
ਉਥੇ ਦੇਰ ਸ਼ਾਮ ਤਕ ਚੱਕਾ ਜਾਮ ਰਿਹਾ, ਜਿਸ ਕਰ ਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ
ਜ਼ੀਰਾ, 30 ਅਪ੍ਰੈਲ (ਅੰਗਰੇਜ਼ ਸਿੰਘ ਬਰਾੜ): ਨੇੜਲੇ ਪਿੰਡ ਕੱਚਰਭੰਨ ਵਿਖੇ ਕਾਸ਼ਤਕਾਰਾਂ ਦੀ ਜ਼ਮੀਨ ਹਥਿਆਉਣ ਦੇ ਚਲਦੇ ਮਾਮਲੇ 'ਚ ਨੌਜਵਾਨ ਕਿਸਾਨ ਵਲੋਂ ਕੀਤੀ ਗਈ ਖ਼ੁਦਕੁਸ਼ੀ ਨੂੰ ਲੈ ਕੇ ਪਰਵਾਰਕ ਮੈਂਬਰ ਕਿਸਾਨ ਸੰਘਰਸ਼ ਕਮੇਟੀ ਅਤੇ ਭਰਾਤਰੀ ਜਥੇਬੰਦੀਆਂ ਨੇ ਥਾਣਾ ਸਦਰ ਜ਼ੀਰਾ ਦੇ ਗੇਟ ਅੱਗੇ ਲਾਸ਼ ਰੱਖ ਕੇ ਅੱਜ ਦੂਜੇ ਦਿਨ ਵੀ ਧਰਨਾ ਲਗਾਇਆ ਗਿਆ। ਉਥੇ ਦੇਰ ਸ਼ਾਮ ਤਕ ਚੱਕਾ ਜਾਮ ਰਿਹਾ, ਜਿਸ ਕਰ ਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਅਫ਼ਸੋਸ ਕਿ ਪ੍ਰਸ਼ਾਸ਼ਨ ਉਚ ਅਧਿਕਾਰੀਆਂ ਦੇ ਇਸ ਸਬੰਧ ਵਿਚ ਕਾਰਵਾਈ ਦੇ ਹੁਕਮਾਂ ਦੀ ਉਡੀਕ 'ਚ ਹੈ।
Dead Body of Farmer
ਲਗਾਏ ਗਏ ਇਸ ਧਰਨੇ ਨੂੰ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਜਥੇ. ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਕਿਸਾਨ ਸੰਘਰਸ਼ ਕਮੇਟੀ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ, ਸਾਹਿਬ ਸਿੰਘ ਦੀਨੇ ਕੇ, ਪ੍ਰੈਸ ਸਕੱਤਰ ਸੁਖਵੰਤ ਸਿੰਘ, ਜਲੌਰ ਸਿੰਘ ਮਣਕਿਆਂ ਵਾਲੀ, ਦਿਲਬਾਗ ਸਿੰਘ, ਅੰਗਰੇਜ਼ ਸਿੰਘ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਬਲਦੇਵ ਸਿੰਘ ਜ਼ੀਰਾ, ਬਲਰਾਜ਼ ਸਿੰਘ ਫੇਰੋਕੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਰਾਜ ਸਿੰਘ ਮੱਲੋ ਕੇ, ਜੱਗਾ ਸਿੰਘ, ਗੁਰਦੇਵ ਸਿੰਘ ਮੰਗੇਖ਼ਾ, ਗੁਰਚਰਨ ਮਲਸੀਆਂ, ਅਵਤਾਰ ਸਿੰਘ ਫੇਰੋਕੇ, ਡਾ. ਪਰਮਜੀਤ ਹਰੀਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਤੇ ਪਿੰਡ ਵਾਸੀ ਹਾਜ਼ਰ ਸਨ।