
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਹੋ ਰਹੀ ਤਸਵੀਰ ਬਾੜਮੇਰ ਦੀ ਨਹੀਂ ਬਲਕਿ ਗੁਜਰਾਤ ਦੀ ਹੈ।
ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਵਿਚੋਂ ਉਜੜ ਕੇ ਆਏ ਹਿੰਦੂਆਂ ਨੂੰ ਮਿਲਣ ਲਈ ਬਾੜਮੇਰ ਵਿਚ ਉਹਨਾਂ ਦੇ ਕੈਂਪ ਵਿਚ ਪਹੁੰਚੇ ਸਨ।
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਹੋ ਰਹੀ ਤਸਵੀਰ ਬਾੜਮੇਰ ਦੀ ਨਹੀਂ ਬਲਕਿ ਗੁਜਰਾਤ ਦੀ ਹੈ। ਇਸ ਦੌਰਾਨ ਨਰਿੰਦਰ ਮੋਦੀ ਆਰਐਸਐਸ ਪ੍ਰਚਾਰਕ ਵਜੋਂ ਕੰਮ ਕਰ ਰਹੇ ਸਨ।
ਵਾਇਰਲ ਪੋਸਟ
ਇਸ ਤਸਵੀਰ ਨੂੰ ਅਦਾਕਾਰ ਅਤੇ FTII ਦੇ ਸਾਬਕਾ ਚੇਅਰਮੈਨ ਗਜਿੰਦਰ ਚੌਹਾਨ ਨੇ ਟਵਿਟਰ ’ਤੇ ਸ਼ੇਅਰ ਕੀਤਾ। ਉਹਨਾਂ ਨੇ ਕੈਪਸ਼ਨ ਲਿਖਿਆ, ये 31 वर्ष पुरानी दुर्लभ तस्वीर है, जब नरेंद्र मोदी बाड़मेर में पाकिस्तान से विस्थापित हिंदुओं से मिलने उनके कैम्प में पहुँचे थे. तब वो ना गुजरात के मुख्यमंत्री थे और ना ही देश के प्रधानमंत्री थे. दुख, मुशीबत मे लोगों के साथ खड़ा होना मोदी जी की फितरत में शामिल है।’
(ਪੰਜਾਬੀ ਅਨੁਵਾਦ- ਇਹ 31 ਸਾਲ ਪੁਰਾਣੀ ਦੁਰਲੱਭ ਤਸਵੀਰ ਹੈ ਜਦੋਂ ਨਰਿੰਦਰ ਮੋਦੀ ਜੀ ਬਾੜਮੇਰ ਵਿਚ ਪਾਕਿਸਤਾਨ ਤੋਂ ਉਜੜ ਕੇ ਆਏ ਹਿੰਦੂਆਂ ਨੂੰ ਮਿਲਣ ਉਹਨਾਂ ਦੈ ਕੈਂਪ ਵਿਚ ਪਹੁੰਚੇ ਸੀ। ਉਸ ਸਮੇਂ ਉਹ ਨਾ ਗੁਜਰਾਤ ਦੇ ਮੁੱਖ ਮੰਤਰੀ ਅਤੇ ਨਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸੀ। ਦੁੱਖ, ਮੁਸੀਬਤ ਵਿਚ ਲੋਕਾਂ ਦੇ ਨਾਲ ਖੜ੍ਹੇ ਹੋਣਾ ਨਰਿੰਦਰ ਮੋਦੀ ਦੀ ਫਿਤਰਤ ਵਿਚ ਸ਼ਾਮਲ ਹੈ)
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ https://archive.md/VyQAU
ਰੋਜ਼ਾਨਾ ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਇਸ ਦੌਰਾਨ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੈੱਬਸਾਈਟ ਦਾ ਲਿੰਕ ਮਿਲਿਆ।
ਵੈੱਬਸਾਈਟ ’ਤੇ ਸਾਨੂੰ ਪੀਐਮ ਮੋਦੀ ਦੀ ਜੀਵਨੀ ਨਾਲ ਸਬੰਧਤ ਲੇਖ ਮਿਲਿਆ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਆਸੀ ਸਫਰ ਬਾਰੇ ਲਿਖਿਆ ਹੋਇਆ ਸੀ। ਇਸ ਵਿਚ ਸਾਨੂੰ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਤਸਵੀਰ ਦਿਖਾਈ ਦਿੱਤੀ। ਤਸਵੀਰ ਨਾਲ ਕੈਪਸ਼ਨ ਲਿਖਿਆ ਦਿੱਤਾ ਗਿਆ Narendra Modi in a village of Gujarat (ਨਰਿੰਦਰ ਮੋਦੀ ਗੁਜਰਾਤ ਦੇ ਇਕ ਪਿੰਡ ਵਿਚ)।
ਇਹ ਲੇਖ 23 ਮਈ 2014 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਨੂੰ ਤੁਸੀਂ ਇੱਥੇ ਲਿੰਕ ਨੂੰ ਕਲਿੱਕ ਕਰਕੇ ਦੇਖ ਸਕਦੇ ਹੋ। ਇਸ ਲੇਖ ਵਿਚ ਪੀਐਮ ਮੋਦੀ ਬਾਰੇ ਲਿਖਿਆ ਗਿਆ ਕਿ ਦੇਸ਼ ਵਿਚ ਐਮਰਜੈਂਸੀ ਹਟਣ ਤੋਂ ਬਾਅਦ ਆਰਐਸਐਸ ਨੇ ਨਰਿੰਦਰ ਮੋਦੀ ਦੀ ਜ਼ਿੰਮੇਵਾਰੀ ਵਧਾ ਦਿੱਤੀ ਗਈ। ਪਿਛਲੇ ਸਾਲਾਂ ਦੌਰਾਨ ਉਹਨਾਂ ਦੀ ਸਰਗਰਮੀ ਅਤੇ ਚੰਗੇ ਕੰਮ ਦੇ ਮੱਦੇਨਜ਼ਰ, ਨਰਿੰਦਰ ਮੋਦੀ ਨੂੰ ਇਕ ‘ਸੰਭਾਗ ਪ੍ਰਚਾਰਕ’ (ਖੇਤਰੀ ਪ੍ਰਬੰਧਕ ਦੇ ਬਰਾਬਰ ਦਾ ਅਹੁਦਾ) ਬਣਾਇਆ ਗਿਆ ਸੀ। ਉਹਨਾਂ ਨੂੰ ਦੱਖਣੀ ਅਤੇ ਮੱਧ ਗੁਜਰਾਤ ਦਾ ਚਾਰਜ ਦਿੱਤਾ ਗਿਆ ਸੀ।
ਇਸ ਤੋਂ ਅੱਗੇ ਲਿਖਿਆ ਗਿਆ ਹੈ, ‘ਗੁਜਰਾਤ ਵਿਚ ਉਹਨਾਂ ਦੀ ਯਾਤਰਾ ਜਾਰੀ ਰਹੀ ਅਤੇ 1980 ਦੇ ਦਹਾਕੇ ਵਿਚ ਕਾਫੀ ਵਧ ਗਈ। ਇਸ ਦੌਰਾਨ ਉਹਨਾਂ ਨੂੰ ਸੂਬੇ ਦੇ ਲਗਭਗ ਹਰ ਪਿੰਡ ਤੇ ਕਸਬੇ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਇਹ ਤਜ਼ੁਰਬਾ ਇਕ ਆਯੋਜਕ ਅਤੇ ਇੱਕ ਮੁੱਖ ਮੰਤਰੀ ਵਜੋਂ ਉਹਨਾਂ ਲਈ ਬਹੁਤ ਕੰਮ ਆਇਆ’।
ਇਸ ਲੇਖ ਵਿਚ ਕਿਤੇ ਵੀ ਬਾੜਮੇਰ ਅਤੇ ਪਾਕਿਸਤਾਨ ਤੋਂ ਆਏ ਹਿੰਦੂਆਂ ਬਾਰੇ ਕੋਈ ਜ਼ਿਕਰ ਨਹੀਂ ਮਿਲਿਆ। ਦੱਸ ਦਈਏ ਕਿ ਵਾਇਰਲ ਪੋਸਟ ਵਿਚ ਤਸਵੀਰ 31 ਸਾਲ ਪਹਿਲਾਂ (1990) ਦੀ ਦੱਸੀ ਜਾ ਰਹੀ ਹੈ। ਜਦਕਿ ਪੀਐਮ ਮੋਦੀ ਦੀ ਵੈੱਬਸਾਈਟ ’ਤੇ ਮਿਲੀ ਜਾਣਕਾਰੀ ਮੁਤਾਬਕ ਇਹ ਤਸਵੀਰ 1980 ਦੇ ਦਹਾਕੇ ਦੀ ਹੈ।ਇਸ ਤੋਂ ਸਾਫ ਹੁੰਦਾ ਹੈ ਕਿ ਵਾਇਰਲ ਤਸਵੀਰ ਗਲਤ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ।
ਹੋਰ ਪੁਸ਼ਟੀ ਲਈ ਅਸੀਂ ਇਸ ਸਬੰਧੀ ਖ਼ਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਇਸ ਦੌਰਾਨ ਸਾਨੂੰ ਨਿਊਜ਼ 18 ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਪ੍ਰਕਾਸ਼ਿਤ ਕੀਤੀ ਫੋਟੋ ਗੈਲਰੀ ਮਿਲੀ। ਇਸ ਵਿਚ ਵਾਇਰਲ ਫੋਟੋ ਨਾਲ ਮੇਲ ਖਾਂਦੀ ਫੋਟੋ ਦਿਖਾਈ ਦਿੱਤੀ ਜਿਸ ਨਾਲ ਕੈਪਸ਼ਨ ਦਿੱਤਾ ਗਿਆ ਸੀ, ‘As a BJP activist, Modi is asking for the good of the people in remote’. ਇਸ ਨੂੰ ਤੁਸੀਂ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ।
ਪੜਤਾਲ ਦੌਰਾਨ ਸਾਨੂੰ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾੜਮੇਰ ਵਿਚ ਨਰਿੰਦਰ ਮੋਦੀ ਦੀ ਇਕ ਰੈਲੀ ਸਬੰਧੀ ਖ਼ਬਰ ਮਿਲੀ। ਦ ਹਿੰਦੂ ਵਲੋਂ ਪ੍ਰਕਾਸ਼ਿਤ ਇਸ ਖ਼ਬਰ ਮੁਤਾਬਕ ਨਰਿੰਦਰ ਮੋਦੀ ਨੇ ਉਸ ਰੈਲੀ ਵਿਚ ਪਾਕਿਸਤਾਨ ਤੋਂ ਆਏ ਹਿੰਦੂਆਂ ਨੂੰ ਬਰਾਬਰ ਅਧਿਕਾਰ ਦੇਣ ਦਾ ਵਾਅਦਾ ਕੀਤਾ ਸੀ। ਇਹ ਰਿਪੋਰਟ ਇੱਥੇ ਕਲਿੱਕ ਕਰਕੇ ਦੇਖੀ ਜਾ ਸਕਦੀ ਹੈ।
ਨਤੀਜਾ: ਰੋਜ਼ਾਨਾ ਸਪੋਕਸਮੈਨ ਦੀ ਪੜਤਾਲ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਹੋ ਰਹੀ ਤਸਵੀਰ ਬਾੜਮੇਰ ਦੀ ਨਹੀਂ ਬਲਕਿ ਗੁਜਰਾਤ ਦੇ ਇਕ ਪਿੰਡ ਦੀ ਹੈ। ਇਸ ਦੌਰਾਨ ਨਰਿੰਦਰ ਮੋਦੀ ਆਰਐਸਐਸ ਪ੍ਰਚਾਰਕ ਵਜੋਂ ਕੰਮ ਕਰ ਰਹੇ ਸੀ।
Claim: ਬਾੜਮੇਰ ਵਿਚ ਪਾਕਿਸਤਾਨ ਤੋਂ ਉਜੜ ਕੇ ਆਏ ਹਿੰਦੂਆਂ ਨੂੰ ਮਿਲਣ ਪਹੁੰਚੇ ਸੀ ਨਰਿੰਦਰ ਮੋਦੀ
Claim By: ਅਦਾਕਾਰ ਅਤੇ FTII ਦੇ ਸਾਬਕਾ ਚੇਅਰਮੈਨ ਗਜਿੰਦਰ ਚੌਹਾਨ
Fact Check: ਗਲਤ