
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਵੀਡੀਓ 'ਚ ਨਜ਼ਰ ਆ ਰਹੀ ਔਰਤ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ।
RSFC (ਟੀਮ ਮੋਹਾਲੀ) - ਮੀਡੀਆ ਹਾਊਸ ਸੁਦਰਸ਼ਨ ਨਿਊਜ਼ ਨੇ ਇੱਕ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਹੈ। ਵੀਡੀਓ 'ਚ ਇਕ ਔਰਤ ਨੂੰ ਚੌਰਾਹੇ 'ਤੇ ਹਿੰਦੂ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਦਾ ਅਪਮਾਨ ਕਰਦੇ ਦੇਖਿਆ ਜਾ ਸਕਦਾ ਹੈ। ਹੁਣ ਮੀਡੀਆ ਹਾਊਸ ਨੇ ਦਾਅਵਾ ਕੀਤਾ ਹੈ ਕਿ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਦਾ ਅਪਮਾਨ ਕਰਦੀ ਨਜ਼ਰ ਆ ਰਹੀ ਇਹ ਔਰਤ ਮੁਸਲਿਮ ਭਾਈਚਾਰੇ ਦੀ ਹੈ ਅਤੇ ਇਸ ਔਰਤ ਨੇ ਜਨਤਕ ਤੌਰ 'ਤੇ ਭਗਵਾਨ ਸ਼੍ਰੀ ਰਾਮ ਪ੍ਰਤੀ ਆਪਣੀ ਨਫਰਤ ਦਾ ਪ੍ਰਗਟਾਵਾ ਕੀਤਾ ਹੈ। ਲੋਕਾਂ ਨੇ ਫਿਰ ਇਸ ਵੀਡੀਓ ਨੂੰ ਧਾਰਮਿਕ ਨਫ਼ਰਤ ਦੱਸਕੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ।
ਵੀਡੀਓ ਸ਼ੇਅਰ ਕਰਦੇ ਹੋਏ ਮੀਡੀਆ ਹਾਊਸ ਨੇ ਲਿਖਿਆ, "ਇੰਨਾ ਜ਼ਹਿਰ ਕਿੱਥੋਂ ਭਰਿਆ ਜਾ ਰਿਹਾ ਹੈ? ਬੁਰਕਾ ਪਾਏ ਔਰਤ ਭਗਵਾਨ ਸ਼੍ਰੀ ਰਾਮ ਨੂੰ ਇੰਨੀ ਨਫਰਤ ਕਿਉਂ ਕਰਦੀ ਹੈ? ਉਸਨੇ ਆਪਣੀ ਸਕੂਟੀ ਸੜਕ 'ਤੇ ਖੜ੍ਹੀ ਕੀਤੀ ਅਤੇ ਫਿਰ ਭਗਵਾਨ ਸ਼੍ਰੀ ਰਾਮ ਦੀ ਤਸਵੀਰ 'ਤੇ ਆਂਡੇ ਸੁੱਟੇ। ਘਟਨਾ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਦੀ ਹੈ।"
कहां से भरा जा रहा है इतना जहर?
— Sudarshan News (@SudarshanNewsTV) May 20, 2023
बुर्काधारी महिला को प्रभु श्रीराम से इतनी नफरत क्यों?
सड़क पर स्कूटी खड़ी की और फिर प्रभु श्रीराम की तस्वीर पर अंडे फेंके
महाराष्ट्र के छत्रपति संभाजीनगर की है घटना pic.twitter.com/gVngRA64LZ
ਇਸੇ ਤਰ੍ਹਾਂ ਮੀਡੀਆ ਹਾਊਸ ਦੇ ਪੱਤਰਕਾਰ ਸਾਗਰ ਕੁਮਾਰ ਨੇ ਵੀ ਆਪਣੇ ਟਵਿੱਟਰ ਅਕਾਊਂਟ ਤੋਂ ਵੀਡੀਓ ਸ਼ੇਅਰ ਕੀਤੀ ਅਤੇ ਬਾਅਦ ਵਿੱਚ ਡਿਲੀਟ ਕਰ ਦਿੱਤੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਵੀਡੀਓ 'ਚ ਨਜ਼ਰ ਆ ਰਹੀ ਔਰਤ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ। ਪੁਲਿਸ ਦੇ ਬਿਆਨ ਅਨੁਸਾਰ ਇਹ ਔਰਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਅਤੇ ਇਸ ਹਰਕਤ ਪ੍ਰਤੀ ਔਰਤ ਦਾ ਕੋਈ ਗਲਤ ਇਰਾਦਾ ਨਹੀਂ ਸੀ। ਵਾਇਰਲ ਦਾਅਵੇ ਦਾ ਖੰਡਨ ਕਰਦਿਆਂ, ਪੁਲਿਸ ਨੇ ਲੋਕਾਂ ਨੂੰ ਨਫਰਤੀ ਪੋਸਟ ਸਾਂਝੇ ਕਰਨ ਤੋਂ ਬਚਣ ਲਈ ਕਿਹਾ ਹੈ।
ਸਪੋਕਸਮੈਨ ਦੀ ਪੜਤਾਲ
ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਵੀਡੀਓ ਬਾਰੇ ਦੱਸੀ ਗਈ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਖਬਰਾਂ ਦੀ ਖੋਜ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਸਾਨੂੰ ਇਸ ਮਾਮਲੇ ਨੂੰ ਲੈ ਕੇ "ਸੀਪੀ ਛਤਰਪਤੀ ਸੰਭਾਜੀਨਗਰ ਪੁਲਿਸ" ਦੇ ਟਵਿੱਟਰ ਹੈਂਡਲ 'ਤੇ ਇੱਕ ਪ੍ਰੈਸ ਰਿਲੀਜ਼ ਦੇ ਨਾਲ ਇੱਕ ਵੀਡੀਓ ਬਾਈਟ ਮਿਲੀ। ਰਿਲੀਜ਼ ਅਤੇ ਵੀਡੀਓ ਮਰਾਠੀ ਭਾਸ਼ਾ ਵਿਚ ਸਨ, ਇਸ ਲਈ ਅਸੀਂ ਇਸ ਮਾਮਲੇ ਬਾਰੇ ਮਰਾਠੀ ਭਾਸ਼ਾ ਦੀ ਅਨੁਵਾਦਕ ਪਾਇਲ ਨਾਲ ਗੱਲ ਕੀਤੀ।
— CP Chhatrapati Sambhajinagar Police (@CSNCityPolice) May 20, 2023
— CP Chhatrapati Sambhajinagar Police (@CSNCityPolice) May 20, 2023
ਪਾਇਲ ਨੇ ਇਸ ਮਾਮਲੇ ਸਬੰਧੀ ਜਾਰੀ ਬਿਆਨ ਨੂੰ ਪੜ੍ਹਿਆ ਅਤੇ ਸਾਨੂੰ ਦੱਸਿਆ ਕਿ ਪੁਲਿਸ ਦੇ ਬਿਆਨ ਅਨੁਸਾਰ ਵਾਇਰਲ ਵੀਡੀਓ ਅਤੇ ਤਸਵੀਰ ਵਿੱਚ ਨਜ਼ਰ ਆ ਰਹੀ ਔਰਤ ਉਸੇ ਭਾਈਚਾਰੇ ਨਾਲ ਸਬੰਧਤ ਹੈ, ਭਾਵ ਇਹ ਔਰਤ ਹਿੰਦੂ ਸਮਾਜ ਦੀ ਹੈ। ਇਹ ਔਰਤ ਮਾਨਸਿਕ ਰੂਪ ਤੋਂ ਕਮਜ਼ੋਰ ਡਿਪ੍ਰੈਸ਼ਨ ਦੀ ਸ਼ਿਕਾਰ ਹੈ, ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਵੀਡੀਓ 'ਚ ਨਜ਼ਰ ਆ ਰਹੀ ਔਰਤ ਦੀ ਇਸ ਘਟਨਾ ਪਿੱਛੇ ਕੋਈ ਗਲਤ ਮੰਸ਼ਾ ਨਹੀਂ ਸੀ। ਜਾਰੀ ਜਾਣਕਾਰੀ ਮੁਤਾਬਕ ਔਰਤ ਦਾ ਨਾਂ ਸ਼ੈਲਜਾ ਉਦਾਵਤ ਉਰਫ ਸ਼ਿਲਪਾ ਗਰੁੜ ਹੈ।
ਇਸ ਮਾਮਲੇ ਸਬੰਧੀ ਪਾਇਲ ਨੇ ਦੱਸਿਆ ਕਿ ਕਮਿਸ਼ਨਰ ਮਨੋਜ ਲੋਹੀਆ ਨੇ ਆਮ ਲੋਕਾਂ ਨੂੰ ਗਲਤ ਇਰਾਦੇ ਨਾਲ ਇਸ ਵੀਡੀਓ ਨੂੰ ਵਾਇਰਲ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਅਤੇ ਉਨ੍ਹਾਂ ਵਾਇਰਲ ਫਿਰਕੂ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਇਹ ਸਪੱਸ਼ਟ ਸੀ ਕਿ ਵਾਇਰਲ ਦਾਅਵਾ ਫਰਜ਼ੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਵੀਡੀਓ 'ਚ ਨਜ਼ਰ ਆ ਰਹੀ ਔਰਤ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ। ਪੁਲਿਸ ਦੇ ਬਿਆਨ ਅਨੁਸਾਰ ਇਹ ਔਰਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਅਤੇ ਇਸ ਹਰਕਤ ਪ੍ਰਤੀ ਔਰਤ ਦਾ ਕੋਈ ਗਲਤ ਇਰਾਦਾ ਨਹੀਂ ਸੀ। ਵਾਇਰਲ ਦਾਅਵੇ ਦਾ ਖੰਡਨ ਕਰਦਿਆਂ, ਪੁਲਿਸ ਨੇ ਲੋਕਾਂ ਨੂੰ ਨਫਰਤੀ ਪੋਸਟ ਸਾਂਝੇ ਕਰਨ ਤੋਂ ਬਚਣ ਲਈ ਕਿਹਾ ਹੈ।