Punjab News: ਭਵਿੱਖ ਵਿਚ ਕੇਂਦਰ ਸਰਕਾਰ ਵਿਰੁਧ ਤੇਜ਼ ਕੀਤਾ ਜਾਵੇਗਾ ਸੰਘਰਸ਼ : ਪੰਧੇਰ
Punjab News: ਪੰਜਾਬ ਵਿਚ ਅੱਜ ਕਿਸਾਨ ਦੋ ਘੰਟੇ ਲਈ ਰੇਲ ਟਰੈਕ ਮੁਕੰਮਲ ਤੌਰ ’ਤੇ ਜਾਮ ਕਰਨਗੇ। ਇਸ ਦਾ ਸੱਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਦਿਤਾ ਗਿਆ ਹੈ। ਇਸ ਨੂੰ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਦਾ ਸਮਰਥਨ ਵੀ ਪ੍ਰਾਪਤ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਰੇਲ ਪਟੜੀਆਂ ਉਪਰ ਧਰਨੇ ਦੇ ਕੇ ਸੂਬੇ ਵਿਚ 35 ਥਾਵਾਂ ਉਪਰ ਐਕਸ਼ਨ ਕਰ ਕੇ ਰੇਲਾਂ ਦਾ ਚੱਕ ਜਾਮ ਕਰਨਗੇ। ਇਸ ਨਾਲ ਸਾਰੇ ਮੁੱਖ ਰੇਲ ਮਾਰਗ ਜਾਮ ਹੋਣ ਨਾਲ ਰੇਲ ਆਵਾਜਾਈ ਪੰਜਾਬ ਤੋਂ ਬਾਹਰ ਦੂਰ ਦੁਰਾਡੇ ਤਕ ਪ੍ਰਭਾਵਤ ਹੋਵੇਗੀ।
ਮਿਲੀ ਜਾਣਕਾਰੀ ਮੁਤਾਬਕ ਕਿਸਾਨਾ ਦੇ ਐਕਸ਼ਨ ਨੂੰ ਦੇਖਦਿਆਂ ਰੇਲਵੇ ਵਲੋਂ ਕੁੱਝ ਰੂਟਾਂ ਉਪਰ ਰੇਲਾਂ ਦੀ ਆਵਾਜਾਈ ਰੋਕਣ ਅਤੇ ਕੁੱਝ ਥਾਵਾਂ ਉਪਰ ਬਲਦਵੇਂ ਰੂਟਾਂ ਰਾਹੀਂ ਰੇਲਾਂ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਕਿਸੇ ਵੀ ਤਰ੍ਹਾਂ ਦੇ ਨੁਕਸਾਨ ਨੂੰ ਰੋਕਣ ਲਈ ਰੇਲਵੇ ਪੁਲਿਸ ਨੂੰ ਵੀ ਸਖ਼ਤ ਹਦਾਇਤਾਂ ਦਿਤੀਆਂ ਗਈਆਂ ਹਨ।
ਪੰਜਾਬ ਪੁਲਿਸ ਵੀ ਨਾਲ ਅਮਨ ਕਾਨੂੰਨ ਬਣਾਏ ਰੱਖਣ ਲਈ ਅਲਰਟ ’ਤੇ ਰਹੇਗੀ। ਕਿਸਾਨ ਮਜ਼ਦੂਰ ਜਥੇਬੰਦੀ ਨੇ 3 ਅਕਤੂਬਰ ਸਾਢੇ ਬਾਰਵਾਂ ਵਜੇ ਤੋਂ ਢਾਈ ਵਜੇ ਤਕ ਰੇਲਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਜਥੇਬੰਦੀ ਦੇ ਪ੍ਰਮੁੱਖ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਇਹ ਐਕਸ਼ਨ ਸਰਕਾਰ ਵਲੋਂ ਐਮ.ਐਸ.ਪੀ. ਦੀ ਗਰੰਟੀ ਦੇ ਕਾਨੂੰਨ, ਕਰਜ਼ਾ ਮਾਫ਼ੀ ਵਰਗੀਆਂ ਮੰਗਾਂ ’ਤੇ ਅਪਣਾਏ ਨਾਂਹ ਪੱਖੀ ਰਵਈਏ ਅਤੇ ਲਖੀਮਪੁਰ ਖੇੜੀ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਬਚਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਰੁਧ ਦਿਤਾ ਹੈ। ਭਵਿੱਖ ਵਿਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਦਿਤੇ ਜਾ ਰਹੇ ਕਿਸਾਨਾਂ ਬਾਰੇ ਬਿਆਨਾਂ ’ਤੇ ਵੀ ਸਖ਼ਤ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਦੋ ਘੰਟੇ ਦੇ ਰੇਲ ਰੋਕੋ ਐਕਸ਼ਨ ਨਾਲ ਭਾਜਪਾ ਦੀ ਕਿਸਾਨ ਵਿਰੋਧੀ ਨੀਤੀ ਦਾ ਮੂੰਹ ਤੋੜ ਜਵਾਬ ਦਿਤਾ ਜਾਵੇਗਾ।