
ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਪੁਲਿਸ ਕਰਮਚਾਰੀ ਦੇ ਇਸ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ 'ਤੇ ਇਕ ਪੁਲਿਸ ਕਰਮਚਾਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿਚ ਪੁਲਿਸ ਕਰਮਚਾਰੀ ਰੋਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਉਹ ਬੋਲ ਰਿਹਾ ਹੈ, "ਸਾਨੂੰ ਨਹੀਂ ਚਾਹੀਦੀ ਇਹ ਨੌਕਰੀ’। ਵੀਡੀਓ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ 'ਤੇ ਹੋਏ ਲਾਠੀਚਾਰਜ ਤੋਂ ਬਾਅਦ ਡਰੇ ਹੋਏ ਪੁਲਿਸ ਕਰਮੀ ਨੌਕਰੀ ਛੱਡਣ ਦੀਆਂ ਗੱਲਾਂ ਕਰ ਰਹੇ ਹਨ।
ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਪੁਲਿਸ ਕਰਮਚਾਰੀ ਦੇ ਇਸ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਝਾਰਖੰਡ ਦਾ ਹੈ ਜਦੋਂ ਸਤੰਬਰ 2020 ਵਿਚ ਪ੍ਰਦਰਸ਼ਨ ਕਰ ਰਹੇ ਸਹਾਇਕ ਪੁਲਿਸ ਕਰਮੀਆਂ 'ਤੇ ਝਾਰਖੰਡ ਪੁਲਿਸ ਨੇ ਲਾਠੀਚਾਰਜ ਕੀਤਾ ਸੀ।
ਵਾਇਰਲ ਦਾਅਵਾ
ਫੇਸਬੁੱਕ ਪੇਜ ਪੰਜਾਬੀ ਲੋਕ Punjabi Lok ਨੇ 28 ਜਨਵਰੀ ਨੂੰ ਵਾਇਰਲ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ, "ਸਾਨੂੰ ਨਹੀਂ ਚਾਹੀਦੀ ਇਹ ਨੌਕਰੀ ਸਾਡੇ ਕੋਲੋਂ ਕਿਸਾਨਾਂ, ਮਜ਼ਦੂਰਾਂ ਅਤੇ ਸਾਡੇ ਮਾਂ ਬਾਪ ‘ਤੇ ਲਾਠੀਚਾਰਜ ਕਰਵਾ ਦਿੱਤਾ ਏ , ਦੱਬ ਕੇ ਸ਼ੇਅਰ ਕਰੋ, ਭਗਤ ਮੰਨਦੇ ਨਹੀਂ ਹੁੰਦੇ ਪਰ ਉਹ ਵੇਖੂਬ ਜ਼ਰੂਰ"
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਸੁਣਿਆ। ਇਸ ਵੀਡੀਓ ਵਿਚ ਇਕ ਪੁਲਿਸ ਕਰਮੀ ਨੂੰ ਰੋਂਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਹ ਬੋਲ ਰਿਹਾ ਹੈ, "ਸਾਡੇ ਕੋਲੋਂ ਲਾਠੀਚਾਰਜ ਕਰਵਾਇਆ ਗਿਆ, ਸਾਨੂੰ ਨਹੀਂ ਚਾਹੀਦੀ ਇਹ ਨੌਕਰੀ"। ਇਸ ਵੀਡੀਓ 'ਤੇ ਇਕ ਨਿਊਜ਼ ਚੈਨਲ The Follow Up ਦਾ ਲੋਗੋ ਲੱਗਿਆ ਹੋਇਆ ਹੈ। ਸਰਚ ਕਰਨ 'ਤੇ ਪਤਾ ਲੱਗਿਆ ਕਿ ਇਹ ਰਾਂਚੀ ਦਾ ਨਿਊਜ਼ ਚੈਨਲ ਹੈ।
ਹੁਣ ਅਸੀਂ The Follow Up ਦੇ Youtube ਚੈਨਲ ਵੱਲ ਰੁਖ ਕੀਤਾ। ਸਾਨੂੰ ਚੈਨਲ 'ਤੇ ਇਹ ਵੀਡੀਓ 18 ਸਤੰਬਰ 2020 ਦਾ ਅਪਲੋਡ ਮਿਲਿਆ। ਹੁਣ ਸ਼ੱਕ ਇਹ ਵੀ ਉੱਠਦਾ ਹੈ ਕਿ ਕਿਸਾਨੀ ਸੰਘਰਸ਼ ਵਿਚ ਹਿੰਸਾ ਬੀਤੇ ਦਿਨੀਂ ਹੀ ਹੋਈ ਹੈ ਅਤੇ ਇਹ ਵੀਡੀਓ ਸਤੰਬਰ 2020 ਦਾ ਹੈ। ਇੱਥੇ ਅਪਲੋਡ ਇਹ ਵੀਡੀਓ 6 ਮਿੰਟ ਦਾ ਹੈ ਅਤੇ ਵਾਇਰਲ ਕਲਿਪ 30 ਸੈਕੰਡ ਦੀ। ਪੂਰਾ ਵੀਡੀਓ ਸੁਣਨ 'ਤੇ ਸਾਫ ਹੋਇਆ ਕਿ ਇਹ ਵੀਡੀਓ ਝਾਰਖੰਡ ਦਾ ਹੈ। ਇਸ ਦੌਰਾਨ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਸਹਾਇਕ ਪੁਲਿਸ ਕਰਮੀਆਂ ‘ਤੇ ਲਾਠੀਚਾਰਜ ਕੀਤਾ ਗਿਆ ਸੀ।
https://www.youtube.com/watch?v=mj67SvSCWJk&feature=emb_title
ਇਸ ਮਾਮਲੇ ਸਬੰਧੀ ਸਾਨੂੰ ਕਈ ਖਬਰਾਂ ਮਿਲੀਆਂ। ਸਾਨੂੰ ਦੈਨਿਕ ਜਾਗਰਣ ਦੀ 18 ਸਤੰਬਰ 2020 ਨੂੰ ਪ੍ਰਕਾਸ਼ਿਤ ਖ਼ਬਰ ਮਿਲੀ। ਇਸ ਖ਼ਬਰ ਦੀ ਹੈਡਲਾਇਨ ਸੀ, "Jharkhand Police & Assistant Police Clash: बैरेकेडिंग को ले आपस में भिड़े सहायक पुलिसकर्मी और पुलिस के जवान, दो दर्जन से अधिक सहायक पुलिसकर्मी घायल"
ਖ਼ਬਰ ਅਨੁਸਾਰ, "ਰਾਂਚੀ ਦੇ ਮੋਰਾਬਾਦੀ ਮੈਦਾਨ ਵਿਚ ਪੱਕੇ ਕਰਨ ਦੀ ਮੰਗ ਲਈ ਪੁਲਿਸ ਕਰਮਚਾਰੀ ਅੰਦੋਲਨ ਕਰ ਰਹੇ ਸਨ। ਮੈਦਾਨ ਦੇ ਬਾਹਰ ਕੀਤੀ ਗਈ ਬੈਰੀਕੇਡਿੰਗ ਦੇ ਚਲਦਿਆਂ ਪੁਲਿਸ ਅਤੇ ਸਹਾਇਕ ਪੁਲਿਸ ਮੁਲਾਜ਼ਮਾਂ ਵਿਚਕਾਰ ਟਕਰਾਅ ਹੋ ਗਿਆ। ਇਸ ਦੌਰਾਨ ਕਈ ਬੈਰੀਕੇਡ ਉਖਾੜ ਦਿੱਤੇ ਗਏ। ਸਥਿਤੀ ਨੂੰ ਬੇਕਾਬੂ ਹੁੰਦਿਆਂ ਵੇਖ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਦੋਵਾਂ ਪਾਸਿਓਂ ਪੱਥਰਬਾਜ਼ੀ ਵੀ ਹੋਈ। ਇਸ ਝੜਪ ਵਿਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਘਟਨਾ ਦਾ ਜਾਇਜ਼ਾ ਲੈਣ ਰਾਂਚੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀਨੀਅਰ ਪੁਲਿਸ ਕਪਤਾਨ ਸੁਰੇਂਦਰ ਝਾਅ ਵੀ ਮੌਕੇ 'ਤੇ ਪਹੁੰਚੇ ਸਨ।" ਇਸ ਖ਼ਬਰ ਸਬੰਧੀ ANI ਦਾ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।
#WATCH Jharkhand: Clash broke out between state police and protesting assistant police personnel in Ranchi, during their demonstration demanding regularisation of their jobs.
— ANI (@ANI) September 18, 2020
Police lathi-charged & fired tear gas to disperse the protestors. pic.twitter.com/uuOazB8C4S
ਨਤੀਜਾ: ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਰੋਂਦੇ ਹੋਏ ਪੁਲਿਸ ਕਰਮਚਾਰੀਆਂ ਦੀ ਇਸ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਝਾਰਖੰਡ ਦਾ ਹੈ ਜਦੋਂ ਸਤੰਬਰ 2020 ਵਿਚ ਪ੍ਰਦਰਸ਼ਨ ਕਰ ਰਹੇ ਸਹਾਇਕ ਪੁਲਿਸ ਕਰਮੀਆਂ 'ਤੇ ਝਾਰਖੰਡ ਪੁਲਿਸ ਨੇ ਲਾਠੀਚਾਰਜ ਕੀਤਾ ਸੀ।
Claim: ਕਿਸਾਨਾਂ 'ਤੇ ਹੋਏ ਲਾਠੀਚਾਰਜ ਤੋਂ ਬਾਅਦ ਰੋਂਦੇ ਹੋਏ ਪੁਲਿਸ ਕਰਮੀ
Claim By: ਪੰਜਾਬੀ ਲੋਕ Punjabi Lok
Fact Check: ਫਰਜ਼ੀ