
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਪ੍ਰਦਰਸ਼ਨ ਦਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਵੱਲੋਂ ਇੱਕ ਟਰੱਕ ਤੋਂ ਟਮਾਟਰਾਂ ਨੂੰ ਸੜਕ 'ਤੇ ਸੁੱਟਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਾਕਿਸਤਾਨ ਦਾ ਹੈ ਜਿੱਥੇ ਟਮਾਟਰਾਂ ਨੂੰ ਸਿਰਫ ਇਸ ਕਾਰਨ ਸੁੱਟਿਆ ਜਾ ਰਿਹਾ ਹੈ ਕਿਉਂਕਿ ਇਹ ਇਰਾਨ ਤੋਂ ਆਏ ਹਨ ਅਤੇ ਇਹ ਸ਼ੀਆ ਟਮਾਟਰ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਪ੍ਰਦਰਸ਼ਨ ਦਾ ਹੈ ਜਦੋਂ ਕੁਝ ਲੋਕਾਂ ਵੱਲੋਂ ਕਵੇਟਾ-ਕਰਾਚੀ ਹਾਈਵੇ 'ਤੇ ਟਮਾਟਰਾਂ ਦਾ ਸਹੀ ਮੂਲ ਨਾ ਮਿਲਣ ਤੋਂ ਨਰਾਜ਼ ਇਰਾਨ ਤੋਂ ਆ ਰਹੇ ਟਮਾਟਰਾਂ ਦੇ ਟਰੱਕ ਨੂੰ ਰੋਕਿਆ ਗਿਆ ਅਤੇ ਟਮਾਟਰਾਂ ਨੂੰ ਸੁੱਟਿਆ ਗਿਆ। ਇਸ ਮਾਮਲੇ ਵਿਚ ਕੋਈ ਸ਼ੀਆ-ਸੁੰਨੀ ਐਂਗਲ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Jaswant Jass ਨੇ ਇਸ ਵਾਇਰਲ ਵੀਡੀਓ ਨੂੰ ਸ਼ੀਆ-ਸੁੰਨੀ ਰੰਗ ਦਿੰਦਿਆਂ ਲਿਖਿਆ, "ਕੱਟੜਵਾਦਤਾ ਇਸ ਹੱਦ ਤੱਕ ਵੱਧ ਗਈ ਹੈ ਕਿ ਟਮਾਟਰ ਵੀ ਸ਼ੀਆਂ, ਸੁੰਨੀ ਬਣਾ ਦਿੱਤੇ ਗਏ ਨੇ। ਹੜਾਂ ਦੀ ਮਾਰ ਝੱਲ ਰਹੇ ਪਾਕਿਸਤਾਨ ਵਿੱਚ ਇਰਾਨ ਤੋਂ ਹੜ ਪੀੜਤਾਂ ਦੀ ਮਦਦ ਲਈ ਆਏ ਟਮਾਟਰ ਸਬਜ਼ੀਆਂ ਦੀ ਬੇਕਦਰੀ ਸਿਰਫ ਇਸ ਕਰਕੇ ਹੋਈ ਕਿ ਇਹ ਸ਼ੀਆਂ ਮੁੱਲਕ ਤੋਂ ਆਏ ਨੇ।"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਸਾਡੇ ਪਾਕਿਸਤਾਨ ਤੋਂ ਇੰਚਾਰਜ ਬਾਬਰ ਜਲੰਧਰੀ ਨਾਲ ਸਾਂਝਾ ਕੀਤਾ। ਬਾਬਰ ਨੇ ਮਾਮਲੇ ਬਾਰੇ ਸਾਨੂੰ ਕਿਹਾ, "ਇਸ ਵੀਡੀਓ ਨੂੰ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਭਲਾ ਟਮਾਟਰਾਂ ਨਾਲ ਸ਼ੀਆ-ਸੁੰਨੀ ਦਾ ਵਿਆਵਹਾਰ ਇਸ ਔਖੇ ਸਮੇਂ ਕੌਣ ਕਰਦਾ ਹੈ। ਅਸਲ ਵਿਚ ਇਹ ਮਾਮਲਾ ਬਲੋਚਿਸਤਾਨ ਸੂਬੇ ਦੇ ਕਲਾਤ ਜ਼ਿਲੇ ਦਾ ਹੈ ਜਦੋਂ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਆਯਾਤ ਹੋ ਰਹੇ ਟਮਾਟਰ ਲੈ ਕੇ ਜਾ ਰਹੇ ਇਕ ਟਰੱਕ ਨੂੰ ਰੋਕ ਲਿਆ ਜਾਂਦਾ ਹੈ ਅਤੇ ਟਮਾਟਰ ਦੇ ਕਾਰਟਾਂ ਸੜਕ ‘ਤੇ ਸੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਹ ਪੂਰਾ ਮਾਮਲੇ ਸਿਰਫ ਇਕ ਕਾਰਨ ਵਾਪਰਿਆ ਕਿਓਂਕਿ ਇਰਾਨ ਤੋਂ ਟਮਾਟਰ ਮਹਿੰਗੇ ਮੁੱਲ 'ਤੇ ਅਯਾਤ ਹੋ ਰਹੇ ਸਨ ਅਤੇ ਇਥੇ ਆਮ ਕਿਸਾਨਾਂ ਦੀਆਂ ਫਸਲਾਂ ਬਿਲਕੁਲ ਤਿਆਰ ਸਨ। ਕਿਓਂਕਿ ਕਿਸਾਨਾਂ ਨੂੰ ਟਮਾਟਰਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਸੀ ਇਸ ਕਾਰਣ ਕੁਝ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮੈਂ ਇਹ ਗੱਲ ਸਾਫ ਕਰਨਾ ਚਾਹੁੰਦਾ ਹਾਂ ਕਿ ਮਾਮਲੇ ਵਿਚ ਕੋਈ ਫਿਰਕੂ ਐਂਗਲ ਨਹੀਂ ਹੈ ਅਤੇ ਇਹ ਟਮਾਟਰ ਲੋਕਾਂ ਦੀ ਮਦਦ ਵਾਸਤੇ ਨਹੀਂ ਬਲਕਿ ਬਜ਼ਾਰ ਵਿਚ ਵਿਕਣ ਲਈ ਜਾ ਰਹੇ ਸਨ।"
ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਰਚ ਦੌਰਾਨ ਸਾਨੂੰ ਪਾਕਿਸਤਾਨ ਮੀਡੀਆ ਅਦਾਰੇ Geo ਨਿਊਜ਼ ਦੁਆਰਾ 10 ਸਤੰਬਰ 2022 ਨੂੰ ਪ੍ਰਕਾਸ਼ਿਤ ਇੱਕ ਵੀਡੀਓ ਰਿਪੋਰਟ ਮਿਲੀ। ਰਿਪੋਰਟ ਅਨੁਸਾਰ ਬਲੋਚਿਸਤਾਨ ਸਿੱਖੇ ਕਲਾਤ ਦੇ ਮੰਗੋਚਰ ਖੇਤਰ ਤੋਂ ਸਬਜ਼ੀਆਂ ਦੀ ਦਰਾਮਦ ਕਰਨ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ਲਈ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਰਿਪੋਰਟ ਮੁਤਾਬਕ ਵਾਇਰਲ ਵੀਡੀਓ ਦੇ ਆਧਾਰ ‘ਤੇ ਦੋਸ਼ੀ ਦੀ ਪਛਾਣ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਮਾਮਲੇ ‘ਚ ਹੋਰ ਸ਼ੱਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Geo News
ਦੱਸ ਦਈਏ ਕਿ ਇਸ ਰਿਪੋਰਟ ਵਿਚ ਲਗਭਗ 13 ਮਿੰਟ 35 ਸੈਕਿੰਡ 'ਤੇ ਵਾਇਰਲ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। ਇਸਦੇ ਵਿਚ ਦੱਸਿਆ ਗਿਆ ਹੈ ਕਿ ਇੱਕ ਵਿਅਕਤੀ ਨੂੰ ਟਮਾਟਰਾਂ ਦੇ ਇੰਪੋਰਟ ਦਾ ਵਿਰੋਧ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ।
Geo ਦੀ ਇਹ ਰਿਪੋਰਟ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।
ਇਸ ਮਾਮਲੇ ਨੂੰ ਲੈ ਕੇ The Dawn ਅਤੇ economictimes ਦੀ ਰਿਪੋਰਟ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਪ੍ਰਦਰਸ਼ਨ ਦਾ ਹੈ ਜਦੋਂ ਕੁਝ ਲੋਕਾਂ ਵੱਲੋਂ ਕਵੇਟਾ-ਕਰਾਚੀ ਹਾਈਵੇ 'ਤੇ ਟਮਾਟਰਾਂ ਦਾ ਸਹੀ ਮੂਲ ਨਾ ਮਿਲਣ ਤੋਂ ਨਰਾਜ਼ ਇਰਾਨ ਤੋਂ ਆ ਰਹੇ ਟਮਾਟਰਾਂ ਦੇ ਟਰੱਕ ਨੂੰ ਰੋਕਿਆ ਗਿਆ ਅਤੇ ਟਮਾਟਰਾਂ ਨੂੰ ਸੁੱਟਿਆ ਗਿਆ। ਇਸ ਮਾਮਲੇ ਵਿਚ ਕੋਈ ਸ਼ੀਆ-ਸੁੰਨੀ ਐਂਗਲ ਨਹੀਂ ਹੈ।
Claim- Pakistan not accepting dontaed Tomatoes from Iran due to Shia-Sunni culture
Claimed By- FB User Jaswant Jass
Fact Check- Misleading