
ਵਾਇਰਲ ਹੋ ਰਿਹਾ ਵੀਡੀਓ ਸਿੱਧੂ ਮੂਸੇਵਾਲੇ ਦੀ ਫ਼ਿਲਮ Yes I Am Student ਦਾ ਇੱਕ ਸੀਨ ਹੈ। ਹੁਣ ਫ਼ਿਲਮ ਦੇ ਸੀਨ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਕਾਂਗਰੇਸ ਦੇ ਨਵੇਂ ਲੀਡਰ ਅਤੇ ਗਾਇਕ ਸਿੱਧੂ ਮੂਸੇਵਾਲੇ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇੱਕ ਵਿਅਕਤੀ ਸਿੱਧੂ ਮੂਸੇਵਾਲੇ ਨੂੰ ਕੜਛੀ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਸਿੱਧੂ ਮੂਸੇਵਾਲੇ 'ਤੇ ਤੰਜ ਕੱਸਿਆ ਜਾ ਰਿਹਾ ਹੈ। ਯੂਜ਼ਰ ਇਸ ਵੀਡੀਓ ਨੂੰ ਅਸਲੀ ਸਮਝ ਕੇ ਤੇਜ਼ੀ ਨਾਲ ਵਾਇਰਲ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸਿੱਧੂ ਮੂਸੇਵਾਲੇ ਦੀ ਫ਼ਿਲਮ Yes I Am Student ਦਾ ਇੱਕ ਸੀਨ ਹੈ। ਹੁਣ ਫ਼ਿਲਮ ਦੇ ਸੀਨ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Agg bani" ਨੇ 15 ਦਿਸੰਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਕੜਛੀਆਂ ਦੀ ਕਿਆ ਗੱਲ ਕਰਦੇ ਉ, ਕੜਛੀਆਂ ਤੇ ਮੈਂ ਬਹੁਤ ਖਾਂਦਾ ਰਿਹਾ ਕੇਜਰੀਵਾਲ ਹੁਣਾਂ ਨੂੰ ਕੀ ਪਤਾ ਕੜਛੀਆਂ ਕਿੰਨੀਂ ਤਰਾਂ ਦੀਆਂ ਹੁੰਦੀਆਂ ਨੌਕੜੀਆਂ ਚੌਕੜੀਆਂ ਕੜਛੀਆਂ ਸਾਰੀਆਂ ਮੈਂ ਆਪ ਖਾ ਕੇ ਵੇਖੀਆਂ"
ਇਸ ਵਾਇਰਲ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਆਪਣੀ ਭਾਲ ਸ਼ੁਰੂ ਕੀਤੀ।
ਸਾਨੂੰ ਇਹ ਵੀਡੀਓ ਕਲਿਪ ਜੂਨ 2020 ਦੇ ਇੱਕ ਫੇਸਬੁੱਕ ਪੋਸਟ ਵਿਚ ਅਪਲੋਡ ਮਿਲੀ। ਇਸ ਕਲਿਪ ਵਿਚ ਫਰਕ ਇਹ ਸੀ ਕਿ ਇਸਦੇ ਵਿਚ ਸਿੱਧੂ ਦੇ ਸਾਹਮਣੇ ਕੈਮਰੇ ਵੇਖੇ ਜਾ ਸਕਦੇ ਸਨ। ਇਸ ਕਲਿਪ ਤੋਂ ਇਹ ਸਾਫ ਹੋ ਰਿਹਾ ਸੀ ਕਿ ਵੀਡੀਓ ਕਿਸੇ ਸ਼ੂਟਿੰਗ ਦਾ ਹੈ। ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਅੱਗੇ ਵਧਦੇ ਹੋਏ ਅਸੀਂ ਰੋਜ਼ਾਨਾ ਸਪੋਕਸਮੈਨ ਦੇ Cine Punjabi ਡਿਪਾਰਟਮੈਂਟ ਦੇ ਐਡੀਟਰ ਜਗਜੀਤ ਸਰਾਂ ਨੂੰ ਵੀਡੀਓ ਭੇਜਿਆ। ਜਗਜੀਤ ਨੇ ਵੀਡੀਓ ਦੇਖ ਕਿਹਾ, "ਇਹ ਵੀਡੀਓ ਸਿੱਧੂ ਮੂਸੇਵਾਲੇ ਦੀ ਫ਼ਿਲਮ "Yes I Am Student" ਦਾ ਇੱਕ ਸੀਨ ਹੈ ਜਿਸਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।"
ਅੱਗੇ ਵਧਦੇ ਹੋਏ ਅਸੀਂ Yes I Am Student ਫ਼ਿਲਮ ਦੇ ਟ੍ਰੇਲਰ ਨੂੰ ਵੇਖਿਆ। ਵਾਇਰਲ ਵੀਡੀਓ ਵਿਚ ਸਿੱਧੂ ਨੇ ਜਿਹੜੇ ਕੱਪੜੇ ਪਾਏ ਹੋਏ ਹਨ ਉਹ ਸਾਨੂੰ ਟ੍ਰੇਲਰ ਦੇ ਇੱਕ ਸੀਨ ਵਿਚ ਵੀ ਵੇਖਣ ਨੂੰ ਮਿਲੇ। ਇਨ੍ਹਾਂ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।
ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਸਿੱਧੂ ਦੀ ਫ਼ਿਲਮ Yes I Am Student ਨੂੰ ਵੇਖਿਆ। ਇਸ ਫਿਲਮ ਵਿਚ ਵਾਇਰਲ ਵੀਡੀਓ ਦਾ ਦ੍ਰਿਸ਼ ਸਾਫ-ਸਾਫ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸਿੱਧੂ ਮੂਸੇਵਾਲੇ ਦੀ ਫ਼ਿਲਮ Yes I Am Student ਦਾ ਇੱਕ ਸੀਨ ਹੈ। ਹੁਣ ਫ਼ਿਲਮ ਦੇ ਸੀਨ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Video of Sidhu Moosewala Getting Beaten
Claimed By- FB Page Agg bani
Fact Check- Fake