
ਅਸੀਂ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਬੰਗਾਲ ਦਾ ਨਹੀਂ ਤੇਲੰਗਾਨਾ ਦਾ ਹੈ।
ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਸੋਸ਼ਲ ਮੀਡੀਆ 'ਤੇ ਭਾਜਪਾ ਵਰਕਰਾਂ ਵੱਲੋਂ ਇਕ ਘਰ ਉੱਤੇ ਕੀਤੇ ਗਏ ਹਮਲੇ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਲੀਡਰ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ ਪਰ ਉਹ ਇਹ ਨਹੀਂ ਦੇਖ ਰਹੇ ਕਿ ਉਹਨਾਂ ਦੇ ਵਰਕਰ ਬੰਗਾਲ ਵਿਚ ਕੀ ਕਰ ਰਹੇ ਹਨ। ਵੀਡੀਓ ਰਾਹੀਂ ਭਾਜਪਾ ’ਤੇ ਸਵਾਲ ਚੁੱਕੇ ਜਾ ਰਹੇ ਹਨ।
ਅਸੀਂ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਬੰਗਾਲ ਦਾ ਨਹੀਂ ਤੇਲੰਗਾਨਾ ਦਾ ਹੈ। ਵਾਇਰਲ ਵੀਡੀਓ ਤੇਲੰਗਾਨਾ ਦੇ ਵਾਰੰਗਲ ਦਾ ਹੈ, ਜਿਥੇ TRS MLA ’ਤੇ ਭਾਜਪਾ ਵਰਕਰਾਂ ਵੱਲੋਂ ਹਮਲਾ ਕੀਤਾ ਗਿਆ ਸੀ।
ਵਾਇਰਲ ਦਾਅਵਾ ਕੀ ਹੈ?
ਫੇਸਬੁੱਕ ਯੂਜ਼ਰ Sahil Karanwal ਨੇ 12 ਫਰਵਰੀ ਨੂੰ ਭਾਜਪਾ ਵਰਕਰਾਂ ਵੱਲੋਂ ਕੀਤੀ ਭੰਨਤੋੜ ਦਾ ਵੀਡੀਓ ਵਾਇਰਲ ਕਰਦੇ ਹੋਏ ਕੈਪਸ਼ਨ ਲਿਖਿਆ, "अगर किसान दिल्ली में दंगा फैला रहे है, तो क्या भाजपा बंगाल में शांति की स्थापना करने पर लगी हुई है ????????"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
Photo
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ਵਿਚ ਭਾਜਪਾ ਵਰਕਰ ਇਕ ਘਰ ਉੱਤੇ ਹਮਲਾ ਕਰ ਰਹੇ ਹਨ ਅਤੇ ਵੀਡੀਓ ਵਿਚ ਇਕ ਪੁਲਿਸ ਦੀ ਗੱਡੀ ਵੀ ਦਿਖਾਈ ਦੇ ਰਹੀ ਹੈ।
ਪੜਤਾਲ ਅੱਗੇ ਵਧਾਉਂਦੇ ਹੋਏ ਅਸੀਂ ਸਬੰਧਤ ਕੀਵਰਡ ਨਾਲ ਵੀਡੀਓ ਸਬੰਧੀ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। "bjp workers attacking a house" ਕੀਵਰਡ ਨਾਲ ਸਰਚ ਕਰਨ 'ਤੇ ਸਾਨੂੰ The News Minute ਦੀ ਇਕ ਖ਼ਬਰ ਮਿਲੀ। ਖ਼ਬਰ ਵਿਚ ਵਾਇਰਲ ਵੀਡੀਓ ਵਿਚੋਂ ਲਈਆਂ ਗਈਆਂ ਦੋ ਫੋਟੋਆਂ ਵੀ ਪਬਲਿਸ਼ ਕੀਤੀਆਂ ਗਈਆਂ। ਇਹ ਖ਼ਬਰ 1 ਫਰਵਰੀ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਅਤੇ ਖ਼ਬਰ ਦੀ ਹੈੱਡਲਾਇਨ , "BJP workers attack TRS MLA’s house over remarks on Ram temple"
ਖ਼ਬਰ ਅਨੁਸਾਰ, " ਹਨਮਕੋਂਡਾ ਵਿਚ TRS MLA ਚਲਲਾ ਧਰਮ ਰੈਡੀ ਦੇ ਘਰ ਦੇ ਬਾਹਰ ਕਈ ਭਾਜਪਾ ਵਰਕਰਾਂ ਨੇ ਆ ਕੇ ਹੰਗਾਮਾ ਕੀਤਾ। ਉਹਨਾਂ ਨੇ ਘਰ ਸਾਹਮਣੇ ਨਾਅਰੇਬਾਜ਼ੀ ਕੀਤੀ, ਪਥਰਾਅ ਕੀਤਾ, ਅੰਡੇ ਅਤੇ ਕੁਰਸੀਆਂ ਸੁੱਟੀਆਂ। ਭਾਜਪਾ ਵਰਕਰਾਂ ਨੇ ਦੋਸ਼ ਲਾਇਆ ਕਿ ਵਿਧਾਇਕ ਨੇ ਰਾਮ ਮੰਦਰ ਦੇ ਨਿਰਮਾਣ ਲਈ ਚੱਲ ਰਹੇ ਦਾਨ ਕਾਰਜ ‘ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਹਮਲਾ ਕਰਨ ਦੇ ਦੋਸ਼ ਵਿਚ ਐਤਵਾਰ ਨੂੰ ਕੁਲ 53 ਭਾਜਪਾ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ।
ਇਸ ਹਮਲੇ ਵਿਚ ਵਾਰੰਗਲ ਸ਼ਹਿਰੀ ਅਤੇ ਵਾਰੰਗਲ ਦਿਹਾਤੀ ਜ਼ਿਲ੍ਹਿਆਂ ਦੇ ਭਾਜਪਾ ਆਗੂ ਅਤੇ ਕਾਰਕੁੰਨ ਕਥਿਤ ਤੌਰ 'ਤੇ ਸ਼ਾਮਲ ਸਨ। ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਹਮਲਾਵਰਾਂ ਨੂੰ ਕਾਬੂ ਕਰ ਲਿਆ। ਸਹਾਇਕ ਕਮਿਸ਼ਨਰ ਪੁਲਿਸ ਜਤਿੰਦਰ ਰੈਡੀ ਨੇ ਕਿਹਾ ਕਿ ਸਥਿਤੀ ਨੂੰ ਤੁਰੰਤ ਕਾਬੂ ਹੇਠ ਕਰ ਦਿੱਤਾ ਗਿਆ ਸੀ।"
ਹੁਣ ਅਸੀਂ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਸਬੰਧੀ The Lallantop ਦੀ ਖ਼ਬਰ ਮਿਲੀ। ਇਸ ਖ਼ਬਰ ਤੋਂ ਵੀ ਪੁਸ਼ਟੀ ਹੋਈ ਕਿ ਮਾਮਲਾ ਤੇਲੰਗਾਨਾ ਦੇ ਵਾਰੰਗਲ ਦਾ ਹੈ, ਬੰਗਾਲ ਦਾ ਨਹੀਂ। ਇਸ ਖ਼ਬਰ ਵਿਚ ਵਾਇਰਲ ਵੀਡੀਓ ਦੇ ਸਕ੍ਰੀਨਸ਼ਾਟ ਦੀ ਵਰਤੋਂ ਕੀਤੀ ਗਈ ਹੈ ਅਤੇ ਖ਼ਬਰ ਵਿਚ ਵਾਇਰਲ ਵੀਡੀਓ ਨੂੰ ਲੈ ਕੇ ਟਵੀਟ ਵੀ ਸੀ। ਖ਼ਬਰ ਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ ਹੈ। ਜਿਸ ਵੀਡੀਓ ਨੂੰ ਬੰਗਾਲ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ, ਵੀਡੀਓ ਅਸਲ ਵਿਚ ਤੇਲੰਗਾਨਾ ਦੇ ਵਾਰੰਗਲ ਦਾ ਹੈ ਜਿਥੇ TRS MLA 'ਤੇ ਭਾਜਪਾ ਵਰਕਰਾਂ ਵੱਲ਼ੋਂ ਹਮਲਾ ਕੀਤਾ ਗਿਆ ਸੀ।
Claim: ਭਾਜਪਾ ਵਰਕਰਾਂ ਨੇ ਬੰਗਾਲ ਵਿਚ ਕੀਤੀ ਭੰਨਤੋੜ
Claim By: ਫੇਸਬੁੱਕ ਯੂਜ਼ਰ Sahil Karanwal
Fact Check: ਫਰਜੀ