
ਵਾਇਰਲ ਹੋ ਰਿਹਾ ਵੀਡੀਓ ਜਲੰਧਰ ਦਾ ਨਹੀਂ ਬਲਕਿ ਬਠਿੰਡਾ ਹਲਕੇ ਦੇ ਮੌੜ ਮੰਡੀ ਦਾ ਹੈ ਜਦੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 2 ਧਿਰਾਂ ਆਪਸ 'ਚ ਭੀੜ ਗਈਆਂ ਸਨ।
RSFC (Team Mohali)- ਕਾਂਗਰਸ ਦੇ ਸੰਸਦ ਮੇਮ੍ਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ ਸਿਆਸੀ ਪਾਰਟੀਆਂ ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਖੂਬ ਜ਼ੋਰ ਲੈ ਰਹੀਆਂ ਹਨ। ਹੁਣ ਜਲੰਧਰ ਜ਼ਿਮਨੀ ਚੋਣ ਵਿਚਕਾਰ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਦੋ ਧਿਰਾਂ ਦੇ ਗੁੱਟ ਨੂੰ ਆਪਸ 'ਚ ਝੜਪ ਕਰਦੇ ਵੇਖਿਆ ਜਾ ਸਕਦਾ ਸੀ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਜਲੰਧਰ ਦਾ ਹੈ ਜਿੱਥੇ ਆਮ ਆਦਮੀ ਪਾਰਟੀ ਵਾਲੇ ਵੋਟਾਂ ਮੰਗਣ ਲਈ ਗਏ ਸੀ ਪਰ ਲੋਕਾਂ ਨੇ ਉਨ੍ਹਾਂ ਨੂੰ ਕੁੱਟਮਾਰ ਕਰਕੇ ਭਜਾ ਦਿੱਤਾ।
ਫੇਸਬੁੱਕ ਯੂਜ਼ਰ 'Kapil Mehta' ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਜਦੋਂ ਆਮ ਆਦਮੀ ਪਾਰਟੀ ਵਾਲੇ ਵੋਟਾਂ ਮੰਗਣ ਲਈ ਮੰਗਣ ਗਾਏ ਤਾਂ ਲੋਕਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਸ਼ਿਤਰਾਂ ਨਾਲ ਅੱਗੇ ਲਾ ਕੇ ਭਜਾਏ ..ਡਲਾ ਕਿਸੇ ਪਾਸੇ ਤੋਂ ਵੀ ਆ ਸਕਦਾ ਹੈ, 'ਤੇ ਇਹ ਹੁੰਦਾ ਹੈ ਲੋਕਾਂ ਦਾ ਰਾਜ।"
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਜਲੰਧਰ ਦਾ ਨਹੀਂ ਬਲਕਿ ਬਠਿੰਡਾ ਹਲਕੇ ਦੇ ਮੌੜ ਮੰਡੀ ਦਾ ਹੈ ਜਦੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 2 ਧਿਰਾਂ ਆਪਸ 'ਚ ਭੀੜ ਗਈਆਂ ਸਨ।"
ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਪੋਸਟ ਅਤੇ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਕੁਝ ਯੂਜ਼ਰਸ ਕਮੈਂਟਾਂ ਵਿਚ ਇਸ ਵੀਡੀਓ ਨੂੰ ਮੌੜ ਮੰਡੀ ਬਠਿੰਡਾ ਦਾ ਦੱਸ ਰਹੇ ਹਨ ਅਤੇ ਜੇਕਰ ਧਿਆਨ ਦਿੱਤਾ ਜਾਵੇ ਤਾਂ ਵੀਡੀਓ 'ਚ ਵੀ ਟਰੱਕ ਓਪਰੇਟਰ ਯੂਨੀਅਨ ਮੋੜ ਮੰਡੀ ਲਿਖਿਆ ਨਜ਼ਰ ਆ ਰਿਹਾ ਹੈ।
ਹੁਣ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ। ਸਾਨੂੰ 'World Punjab TV' ਦੇ ਯੂਟਿਊਬ ਚੈਨਲ 'ਤੇ 5 ਅਪ੍ਰੈਲ 2023 ਨੂੰ ਅਪਲੋਡ ਇੱਕ ਵੀਡੀਓ ਮਿਲਿਆ। ਵੀਡੀਓ ਨਾਲ ਦਿੱਤੀ ਜਾਣਕਾਰੀ ਮੁਤਾਬਿਕ, ਮੌੜ ਮੰਡੀ ਵਿਖੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁਟਾਂ ਵਿਚ ਝੜਪ ਹੋ ਗਈ ਸੀ। ਇਸ ਵੀਡੀਓ ਵਿਚ ਵਾਇਰਲ ਵੀਡੀਓ ਦੇ ਅੰਸ਼ਾਂ ਨੂੰ ਦੋ ਮਿੰਟ ਤੋਂ ਦੇਖਿਆ ਜਾ ਸਕਦਾ ਹੈ।
WP TV
ਹੋਰ ਸਰਚ ਕਰਨ 'ਤੇ ਸਾਨੂੰ ਇਸ ਮਾਮਲੇ ਨੂੰ ਲੈ ਕੇ ਪੰਜਾਬ ਕੇਸਰੀ ਅਤੇ ETV ਭਾਰਤ ਦੀ ਅਧਿਕਾਰਿਕ ਨਿਊਜ਼ ਰਿਪੋਰਟਾਂ ਮਿਲੀਆਂ। ਇਨ੍ਹਾਂ ਰਿਪੋਰਟਾਂ ਨੂੰ ਇਥੇ ਅਤੇ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਕੀ ਸੀ ਮਾਮਲਾ?
ETV ਭਾਰਤ ਦੀ ਰਿਪੋਰਟ ਮੁਤਾਬਕ "ਬਠਿੰਡਾ ਹਲਕਾ ਮੌੜ ਮੰਡੀ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਟਰੱਕ ਯੂਨੀਅਨ ਵਿੱਚ ਦੋ ਧਿਰਾਂ ਵੱਲੋਂ ਇਕ-ਦੂਜੇ ਉੱਪਰ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਗਏ। ਇਸ ਦੌਰਾਨ ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਸਥਿਤੀ ਨੂੰ ਸੰਭਾਲਣ ਦੀ ਬਜਾਏ ਮੌਕੇ ਉੱਤੇ ਮੌਜੂਦ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਇੱਟਾਂ-ਰੋੜਿਆਂ ਦੀ ਬਰਸਾਤ ਨੂੰ ਵੇਖਦੀ ਰਹੀ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਵਿੱਚ ਇਹ ਜ਼ਬਰਦਸਤ ਝੜਪ ਵਾਪਰਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੂੰ ਮੋੜ ਮੰਡੀ ਵਿੱਚ ਤਾਇਨਾਤ ਕਰ ਦਿੱਤਾ ਗਿਆ।
ਰਿਪੋਰਟ 'ਚ ਅੱਗੇ ਦੱਸਿਆ ਗਿਆ, "ਟਰੱਕ ਓਪਰੇਟਰਾਂ ਦਾ ਕਹਿਣਾ ਹੈ ਕਿ ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰ ਖਾਨਾ ਵੱਲੋਂ ਟਰੱਕ ਯੂਨੀਅਨ ਉੱਤੇ ਉੱਚੀ ਪਹੁੰਚ ਵਾਲੇ ਲੋਕਾਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਮੌੜ ਮੰਡੀ ਵਿੱਚ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਵਾਈ ਜਾ ਰਹੀ ਹੈ। ਟਰੱਕ ਓਪਰੇਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਢੋਆ-ਢੁਆਈ ਦਾ ਉਨ੍ਹਾਂ ਦੇ ਟਰੱਕ ਯੂਨੀਅਨ ਨੂੰ ਟੈਂਡਰ ਮਿਲਿਆ ਸੀ ਪਰ ਹਲਕਾ ਵਿਧਾਇਕ ਵੱਲੋਂ ਧੱਕੇ ਨਾਲ ਇੱਥੇ ਕਿਸੇ ਠੇਕੇਦਾਰ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਓਪਰੇਟਰ ਵਿਰੋਧ ਕਰ ਰਹੇ ਹਨ।"
ਮਤਲਬ ਸਾਫ ਸੀ ਬਠਿੰਡਾ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਜਲੰਧਰ ਚੋਣਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਜਲੰਧਰ ਦਾ ਨਹੀਂ ਬਲਕਿ ਬਠਿੰਡਾ ਹਲਕੇ ਦੇ ਮੌੜ ਮੰਡੀ ਦਾ ਹੈ ਜਦੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 2 ਧਿਰਾਂ ਆਪਸ 'ਚ ਭੀੜ ਗਈਆਂ ਸਨ।