਰਬਾਰ ਕਰਵਾਉਂਦੇ ਹਨ ਤੇ ਉਸ 2018 ਦੇ ਕੀਰਤਨ ਦਰਬਾਰ ਦੌਰਾਨ ਰਿਤਿਕ ਰੌਸ਼ਨ ਤੇ ਉਹਨਾਂ ਦੇ ਪਿਤਾ ਜੀ ਨੇ ਇਸ ਕੀਰਤਨ ਦਰਬਾਰ ਵਿਚ ਸ਼ਮੂਲੀਅਤ ਕੀਤੀ ਸੀ ਜਿੱਥੇ ਉਹਨਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੀ ਮੌਜੂਦ ਸਨ।"
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ ਜੋ ਕਿ ਜਨਵਰੀ 2018 ਦੀ ਹੈ ਪਰ ਇਸ ਨੂੰ ਹੁਣ ਦੀ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।
Claim - ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਕਿਸਾਨਾਂ ਦਾ ਸਮਰਥਨ ਕਰਨ ਲਈ ਕਿਸਾਨ ਅੰਦੋਲਨ ਵਿਚ ਪੁੱਜੇ ਹਨ।
Claimed By - Md Afsar Chhatra Neta
Fact Check - ਫਰਜ਼ੀ