
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਕਲਿੱਪ ਐਡੀਟਡ ਹੈ। ਰਾਹੁਲ ਗਾਂਧੀ ਨੇ ਕਿਧਰੇ ਵੀ ਇਹ ਗੱਲ ਨਹੀਂ ਕਹੀ ਕਿ ਕਿਸਾਨਾਂ ਦਾ ਕਰਜਾ ਮੁਆਫ਼ ਨਹੀਂ ਕਰਨਾ ਚਾਹੀਦਾ।
ਰੋਜ਼ਾਨ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਅਫਵਾਹਾਂ ਫੈਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੇ ਹੁਣ ਰਾਹੁਲ ਗਾਂਧੀ ਦੀ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਵਿਚ ਰਾਹੁਲ ਗਾਂਧੀ ਨੂੰ ਕਿਸਾਨਾਂ ਦੇ ਖਿਲਾਫ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਕਲਿੱਪ ਐਡੀਟਡ ਹੈ। ਰਾਹੁਲ ਗਾਂਧੀ ਨੇ ਕਿਧਰੇ ਵੀ ਇਹ ਗੱਲ ਨਹੀਂ ਕਹੀ ਕਿ ਕਿਸਾਨਾਂ ਦਾ ਕਰਜਾ ਮੁਆਫ਼ ਨਹੀਂ ਕਰਨਾ ਚਾਹੀਦਾ। ਰਾਹੁਲ ਗਾਂਧੀ ਵੱਲੋਂ ਕਿਸਾਨਾਂ ਬਾਰੇ ਦਿੱਤੇ ਗਏ ਭਾਸ਼ਣ ਵਿਚੋਂ 10 ਸੈਕਿੰਡ ਦਾ ਕਲਿੱਪ ਕੱਟ ਕੇ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਵਾਇਰਲ ਵੀਡੀਓ
ਫੇਸਬੁੱਕ ਯੂਜ਼ਰ Kïttü Thäkúr ਨੇ ਵਾਇਰਲ ਕਲਿੱਪ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''किसान का कर्ज़ा माफ नहीं करना चाहिए क्योंकि अगर कर्ज़ा माफ किया तो किसान को आदत हो जाएगी। किसान हितैषी राहुल गांधी''
ਵਾਇਰਲ ਕਲਿੱਪ ਦਾ ਅਰਕਾਇਵਰਡ ਲਿੰਕ
ਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਸਭ ਤੋਂ ਪਹਿਲਾਂ ਵਾਇਰਲ ਕਲਿੱਪ ਨੂੰ ਧਿਆਨ ਨਾਲ ਸੁਣਿਆ। ਇਸਦੇ ਵਿਚ ਰਾਹੁਲ ਗਾਂਧੀ ਕਹਿ ਰਹੇ ਹਨ, ''ਕੀ ਕਿਸਾਨ ਦਾ ਕਰਜਾ ਮਾਫ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਕਿਸਾਨ ਦਾ ਕਰਜਾ ਮਾਫ ਕਰ ਦਿੱਤਾ ਤਾਂ ਕਿਸਾਨ ਦੀ ਆਦਤ ਖਰਾਬ ਹੋ ਜਾਵੇਗੀ।''
ਇਸ ਤੋਂ ਬਾਅਦ ਅਸੀਂ ਵੀਡੀਓ ਨੂੰ ਅਧਾਰ ਬਣਾ ਕੇ ਖ਼ਬਰਾਂ ਅਤੇ ਵੀਡੀਓਜ਼ ਸਰਚ ਕਰਨੀਆਂ ਸ਼ੁਰੂ ਕੀਤੀਆਂ ਕਿ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਖਿਲਾਫ ਕੁੱਝ ਕਿਹਾ ਹੈ ਜਾਂ ਨਹੀਂ। ਸਾਨੂੰ ਆਪਣੀ ਸਰਚ ਦੌਰਾਨ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਜਿਸ ਵਿਚ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਖਿਲਾਫ਼ ਕੁੱਝ ਬੋਲਿਆ ਹੋਵੇ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਕਲਿੱਪ ਨੂੰ ਲੈ ਕੇ ਕੁੱਝ ਕੀਵਰਡ ਸਰਚ ਕੀਤੇ ਤਾਂ ਸਾਨੂੰ Indian National Congress ਦੇ ਯੂਟਿਊਬ ਪੇਜ਼ 'ਤੇ ਰਾਹੁਲ ਗਾਂਧੀ ਦਾ 2 ਸਾਲ ਪੁਰਾਣਾ ਕਿਸਾਨਾਂ ਨੂੰ ਲੈ ਕੇ ਦਿੱਤੇ ਹੋਏ ਭਾਸ਼ਣ ਦਾ ਇਕ ਵੀਡੀਓ ਮਿਲਿਆ। ਵੀਡੀਓ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ ਸੀ, ''LIVE: Congress President Rahul Gandhi addresses Kisan-Adivasi Rally at Bilaspur''
ਕੈਪਸ਼ਨ ਅਨੁਸਾਰ ਇਹ ਭਾਸ਼ਣ ਰਾਹੁਲ ਗਾਂਧੀ ਨੇ ਬਿਲਾਸਪੁਰ ਵਿਚ ਕੀਤੀ ਗਈ ਕਿਸਾਨ ਆਦਿਵਾਸੀ ਰੈਲੀ ਦੌਰਾਨ ਦਿੱਤਾ ਸੀ। ਇਸਦੇ ਵਿਚ ਰਾਹੁਲ ਗਾਂਧੀ ਕਹਿ ਰਹੇ ਨੇ, ''ਪਿਛਲੇ ਸਾਲ ਹਿੰਦੁਸਤਾਨ ਦੀ ਸਰਕਾਰ ਨੇ ਢਾਈ ਲੱਖ ਕਰੋੜ ਰੁਪਏ ਨਾਲ ਹਿੰਦੁਸਤਾਨ ਦੇ 15 ਵੱਡੇ ਉਦਯੋਗਪਤੀਆਂ ਦਾ ਕਰਜਾ ਮੁਆਫ ਕੀਤਾ ਹੈ, ਜੋ ਸਰਕਾਰ ਸਿਰਫ 15 ਲੋਕਾਂ ਲਈ ਢਾਈ ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰ ਸਕਦੀ ਹੈ ਉਹੀ ਸਰਕਾਰ ਹਿਦੁੰਸਤਾਨ ਦੇ ਕਰੋੜਾਂ ਲੋਕਾਂ ਦੇ ਲਈ ਇਕ ਵੀ ਰੁਪਇਆ ਵੀ ਕਰਜਾ ਮਾਫ ਨਹੀਂ ਕਰ ਸਕਦੀ। ਉਹਨਾਂ ਦੇ ਨੇਤਾ ਕਹਿੰਦੇ ਹਨ ਕਿ ਕਿਸਾਨਾਂ ਦਾ ਕਰਜਾ ਮਾਫ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਕਿਸਾਨਾਂ ਦਾ ਕਰਜਾ ਮਾਫ ਕੀਤਾ ਤਾਂ ਉਹਨਾਂ ਦੀ ਆਦਤ ਖਰਾਬ ਹੋ ਜਾਵੇਗੀ।''
ਰਾਹੁਲ ਗਾਂਧੀ ਵੱਲੋਂ ਦਿੱਤੇ ਇਸ ਬਿਆਨ ਨੂੰ ਤੁਸੀਂ 27.57 ਤੋਂ ਲੈ ਕੇ 28.53 ਤੱਕ ਸੁਣ ਸਕਦੇ ਹੋ।
ਦੱਸ ਦਈਏ ਕਿ ਰਾਹੁਲ ਗਾਂਧੀ ਵੱਲੋਂ ਆਪਣੇ ਭਾਸ਼ਣ ਵਿਚ ਬਿਆਨ ਦਿੱਤਾ ਗਿਆ ਸੀ ਕਿ ਸਰਕਾਰ ਜਦੋਂ ਆਪਣੇ ਕਰੀਬੀਆਂ ਦੇ ਕਰਜ਼ੇ ਮੁਆਫ ਕਰਦੀ ਹੈ ਤਾਂ ਲੱਖਾਂ ਦੇ ਕਰਜ਼ੇ ਮੁਆਫ ਕੀਤੇ ਜਾਂਦੇ ਨੇ ਪਰ ਜਦੋਂ ਕਿਸਾਨਾਂ ਦੀ ਗੱਲ ਆਉਂਦੀ ਹੈ ਤਾਂ ਕਿਸਾਨਾਂ ਦੀ ਆਦਤ ਖਰਾਬ ਹੋਣ ਦਾ ਬਹਾਨਾ ਬਣਾਇਆ ਜਾਂਦਾ ਹੈ। ਰਾਹੁਲ ਗਾਂਧੀ ਦੇ ਇਸੇ ਬਿਆਨ ਨੂੰ ਵਾਇਰਲ ਕਲਿੱਪ ਵਿਚ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਕਲਿੱਪ ਐਡੀਟਡ ਪਾਇਆ ਹੈ। ਰਾਹੁਲ ਗਾਂਧੀ ਨੇ ਆਪਣੇ ਇਕ ਭਾਸ਼ਣ ਵਿਚ ਸਰਕਾਰ ਵੱਲੋਂ ਕਿਸਾਨਾਂ ਦਾ ਕਰਜਾ ਮੁਆਫ ਕਰਨ ਵੇਲੇ ਜੋ ਬਹਾਨੇ ਬਣਾਏ ਜਾਂਦੇ ਹਨ ਉਸ ਬਾਰੇ ਦੱਸਿਆ ਸੀ ਤੇ ਰਾਹੁਲ ਗਾਂਧੀ ਦੇ ਇਸੇ ਬਿਆਨ ਨੂੰ ਤੋੜ ਮਰੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
Claim - ਰਾਹੁਲ ਗਾਂਧੀ ਕਿਸਾਨ ਹਿਤੈਸ਼ੀ ਹਨ
Claimed By - ਫੇਸਬੁੱਕ ਯੂਜ਼ਰ Kïttü Thäkúr
fact Check - ਫਰਜ਼ੀ