
ਵਾਇਰਲ ਇਹ ਵੀਡੀਓ ਨਿਰਮਲ ਸਿੰਘ ਗੁਰੂਜੀ ਦਾ ਨਹੀਂ ਹੈ। ਨਿਰਮਲ ਸਿੰਘ ਗੁਰੂ ਜੀ ਦੀ ਮੌਤ ਸਾਲ 2007 ਵਿੱਚ ਹੋ ਗਈ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਦੋ ਔਰਤਾਂ ਨਾਲ ਇਤਰਾਜਯੋਗ ਹਾਲਤ ਵਿਚ ਇੱਕ ਵਿਅਕਤੀ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚਲਾ ਵਿਅਕਤੀ ਨਿਰਮਲ ਸਿੰਘ ਹੈ ਜਿਸ ਨੂੰ "ਗੁਰੂ ਜੀ" ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਹੁਣ ਇਹ ਬਾਬਾ ਇਤਰਾਜਯੋਗ ਹਾਲਤ ਵਿਚ ਦੋ ਔਰਤਾਂ ਨਾਲ ਫੜਿਆ ਗਿਆ ਹੈ। ਇਸ ਵੀਡੀਓ ਵਿਚ ਲੋਕ ਇਸ ਵਿਅਕਤੀ ਨਾਲ ਪੁੱਛ-ਗਿੱਛ ਕਰਦੇ ਵੇਖੇ ਜਾ ਸਕਦੇ ਹਨ।
ਫੇਸਬੁੱਕ ਪੇਜ 'ਲੋਕ ਖਬਰਾਂ' ਨੇ ਵਾਇਰਲ ਵੀਡੀਓ ਦਾ ਰੀਲ ਸਾਂਝਾ ਕਰਦਿਆਂ ਲਿਖਿਆ, 'ਦੇਖਲੋ ਇਹ ਬਾਬਾ ਵੀ ਫੜਿਆ ਗਿਆ।'
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਇਹ ਵੀਡੀਓ ਨਿਰਮਲ ਸਿੰਘ ਗੁਰੂ ਜੀ ਦਾ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਦੇ ਕੁਝ ਅੰਸ਼ ਸ੍ਰੀ ਲੰਕਾ ਦੇ ਮੀਡਿਆ ਅਦਾਰੇ "ਏਸ਼ੀਅਨ ਮਿਰਰ" ਦੁਆਰਾ ਸਾਂਝੇ ਕੀਤੇ ਮਿਲੇ। ਏਸ਼ੀਅਨ ਮਿਰਰ ਦੀ ਰਿਪੋਰਟ ਮੁਤਾਬਕ ਇਹ ਵੀਡੀਓ ਸ਼੍ਰੀਲੰਕਾ ਦੇ ਨਵਾਗਾਮੁਵਾ ਦੇ ਬੋਮੀਰੀਆ ਰਾਸਾਪਾਨਾ ਇਲਾਕੇ ਦਾ ਹੈ ਜਿੱਥੇ ਪੱਲੇਗਾਮਾ ਸੁਮਨਾ ਥੇਰੋ ਨਾਮਕ ਇੱਕ ਭਿਕਸ਼ੂ ਅਤੇ ਦੋ ਔਰਤਾਂ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਰਿਪੋਰਟ ਮੁਤਾਬਕ ਕੁਝ ਸ਼ੱਕੀ ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਫੈਸਲਾ ਪੁਲਿਸ ਸਟੇਸ਼ਨ ਵਿਚ ਸੁਮਨਾ ਥੇਰੋ ਦੁਆਰਾ ਦਰਜ ਕੀਤੀ ਗਈ ਸ਼ਿਕਾਇਤ ਵਾਪਸ ਲੈਣ ਤੋਂ ਬਾਅਦ ਲਿਆ ਗਿਆ ਸੀ।
Asian Mirror
ਵੀਡੀਓ ਨੂੰ ਲੈ ਕੇ "ਸ੍ਰੀ ਲੰਕਾ ਮਿਰਰ" ਦੀ ਰਿਪੋਰਟ ਮੁਤਾਬਕ ਇਹਾਲਾ ਬੋਮੀਰੀਆ ਖੇਤਰ ਦੇ ਸੁਮਨਰਾਮ ਵਿਹਾਰਿਆ ਵਿਖੇ ਇੱਕ ਭਿਕਸ਼ੂ ਅਤੇ ਦੋ ਔਰਤਾਂ ਨਾਲ ਕੁੱਟਮਾਰ ਕਰਨ ਦੀ ਘਟਨਾ ਨੂੰ ਲੈ ਕੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਅਦਾਲਤ ਵਿਚ ਪੇਸ਼ ਕੀਤਾ ਗਿਆ।
ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਨਿਰਮਲ ਗੁਰੂ ਜੀ ਦਾ ਨਹੀਂ ਹੈ।
ਹੁਣ ਅਸੀਂ ਗੂਗਲ ਤੇ ਨਿਰਮਲ ਸਿੰਘ ਗੁਰੂ ਜੀ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਅਸੀਂ ਪਾਇਆ ਕਿ ਨਿਰਮਲ ਸਿੰਘ ਗੁਰੂ ਜੀ ਦੀ ਮੌਤ ਸਾਲ 2007 ਵਿਚ ਹੀ ਹੋ ਗਈ ਸੀ।
Guru Ji Death Date
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਇਹ ਵੀਡੀਓ ਨਿਰਮਲ ਸਿੰਘ ਗੁਰੂ ਜੀ ਦਾ ਨਹੀਂ ਹੈ। ਨਿਰਮਲ ਸਿੰਘ ਗੁਰੂ ਜੀ ਦੀ ਮੌਤ ਸਾਲ 2007 ਵਿੱਚ ਹੋ ਗਈ ਸੀ।