
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਮਾਰਚ 2022 ਦਾ ਹੈ ਅਤੇ ਪੰਜਾਬ ਦਾ ਨਹੀਂ ਹੈ।
RSFC (Team Mohali)- ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਸੜਕ 'ਤੇ ਸੱਪ ਨੂੰ ਗੁਜ਼ਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਹੈ ਅਤੇ ਪੰਜਾਬ ਦਾ ਹੈ। ਦਾਅਵੇ ਅਨੁਸਾਰ ਵੀਡੀਓ ਨੂੰ ਪੰਜਾਬ ਦੇ ਅੰਮ੍ਰਿਤਸਰ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਮਾਰਚ 2022 ਦਾ ਹੈ ਅਤੇ ਪੰਜਾਬ ਦਾ ਨਹੀਂ ਹੈ। ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "ਅਸੂਲ Tv" ਨੇ 28 ਮਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਪੰਜਾਬ ਦੀ ਸੜਕ ਤੇ ਪਹਿਲੀ ਵਾਰ ਦੇਖੀਆਂ ਗਿਆ ਐਨਾ ਵੱਡਾ ਸੱਪ......ਅੰਮ੍ਰਿਤਸਰ ਦੇ ਏਰੀਏ ਦੀ ਦੱਸ ਕੇ ਸਾਂਝੀ ਕੀਤੀ ਜਾ ਰਹੀ ਹੈ ਏਹ ਵੀਡੀਓ....."
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਵੀਡੀਓ ਪੰਜਾਬ ਦਾ ਨਹੀਂ ਹੈ
ਸਾਨੂੰ ਇਹ ਵੀਡੀਓ ਕਈ ਪੁਰਾਣੇ ਮੀਡੀਆ ਰਿਪੋਰਟਾਂ 'ਚ ਮਿਲਿਆ। ਕਿਸੇ ਨੇ ਵੀਡੀਓ ਨੂੰ ਕੇਰਲ ਦਾ ਦੱਸਿਆ, ਕਿਸੇ ਨੇ ਪੱਛਮ ਬੰਗਾਲ ਦਾ, ਕਿਸੇ ਨੇ ਗੁਜਰਾਤ ਦਾ ਤੇ ਕਿਸੇ ਨੇ ਮੇਕਸਿਕੋ ਦਾ ਦੱਸਿਆ। ਸਭਤੋਂ ਪੁਰਾਣੇ ਪੋਸਟ ਸਾਨੂੰ ਮਾਰਚ 2022 ਦੇ ਮਿਲੇ।
RI Search
ਇੰਡੋਨੇਸ਼ੀਆ ਦੇ ਮੀਡੀਆ ਅਦਾਰੇ ਨੇ 13 ਮਾਰਚ 2022 ਨੂੰ ਵੀਡੀਓ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕੀਤੀ ਅਤੇ ਇਸ ਵੀਡੀਓ ਨੂੰ 9 ਮਾਰਚ 2022 ਦਾ ਦੱਸਿਆ।
ਖਬਰ ਵਿਚ ਮੀਡੀਆ ਅਦਾਰੇ ਵੱਲੋਂ 11 ਮਾਰਚ 2022 ਦਾ ਇੱਕ Instagram ਯੂਜ਼ਰ ਦਾ ਪੋਸਟ ਸਾਂਝਾ ਕੀਤਾ ਜਿਸਦੇ ਵਿਚ ਇਸ ਵੀਡੀਓ ਨੂੰ ਲੈ ਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਸੀ।
ਇੰਸਟਾਗ੍ਰਾਮ ਪੋਸਟ ਅਨੁਸਾਰ, "ਇਹ ਵੀਡੀਓ 9 ਮਾਰਚ 2022 ਨੂੰ ਕੇਡੁੰਗਡੇਮ ਜ਼ਿਲ੍ਹਾ ਅਧੀਨ ਪੈਂਦੇ ਤੁੰਬਰਾਸਾਨੋਮ ਪਿੰਡ ਨੇੜੇ ਰਿਕਾਰਡ ਕੀਤਾ ਗਿਆ ਸੀ।"
ਇਸ ਪੋਸਟ ਅਨੁਸਾਰ ਵੀਡੀਓ ਨੂੰ ਧਾਰਮਿਕ ਪਰੰਪਰਾ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਇਸੇ ਤਰ੍ਹਾਂ ETV Bharat ਦੀ 6 ਮਾਰਚ 2022 ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਹ ਵੀਡੀਓ ਕਰਨਾਟਕ ਦਾ ਦੱਸਿਆ ਗਿਆ।
ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਵੀਡੀਓ ਨੂੰ ਲੈ ਕੇ ਸਾਡੇ ਅੰਮ੍ਰਿਤਸਰ ਇੰਚਾਰਜ ਰਿਪੋਰਟਰ ਸਰਵਣ ਸਿੰਘ ਨਾਲ ਗੱਲ ਕੀਤੀ। ਸਰਵਣ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਵੀਡੀਓ ਅੰਮ੍ਰਿਤਸਰ ਦਾ ਨਹੀਂ ਹੈ ਤੇ ਨਾ ਹੀ ਅਜੇਹੀ ਕੋਈ ਘਟਨਾ ਅੰਮ੍ਰਿਤਸਰ ਵਿਖੇ ਦੇਖਣ ਨੂੰ ਆਈ ਹੈ।"
ਮਤਲਬ ਸਾਫ ਸੀ ਕਿ ਵੀਡੀਓ ਪੰਜਾਬ ਦੇ ਅੰਮ੍ਰਿਤਸਰ ਦਾ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਮਾਰਚ 2022 ਦਾ ਹੈ ਅਤੇ ਪੰਜਾਬ ਦਾ ਨਹੀਂ ਹੈ। ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Video of Snake is from Punjab's Amritsar
Claimed By- FB Page ਅਸੂਲ Tv
Fact Check- Fake
(Note- ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਮਿਤੀ ਅਤੇ ਸਥਾਨ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਅੰਮ੍ਰਿਤਸਰ ਦਾ ਨਹੀਂ ਹੈ ਅਤੇ ਇਹ ਵੀਡੀਓ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਦੇਸ਼ ਅਤੇ ਰਾਜ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਹੈ। )