
ਸਾਡੇ ਨਾਲ ਗੱਲ ਕਰਦਿਆਂ ਸ਼ਾਮਾ ਢਾਬੇ ਦੇ ਮਾਲਕ ਸ਼ੁਵਾਨ ਅਲੀ ਨੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਸਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।
RSFC (Team Mohali)- ਬੀਤੇ ਦਿਨਾਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਜਿਸਦੇ ਵਿਚ ਕੁਝ ਲੋਕਾਂ ਨੂੰ ਇੱਕ ਢਾਬੇ 'ਤੇ ਜਾ ਕੇ ਹੰਗਾਮਾ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਦਿੱਸ ਰਹੇ ਲੋਕ ਦਾਅਵਾ ਕਰ ਰਹੇ ਹਨ ਕਿ ਢਾਬਾ ਗਟਰ ਦੇ ਗੰਦੇ ਪਾਣੀ ਨਾਲ ਖਾਣਾ ਬਣਾਉਂਦੇ ਹਨ। ਹੁਣ ਯੂਜ਼ਰਸ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕਰ ਰਹੇ ਹਨ ਕਿ ਸ਼ਾਮਾ ਬਿਰਯਾਨੀ ਢਾਬੇ ਵਾਲੇ ਗੰਦੇ ਪਾਣੀ ਨਾਲ ਬਰਤਨ ਸਾਫ ਕਰਦੇ ਤੇ ਨਾਲ ਹੀ ਓਸੇ ਪਾਣੀ ਨਾਲ ਬਿਰਯਾਨੀ ਬਣਾਉਂਦੇ ਫੜ੍ਹੇ ਗਏ ਹਨ।
ਫੇਸਬੁੱਕ ਪੇਜ Indoz TV ਨੇ 18 ਅਗਸਤ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਖਾ ਲਓ ਬਿਰਿਆਨੀ! ਗਟਰ ਦੇ ਪਾਣੀ ਨਾਲ ਬਣਾ ਰਿਹਾ ਸੀ ਢਾਬੇ 'ਤੇ ਪਕਵਾਨ! ਮੁੰਡਿਆਂ ਨੇ ਵੀਡੀਓ ਬਣਾ ਕਰ ਦਿੱਤੀ ਵਾਇਰਲ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਸਾਡੇ ਨਾਲ ਗੱਲ ਕਰਦਿਆਂ ਸ਼ਾਮਾ ਢਾਬੇ ਦੇ ਮਾਲਕ ਸ਼ੁਵਾਨ ਅਲੀ ਨੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਸਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਪਹਿਲਾਂ ਇਸ ਢਾਬੇ ਬਾਰੇ ਜਾਣਕਾਰੀ ਸਰਚ ਕਰਨੀ ਸ਼ੁਰੂ ਕੀਤੀ। ਦੱਸ ਦਈਏ ਕਿ ਕਈ ਸਾਰੇ ਵਾਇਰਲ ਪੋਸਟ ਖੰਗਾਲਣ 'ਤੇ ਸਾਨੂੰ ਪਤਾ ਚਲਿਆ ਕਿ ਇਹ ਢਾਬਾ ਪਿੰਜੌਰ-ਕਾਲਕਾ ਹਾਈਵੇ 'ਤੇ ਸਥਿਤ ਹੈ।
ਅਸੀਂ ਅੱਗੇ ਵਧਦਿਆਂ ਇਸ ਢਾਬੇ ਦੇ ਮਾਲਕ ਨਾਲ ਗੱਲ ਕੀਤੀ। ਸਾਡੇ ਨਾਲ ਗੱਲ ਕਰਦਿਆਂ ਸ਼ਾਮਾ ਬਿਰਯਾਨੀ ਢਾਬਾ ਦੇ ਮਾਲਿਕ ਸ਼ੁਵਾਨ ਅਲੀ ਨੇ ਗੱਲ ਕਰਦਿਆਂ ਕਿਹਾ, "ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਅਸੀਂ ਸਿਰਫ ਗੰਦਾ ਪਾਣੀ ਪਾਈਪ ਜ਼ਰੀਏ ਬਾਹਰ ਸੁੱਟ ਰਹੇ ਸੀ ਨਾ ਕਿ ਗੰਦੇ ਪਾਣੀ ਨਾਲ ਕੋਈ ਪਕਵਾਨ ਬਣਾ ਰਹੇ ਹਨ।"
ਸਾਡੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਇਹ ਮਾਮਲਾ 14 ਅਗਸਤ ਦਾ ਹੈ ਜਦੋਂ ਰਾਤ ਦੇ ਸਮੇਂ ਮੇਰੇ ਵਰਕਰ ਪਾਈਪ ਜਰੀਏ ਗੰਦਾ ਪਾਣੀ ਬਾਹਰ ਸੁੱਟ ਰਹੇ ਸੀ। 14 ਅਗਸਤ ਨੂੰ ਗੰਦੇ ਪਾਣੀ ਦਾ ਟੈਂਕਰ ਆਇਆ ਨਹੀਂ ਸੀ ਇਸੇ ਕਰਕੇ ਵਰਕਰਾਂ ਨੇ ਗੰਦਾ ਪਾਣੀ ਪਾਈਪ ਨਾਲ ਬਾਹਰ ਸੁੱਟਣ ਦਾ ਫੈਸਲਾ ਕੀਤਾ ਸੀ। ਇਸੇ ਦੌਰਾਨ ਕੁਝ ਲੋਕ ਮੇਰੀ ਦੁਕਾਨ ਅੰਦਰ ਆਏ ਤੇ ਉਨ੍ਹਾਂ ਨੇ ਸਾਡੇ ਵਰਕਰਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ ਤੇ ਵੀਡੀਓ ਬਣਾ ਕੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਗੰਦੇ ਪਾਣੀ ਨਾਲ ਪਕਵਾਨ ਬਣਾ ਰਹੇ ਸੀ। ਇਹ ਦਾਅਵਾ ਬਿਲਕੁਲ ਫਰਜ਼ੀ ਹੈ।"
"ਬਜਰੰਗ ਦਲ ਦੇ ਲੋਕ ਆਏ ਸਨ"
ਸਾਡੇ ਨਾਲ ਗੱਲ ਕਰਦਿਆਂ ਸ਼ੁਵਾਨ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਥਾਣੇ ਗਏ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਵੀਡੀਓ ਬਣਾਉਣ ਵਾਲੇ ਲੋਕ ਬਜਰੰਗ ਦਲ ਦੇ ਮੇਂਬਰ ਸਨ। ਉਨ੍ਹਾਂ ਕਿਹਾ, "ਪੁਲਿਸ ਥਾਣੇ ਪਹੁੰਚਣ 'ਤੇ ਸਾਨੂੰ ਪਤਾ ਚੱਲਿਆ ਕਿ ਵੀਡੀਓ ਬਣਾਉਣ ਵਾਲੇ ਲੋਕ ਬਜਰੰਗ ਦਲ ਦੇ ਮੇਂਬਰ ਸਨ ਤੇ ਪੁਲਿਸ ਨੇ ਓਥੇ ਸਾਡੇ ਵਿਚਕਾਰ ਸਮਝੌਤਾ ਕਰਵਾਇਆ ਸੀ।"
ਅੰਤ ਵਿਚ ਸ਼ੁਵਾਨ ਨੇ ਸਾਡੇ ਨਾਲ ਗੱਲ ਕਰਦਿਆਂ ਸਾਫ ਕੀਤਾ ਕਿ ਵੀਡੀਓ ਵਾਇਰਲ ਹੋਣ ਦੇ ਬਾਅਦ ਡਾਕਟਰਾਂ ਦੀ ਟੀਮ ਵੀ ਉਨ੍ਹਾਂ ਦੇ ਢਾਬੇ 'ਤੇ ਆਈ ਸੀ ਤੇ ਉਨ੍ਹਾਂ ਨੇ ਸਭ ਕੁੱਝ ਬਿਲਕੁਲ ਸਾਫ ਤੇ ਸੁਥਰਾ ਪਾਇਆ ਸੀ।
ਦੱਸ ਦਈਏ ਕਿ ਸਾਨੂੰ ਮਾਮਲੇ ਨਾਲ ਜੁੜੀਆਂ ਕਈ ਰਿਪੋਰਟਾਂ ਵੀ ਮਿਲੀਆਂ ਜਿਨ੍ਹਾਂ ਵਿਚ ਮਾਮਲੇ ਨੂੰ ਲੈ ਕੇ ਪੁਲਿਸ ਦਾ ਬਿਆਨ ਸ਼ਾਮਲ ਸੀ। ਮੀਡੀਆ ਅਦਾਰੇ Boom Live ਨਾਲ ਗੱਲ ਕਰਦਿਆਂ SHO ਪਿੰਜੋਰ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਸਾਡੇ ਨਾਲ ਗੱਲ ਕਰਦਿਆਂ ਸ਼ਾਮਾ ਢਾਬੇ ਦੇ ਮਾਲਕ ਸ਼ੁਵਾਨ ਅਲੀ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ। ਅਸਲ ਮਾਮਲਾ ਗੰਦੇ ਪਾਣੀ ਨੂੰ ਪਾਈਪ ਰਾਹੀਂ ਬਾਹਰ ਸੁੱਟਣ ਦਾ ਸੀ ਜਿਸਨੂੰ ਬਜਰੰਗ ਦਲ ਦੇ ਲੋਕਾਂ ਨੇ ਗਲਤ ਦਾਅਵੇ ਨਾਲ ਵੀਡੀਓ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਸੀ।