
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- BJP ਦੇ ਸੰਸਦ ਮੈਂਬਰ ਅਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦੇਸ਼ ਦੇ ਦਿੱਗਜ ਪਹਿਲਵਾਨ ਵਿਰੋਧ ਕਰ ਰਹੇ ਹਨ। ਸਿੰਘ ‘ਤੇ ਯੌਨ ਸੋਸ਼ਣ ਅਤੇ ਖਿਡਾਰੀਆਂ ਨਾਲ ਛੇੜਖਾਨੀ ਦੇ ਦੋਸ਼ ਲੱਗੇ ਹਨ। ਇਸ ਕਾਰਨ ਦੇਸ਼ ਦੇ ਦਿੱਗਜ ਖਿਡਾਰੀ ਪਿਛਲੇ ਦਿਨੀਂ ਦਿੱਲੀ ਦੇ ਜੰਤਰ-ਮੰਤਰ ‘ਚ ਪ੍ਰਦਰਸ਼ਨ ਕਰ ਰਹੇ ਹਨ। ਹੁਣ ਇਸੇ ਵਿਚਕਾਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਨ੍ਹਾਂ ਨੂੰ ਇੱਕ ਪਹਿਲਵਾਨ ਨੂੰ ਥੱਪੜ ਮਾਰਦਿਆਂ ਦੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਹਾਲੀਆ ਹੈ ਜਦੋਂ ਆਗੂ ਨੇ ਸਟੇਜ ‘ਤੇ ਇਕ ਪਹਿਲਵਾਨ ਨੂੰ ਥੱਪੜ ਮਾਰ ਦਿੱਤਾ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦਾ ਹਾਲੀਆ ਵਿਰੋਧ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "CPI Dera Baba Nanak" ਨੇ 20 ਜਨਵਰੀ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਭਾਜਪਾ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ, ਜਿਨ੍ਹਾਂ 'ਤੇ ਛੇੜਖਾਨੀ ਦੇ ਦੋਸ਼ ਲੱਗੇ ਹਨ, ਭਾਜਪਾ ਲੀਡਰਸ਼ਿਪ ਨੇ ਛੋਟ ਦੇ ਦਿੱਤੀ ਹੈ। ਇਸ ਵੀਡੀਓ 'ਚ ਉਹ ਪਿਛਲੇ ਦਿਨੀਂ ਇਕ ਨੌਜਵਾਨ ਪਹਿਲਵਾਨ ਨੂੰ ਥੱਪੜ ਮਾਰਦੇ ਦੇਖਿਆ ਜਾ ਸਕਦਾ ਹੈ। ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਤੁਰੰਤ ਕਾਰਵਾਈ ਕੀਤੀ ਜਾਵੇ।"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵਾਇਰਲ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ NDTV ਦੀ ਇੱਕ ਖਬਰ ਮਿਲੀ। ਅਦਾਰੇ ਨੇ ਮਾਮਲੇ ਨੂੰ ਲੈ ਕੇ 18 ਦਿਸੰਬਰ 2021 ਨੂੰ ਖਬਰ ਪ੍ਰਕਾਸ਼ਿਤ ਕੀਤੀ ਸੀ। ਇਸ ਖਬਰ ਵਿਚ ਵਾਇਰਲ ਵੀਡੀਓ ਨਾਲ ਮੇਲ ਖਾਂਦਿਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ।
NDTV News
ਇਸ ਰਿਪੋਰਟ ਮੁਤਾਬਕ ਇਹ ਘਟਨਾ Under-15 ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਦੌਰਾਨ ਹੋਈ ਜਦੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਇਹ ਪਹਿਲਵਾਨ ਵੱਧ ਉਮਰ ਹੋਣ ਕਾਰਨ ਕੁਸ਼ਤੀ ਮੁਕਾਬਲੇ ਵਿਚ ਹਿੱਸਾ ਲੈ ਸਕਿਆ ਪਰ, ਉਹ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਅੰਡਰ-15 ਵਰਗ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਲਈ ਜ਼ੋਰ ਪਾਉਂਦਾ ਰਿਹਾ, ਜਿਸ ‘ਤੇ ਸੰਸਦ ਮੈਂਬਰ ਨੇ ਗੁੱਸੇ ਵਿਚ ਆ ਕੇ ਉਸਨੂੰ ਥੱਪੜ ਮਾਰ ਦਿੱਤਾ।
ਮਤਲਬ ਸਾਫ ਸੀ ਕਿ ਇਹ ਮਾਮਲਾ ਹਾਲੀ ਨਹੀਂ ਪੁਰਾਣਾ ਹੈ।
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਅਜੇਹੀ ਹੀ ਇੱਕ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦਾ ਹਾਲੀਆ ਵਿਰੋਧ ਨਾਲ ਕੋਈ ਸਬੰਧ ਨਹੀਂ ਹੈ।