ਸਾਂਝੀ ਖੇਤੀ ਪ੍ਰਾਜੈਕਟ ਤਹਿਤ ਖੇਤੀ ਮਸ਼ੀਨਰੀ ਮੁਹਈਆ ਕਰਵਾਏਗੀ
ਚੰਡੀਗੜ੍ਹ (ਭੁੱਲਰ) : ਦੇਸ਼ ਵਿਦੇਸ਼ ਵਿਚ ਆਫ਼ਤਾਂ ਸਮੇਂ ਲੋਕ ਸੇਵਾ ਲਈ ਮਸ਼ਹੂਰ ਸੰਗਠਨ ਖ਼ਾਲਸਾ ਏਡ ਨੇ ਹੁਣ ਪੰਜ ਏਕੜ ਵਾਲੇ ਛੋਟੇ ਕਿਸਾਨਾਂ ਦੀ ਮਦਦ ਲਈ ਨਵੀਂ ਪਹਿਲਕਦਮੀ ਕੀਤੀ ਹੈ। ਖ਼ਾਲਸਾ ਏਡ ਵਲੋਂ ਸਾਂਝੀ ਖੇਤੀ ਪ੍ਰੋਜੈਕਟ”ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਪਹਿਲ ਦਾ ਮੂਲ ਉਦੇਸ਼ ਉਨ੍ਹਾਂ ਕਿਸਾਨਾਂ ਦੀ ਸਹਾਇਤਾ ਕਰਨਾ ਹੈ ਜਿਨ੍ਹਾਂ ਕੋਲ ਪੰਜ ਏਕੜ ਜਾਂ ਇਸ ਤੋਂ ਘੱਟ ਜ਼ਮੀਨ ਹੈ ਅਤੇ ਜੋ ਆਧੁਨਿਕ ਖੇਤੀਬਾੜੀ ਮਸ਼ੀਨਰੀ ਦੀ ਕਮੀ ਕਾਰਨ ਵਧੇਰੇ ਖ਼ਰਚ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਇਸ ਪ੍ਰੋਜੈਕਟ ਤਹਿਤ ਜਿਨ੍ਹਾਂ ਕਿਸਾਨਾਂ ਕੋਲ ਟਰੈਕਟਰ ਜਾਂ ਖੇਤੀਬਾੜੀ ਦੇ ਲੋੜੀਂਦੇ ਸਾਜੋ-ਸਮਾਨ ਜਿਵੇਂ ਹਲ, ਰੋਟਾਵੇਟਰ, ਸੀਡ ਡ੍ਰਿਲ, ਲੇਜ਼ਰ ਲੈਵਲਰ ਆਦਿ ਮੌਜੂਦ ਨਹੀਂ ਹਨ, ਉਨ੍ਹਾਂ ਨੂੰ ਇਹ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਪ੍ਰੋਜੈਕਟ ਦੇ ਇੰਚਾਰਜ ਗਗਨਦੀਪ ਸਿੰਘ ਨੇ ਦਸਿਆ ਕਿ ਟਰੈਕਟਰ ਦੇ ਨਾਲ ਤਜਰਬੇਕਾਰ ਡਰਾਈਵਰ ਦੀ ਸੇਵਾ ਵੀ ਦਿਤੀ ਜਾਵੇਗੀ, ਤਾਂ ਜੋ ਵਾਹੀ ਦਾ ਕੰਮ ਸਮੇਂ ਸਿਰ ਅਤੇ ਘੱਟ ਲਾਗਤ 'ਤੇ ਪੂਰਾ ਹੋ ਸਕੇ। ਉਨ੍ਹਾਂ ਅੱਗੇ ਦਸਿਆ ਕਿ ਇਸ ਯੋਜਨਾ ਦਾ ਮਕਸਦ ਸਿਰਫ਼ ਮਸ਼ੀਨਰੀ ਉਪਲਬਧ ਕਰਵਾਉਣਾ ਹੀ ਨਹੀਂ, ਸਗੋਂ ਕਿਸਾਨਾਂ ਨੂੰ ਆਰਥਕ ਤੌਰ 'ਤੇ ਮਜ਼ਬੂਤ ਕਰਨਾ ਅਤੇ ਖੇਤੀਬਾੜੀ ਨੂੰ ਲਾਭਕਾਰੀ ਬਣਾਉਣਾ ਵੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ 9115609013 ਹੈਲਪਲਾਈਨ ਨੰਬਰ 'ਤੇ ਸੰਪਰਕ ਕਰ ਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਖ਼ਾਲਸਾ ਏਡ ਦੇ ਪੰਜਾਬ ਨਾਲ ਜੁੜੇ ਪ੍ਰਤਿਨਿਧੀ ਜਸਪ੍ਰੀਤ ਸਿੰਘ ਦਹੀਆ, ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਦੇ ਛੋਟੇ ਕਿਸਾਨਾਂ ਲਈ ਇਕ ਮਿਸਾਲੀ ਪਹਿਲ ਹੈ ਅਤੇ ਭਵਿੱਖ ਵਿਚ ਇਸ ਦਾ ਦਾਇਰਾ ਹੋਰ ਵਧਾਇਆ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਸਹਾਇਤਾ ਤੋਂ ਲਾਭ ਪ੍ਰਾਪਤ ਕਰ ਸਕਣ।
