
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।
RSFC (Team Mohali)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਾਲ ਹੀ ਵਿਚ ਹੋਏ G20 ਸੰਮੇਲਨ ਵਿਚ ਸ਼ਾਮਲ ਹੋਏ ਮਹਿਮਾਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਇਕੱਠੇ ਰਾਜਘਾਟ 'ਤੇ ਸ਼ਰਧਾਂਜਲੀ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਪਿਛੋਕੜ 'ਚ 'ਰਘੁਪਤੀ ਰਾਘਵ ਰਾਜਾ ਰਾਮ' ਗੀਤ ਸੁਣਿਆ ਜਾ ਸਕਦਾ ਹੈ। ਹੁਣ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀ-20 ਸੰਮੇਲਨ ਦੌਰਾਨ ਗੀਤ 'ਰਘੁਪਤੀ ਰਾਘਵ ਰਾਜਾ ਰਾਮ' ਵਿਚੋਂ 'ਅੱਲ੍ਹਾ' ਸ਼ਬਦ ਹਟਾ ਦਿੱਤਾ ਗਿਆ ਸੀ।
ਫੇਸਬੁੱਕ ਯੂਜ਼ਰ ਜਗਦੀਸ਼ ਪਾਰੀਕ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ ਜੀ-20 ਸੰਮੇਲਨ ਦੌਰਾਨ ਗੀਤ 'ਰਘੁਪਤੀ ਰਾਘਵ ਰਾਜਾ ਰਾਮ' ਵਿਚੋਂ 'ਅੱਲ੍ਹਾ' ਸ਼ਬਦ ਹਟਾ ਦਿੱਤਾ ਗਿਆ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਸ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ ਅਤੇ ਫਰਜ਼ੀ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਗਾਏ ਜਾ ਰਹੇ ਭਜਨ ਵਿਚੋਂ ‘ਅੱਲ੍ਹਾ’ ਸ਼ਬਦ ਨੂੰ ਨਹੀਂ ਹਟਾਇਆ ਗਿਆ ਸੀ।
ਸਪੋਕਸਮੈਨ ਦੀ ਪੜਤਾਲ
ਜਾਂਚ ਸ਼ੁਰੂ ਕਰਦੇ ਹੋਏ, ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਸੁਣਿਆ। ਜੇਕਰ ਤੁਸੀਂ ਵਾਇਰਲ ਵੀਡੀਓ ਦੇ ਬੈਕਗ੍ਰਾਊਂਡ 'ਚ ਮੌਜੂਦ ਗੀਤ ਅਤੇ ਇਸ ਦੇ ਸਾਊਂਡ ਇਫੈਕਟਸ ਨੂੰ ਧਿਆਨ ਨਾਲ ਸੁਣਦੇ ਹੋ ਤਾਂ ਇਹ ਐਡਿਟ ਹੋਇਆ ਜਾਪਦਾ ਹੈ।
ਹੁਣ ਅਸੀਂ ਅੱਗੇ ਵਧੇ ਅਤੇ ਇਸ ਵੀਡੀਓ ਦਾ ਅਸਲ ਸਰੋਤ ਲੱਭਣਾ ਸ਼ੁਰੂ ਕੀਤਾ। ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਕਾਰਤ YouTube ਖਾਤੇ 'ਤੇ 10 ਸਤੰਬਰ, 2023 ਨੂੰ ਸਾਂਝਾ ਕੀਤਾ ਗਿਆ ਅਸਲੀ ਵੀਡੀਓ ਮਿਲਿਆ। ਵੀਡੀਓ ਨੂੰ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ ਗਿਆ, "G20 Leaders pay tributes to Mahatma Gandhi at Rajghat, New Delhi | G20 Summit"
ਜੇਕਰ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਅਤੇ ਜੀ-20 ਸੰਮੇਲਨ ਵਿਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਮਹਿਮਾਨ ਮਹਾਤਮਾ ਗਾਂਧੀ ਦੀ ਸਮਾਧੀ ਸਥਾਨ 'ਤੇ ਪਹੁੰਚਦੇ ਹਨ, ਉਸ ਸਮੇਂ ਬੈਕਗਰਾਉਂਡ ਵਿਚ ਸੰਗੀਤ "ਵੈਸ਼ਨਵ ਜਨ ਤੋ ਤੀਨੇ ਰੇ ਕਹੀਏ ਜੋ ਪੀੜ ਪਰਾਈ ਜਾਣੇ ਰੇ" ਚਲ ਰਿਹਾ ਹੁੰਦਾ ਹੈ।
ਅਸੀਂ ਦੇਖਿਆ ਕਿ ਜਦੋਂ ਸਾਰਿਆਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇ ਦਿੱਤੀ ਸੀ ਤੇ ਉਹ ਓਥੋਂ ਚੱਲਣ ਲੱਗੇ ਸੀ ਤਾਂ ਉਸ ਸਮੇਂ ਬੈਕਗ੍ਰਾਊਂਡ ਵਿਚ ਸੰਗੀਤ "ਰਘੁਪਤੀ ਰਾਘਵ ਰਾਜਾ ਰਾਮ" ਵੱਜਦਾ ਹੈ। ਇਸ ਵੀਡੀਓ 'ਚ 7 ਮਿੰਟ 38 ਸੈਕਿੰਡ 'ਤੇ 'ਇਸ਼ਵਰ ਅੱਲ੍ਹਾ ਤੇਰੋ ਨਾਮ' ਵਾਲੀ ਲਾਈਨ ਵੀ ਸੁਣਾਈ ਦਿੰਦੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਗਾਏ ਜਾ ਰਹੇ ਭਜਨ 'ਚੋਂ 'ਅੱਲ੍ਹਾ' ਸ਼ਬਦ ਨਹੀਂ ਹਟਾਇਆ ਗਿਆ ਸੀ ਅਤੇ ਇਹ ਵੀਡੀਓ ਐਡਿਟ ਕੀਤਾ ਗਿਆ ਸੀ।
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਸ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ ਅਤੇ ਫਰਜ਼ੀ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਗਾਏ ਜਾ ਰਹੇ ਭਜਨ ਵਿਚੋਂ ‘ਅੱਲ੍ਹਾ’ ਸ਼ਬਦ ਨੂੰ ਨਹੀਂ ਹਟਾਇਆ ਗਿਆ ਸੀ।