
ਇੰਡੋ ਕਨੇਡੀਅਨ ਸੂਰ ਫਾਰਮ ਕੋਟਲੀ ਦੀ ਕੀਤੀ ਸ਼ਲਾਘਾ
ਖੰਨਾ, 5 ਮਈ (ਲਾਲ ਸਿੰਘ ਮਾਂਗਟ) : ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਸੂਬੇ ਵਿਚ ਪਸ਼ੂ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਉਦਮੀ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੇ ਫਾਰਮਾਂ ਦਾ ਦੌਰਾ ਕੀਤਾ। ਕੋਟਲੀ ਵਿਖੇ ਸੂਰ ਫ਼ਾਰਮ ਦਾ ਦੌਰਾ ਕਰਨ ਸਮੇਂ ਸ੍ਰ. ਸਿੱਧੂ ਨੇ ਕਿਹਾ ਕਿ ਮੱਛੀ ਪਾਲਣ, ਸੂਰ ਪਾਲਣ, ਮੁਰਗੀ ਪਾਲਣ ਅਤੇ ਹੋਰ ਸਹਾਇਕ ਧੰਦਿਆਂ ਨਾਲ ਜੁੜਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਜਿਸ ਨਾਲ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਹੋਵੇਗਾ, ਉਥੇ ਰਿਵਾਇਤੀ ਖੇਤੀ ਉੱਤੇ ਉਨ੍ਹਾਂ ਦੀ ਨਿਰਭਰਤਾ ਵੀ ਘਟੇਗੀ। ਉਨ੍ਹਾਂ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣ ਲਈ ਪ੍ਰੇਰਿਤ ਕੀਤਾ।
Farmers adopt livestock occupations with agribusiness: Balbir Singh Sidhu
ਉਨ੍ਹਾਂ ਪਿੰਡ ਕੋਟਲੀ ਵਿਖੇ ਇੰਡੋ ਕਨੇਡੀਅਨ ਸੂਰ ਪਾਲਣ ਫਾਰਮ ਵਿਖੇ ਉਦਮੀ ਕਿਸਾਨ ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਵਲੋਂ ਬਣਾਏ ਸੂਰ ਫਾਰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜੁਆਨ ਇਸ ਫਾਰਮ ਦੇ ਸੰਚਾਲਕਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ। ਉਨ੍ਹਾਂ ਫਾਰਮ ਦੀ ਵਿਜਟਿਰ ਬੁੱਕ ਵਿਚ ਫ਼ਾਰਮ ਦੀ ਭਰੋਸੇਯੋਗਤਾ ਨੂੰ ਕਲਮਬਧ ਕੀਤਾ। ਉਨ੍ਹਾਂ ਫਾਰਮ ਦਾ ਦੌਰਾ ਕਰਨ ਸਮੇਂ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਤਾਂ ਜੋ ਸੂਬੇ ਅੰਦਰ ਲਾਏ ਜਾ ਰਹੇ ਮੀਟ ਪਲਾਂਟ ਵਿੱਚ ਪਸ਼ੂ ਪਾਲਕਾਂ ਦਾ ਯੋਗਦਾਨ ਲਿਆ ਜਾ ਸਕੇ। ਉਨਾਂ ਪਿੰਡ ਦਹੇੜੂ ਵਿਖੇ ਡੇਅਰੀ ਫਾਰਮ ਦਾ ਵੀ ਦੌਰਾ ਕੀਤਾ ਅਤੇ ਕਿਸਾਨਾਂ ਵਲੋਂ ਚਲਾਏ ਜਾ ਰਹੇ ਸਹਾਇਕ ਧੰਦਿਆਂ ਦੀ ਪ੍ਰਸੰਸ਼ਾ ਕੀਤੀ। ਇਸ ਮੌਕੇ ਡਾ. ਅਮਰਜੀਤ ਸਿੰਘ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਨਗਰ ਕੌਸਲ ਦੋਰਾਹਾ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ, ਭੁਪਿੰਦਰ ਸਿੰਘ, ਹਰਿੰਦਰ ਸਿੰਘ, ਸੁਖਵੰਤ ਸਿੰਘ, ਅਵਤਾਰ ਸਿੰਘ, ਨਛੱਤਰ ਸਿੰਘ, ਪੰਚ ਸਰੂਪ ਸਿੰਘ, ਘੋਲੀ ਪੰਚ, ਦਲਜਿੰਦਰ ਸਿੰਘ ਗਿੱਲ, ਧਰਮਿੰਦਰ ਸਿੰਘ ਸੰਘੇੜਾ, ਗੁਰਮੀਤ ਸਿੰਘ ਹਰਨਾਮਪੁਰਾ ਅਤੇ ਹੋਰ ਹਾਜ਼ਰ ਸਨ।