ਅਕਸ਼ੈ ਕੁਮਾਰ ਨੇ ਇਮਰਾਨ ਖਾਨ ਨੂੰ ਸਮਰਥਨ ਨਹੀਂ ਦਿੱਤਾ ਹੈ। ਵਾਇਰਲ ਇਹ ਵੀਡੀਓ GOQii ਦੇ ਪ੍ਰਮੋਸ਼ਨ ਦਾ ਇੱਕ ਹਿੱਸਾ ਹੈ ਅਤੇ ਵਾਇਰਲ ਵੀਡੀਓ ਵਿਚ ਆਡੀਓ ਕੱਟਕੇ ਲਾਇਆ ਗਿਆ ਹੈ।
RSFC (Team Mohali)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 9 ਮਈ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 12 ਮਈ ਨੂੰ ਦੋ ਹਫ਼ਤਿਆਂ ਲਈ ਜ਼ਮਾਨਤ ਮਿਲੀ ਸੀ। ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ 'ਚ ਹਿੰਸਕ ਪ੍ਰਦਰਸ਼ਨ ਦਾ ਦੌਰ ਚੱਲਿਆ ਅਤੇ ਕਈ ਹਜ਼ਾਰਾਂ ਲੋਕਾਂ ਵੱਲੋਂ ਇਮਰਾਨ ਦਾ ਸਮਰਥਨ ਕੀਤਾ ਗਿਆ। ਹੁਣ ਸੋਸ਼ਲ ਮੀਡਿਆ 'ਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਮਰਥਨ ਕੀਤਾ। ਵੀਡੀਓ ਵਿਚ ਅਕਸ਼ੈ ਨੂੰ ਇਮਰਾਨ ਖਾਨ ਦੇ ਸਮਰਥਨ 'ਚ ਬੋਲਦੇ ਸੁਣਿਆ ਜਾ ਸਕਦਾ ਹੈ।
ਫੇਸਬੁੱਕ ਪੇਜ 'ਸੱਚ ਦੀ ਆਵਾਜ਼' ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, 'ਫ਼ਿਲਮ ਐਕਟਰ ਅਕਸੇ ਕੁਮਾਰ ਇਮਰਾਨ ਖਾਨ ਦੇ ਹੱਕ ਵਿੱਚ ਆਏ ਉਹਨਾਂ ਨੇ ਪਾਕਿਸਤਾਨ ਦੇ ਲੋਕਾਂ ਨੂੰ ਇਮਰਾਨ ਖਾਨ ਦੇ ਹੱਕ ਵਿੱਚ ਬਾਹਰ ਆਉਣ ਦੀ ਗੱਲ ਕਹੀ।'
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਕਸ਼ੈ ਕੁਮਾਰ ਨੇ ਇਮਰਾਨ ਖਾਨ ਨੂੰ ਸਮਰਥਨ ਨਹੀਂ ਦਿੱਤਾ ਹੈ। ਵਾਇਰਲ ਇਹ ਵੀਡੀਓ GOQii ਬ੍ਰਾਂਡ ਦੇ ਪ੍ਰਮੋਸ਼ਨ ਦਾ ਇੱਕ ਹਿੱਸਾ ਹੈ ਅਤੇ ਵਾਇਰਲ ਵੀਡੀਓ ਵਿਚ ਆਡੀਓ ਕੱਟ ਕੇ ਲਾਇਆ ਗਿਆ ਹੈ।
ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਕੀਤਾ। ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਿਕ ਰਿਪੋਰਟ ਨਹੀਂ ਮਿਲੀ। ਜੇਕਰ ਅਕਸ਼ੈ ਕੁਮਾਰ ਵੱਲੋਂ ਇਮਰਾਨ ਨੂੰ ਸਮਰਥਨ ਦਿੱਤਾ ਗਿਆ ਹੁੰਦਾ ਤਾਂ ਹੁਣ ਤੱਕ ਇਸ ਖਬਰ ਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ।
ਅੱਗੇ ਵਧਦੇ ਹੋਏ ਅਸੀਂ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਸਰਚ ਦੌਰਾਨ ਫਿਟਨੈਸ ਕੰਪਨੀ ‘GOQii’ ਦੇ ਵੈਰੀਫਾਈਡ ਫੇਸਬੁੱਕ ਪੇਜ ‘ਤੇ 22 ਨਵੰਬਰ 2019 ਨੂੰ ਅਪਲੋਡ ਕੀਤਾ ਗਿਆ ਇਹ ਅਸਲ ਪੂਰਾ ਵੀਡੀਓ ਮਿਲਿਆ। ਵੀਡੀਓ ‘ਚ ਅਕਸ਼ੇ ਕੁਮਾਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ, “ਉਹ ਕੰਪਨੀ ਦੇ ਬ੍ਰਾਂਡ ਅੰਬੈਸਡਰ ਹਨ। ਵੀਡੀਓ ਵਿਚ ਉਨ੍ਹਾਂ ਨੂੰ GOQii ਵਾਈਟਲ ਈਸੀਜੀ ਅਤੇ ਹਾਰਟ ਹੈਲਥ ਬਾਰੇ ਗੱਲ ਕਰਦੇ ਵੇਖਿਆ ਜਾ ਸਕਦਾ ਹੈ।
ਇਹ ਵੀਡੀਓ ‘GOQii’ ਦੇ ਯੂਟਿਊਬ ਚੈਨਲ ‘ਤੇ ਵੀ ਮੌਜੂਦ ਹੈ ਜਿਸਦੇ ਵਿਚ ਵਾਇਰਲ ਵੀਡੀਓ ਦੇ ਅੰਸ਼ਾਂ ਨੂੰ ਵੇਖਿਆ ਜਾ ਸਕਦਾ ਹੈ।
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਕਸ਼ੈ ਕੁਮਾਰ ਨੇ ਇਮਰਾਨ ਖਾਨ ਨੂੰ ਸਮਰਥਨ ਨਹੀਂ ਦਿੱਤਾ ਹੈ। ਵਾਇਰਲ ਇਹ ਵੀਡੀਓ GOQii ਬ੍ਰਾਂਡ ਦੇ ਪ੍ਰਮੋਸ਼ਨ ਦਾ ਇੱਕ ਹਿੱਸਾ ਹੈ ਅਤੇ ਵਾਇਰਲ ਵੀਡੀਓ ਵਿਚ ਆਡੀਓ ਕੱਟ ਕੇ ਲਾਇਆ ਗਿਆ ਹੈ।