
ਕੋਲੇ ਦੀ ਕਮੀ ਕਾਰਨ 28 ਅਕਤੂਬਰ ਤੋਂ ਇਸ ਪਲਾਂਟ 'ਚ ਬਿਜਲੀ ਉਤਪਾਦਨ ਠੱਪ ਪਿਆ ਹੈ
ਮਾਨਸਾ - ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ਦੀ ਰੇਲਵੇ ਪਟੜੀ ਤੋਂ ਧਰਨਾ ਚੁੱਕਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜਥੇਬੰਦੀ ਵਲੋਂ 23 ਅਕਤੂਬਰ ਤੋਂ ਇਸ ਥਰਮਲ ਦੀਆਂ ਲਾਈਨਾਂ ਉੱਪਰ ਧਰਨਾ ਲਗਾਇਆ ਹੋਇਆ ਸੀ। 1980 ਮੈਗਾਵਾਟ ਤੇ ਵੇਦਾਂਤਾ ਕੰਪਨੀ ਦੀ ਨਿੱਜੀ ਭਾਈਵਾਲ ਵਾਲਾ ਇਹ ਤਾਪ ਘਰ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤਾਪ ਘਰ ਹੈ।
Farmers Protest
ਦੱਸ ਦਈਏ ਕਿ ਕੋਲੇ ਦੀ ਕਮੀ ਕਾਰਨ 28 ਅਕਤੂਬਰ ਤੋਂ ਇਸ ਪਲਾਂਟ 'ਚ ਬਿਜਲੀ ਉਤਪਾਦਨ ਠੱਪ ਪਿਆ ਹੈ। ਸੰਭਾਵਨਾ ਹੈ ਕਿ ਅਗਲੇ ਦਿਨਾਂ 'ਚ ਮਾਲ ਗੱਡੀਆਂ ਚੱਲਣ ਉਪਰੰਤ ਕੋਲੇ ਦੀ ਆਮਦ ਨਾਲ ਪਲਾਂਟ ਮੁੜ ਚਾਲੂ ਹੋ ਜਾਵੇਗਾ। ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਰੇਲਵੇ ਪਟੜੀ ਤੋਂ ਧਰਨਾ ਹਟਾ ਕੇ ਥਰਮਲ ਦੇ ਮੁੱਖ ਗੇਟ ਅੱਗੇ ਮੋਰਚਾ ਸ਼ੁਰੂ ਕਰ ਦਿੱਤਾ ਹੈ।
Moga Railway Track
ਮੋਗਾ 'ਚ ਵੀ ਰੇਲਵੇ ਟਰੈਕ ਕੀਤਾ ਖਾਲੀ
ਪੰਜਾਬ ਭਰ 'ਚ ਇਕ ਪਾਸੇ ਜਿਥੇ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਸੰਘਰਸ਼ ਜਾਰੀ ਹੈ ਉਥੇ ਹੀ ਦੂਜੇ ਪਾਸੇ ਮੋਗਾ 'ਚ ਰੇਲ ਟਰੈਕ ਖਾਲੀ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਮੋਗਾ ਸਟੇਸ਼ਨ 'ਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਤੇ ਰੇਲ ਗੱਡੀ ਆਉਣ ਦੇ ਆਸਾਰ ਦਿਖਾਈ ਦੇ ਰਹੇ ਹਨ। ਇਥੇ ਦੱਸ ਦੇਈਏ ਕਿ ਵੀਰਵਾਰ ਨੂੰ ਭਾਰਤੀ ਰੇਲਵੇ ਨੇ ਕਿਹਾ ਹੈ ਕਿ ਉਸ ਨੂੰ ਪੰਜਾਬ ਸਰਕਾਰ ਤੋਂ ਭਰੋਸਾ ਮਿਲਿਆ ਹੈ ਕਿ ਅੱਜ ਤੋਂ ਸੂਬੇ 'ਚ ਰੇਲ ਨਾਕਾਬੰਦੀ ਹਟਾ ਦਿੱਤੀ ਜਾਵੇਗੀ ਅਤੇ ਰਾਸ਼ਟਕੀ ਟਰਾਂਸਪੋਰਟਰ ਰੇਲ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
Moga Railway Track
ਇਕ ਵਰਚੁਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੇਲਵੇ ਬੋਰਡ ਦੇ ਚੇਅਰਮੈਨ ਤੇ ਸੀ. ਈ. ਓ. ਵੀ. ਕੇ. ਯਾਦਵ ਨੇ ਕਿਹਾ, ''ਸਾਨੂੰ ਪੰਜਾਬ ਦੇ ਮੁੱਖ ਸਕੱਤਰ ਤੋਂ ਭਰੋਸਾ ਮਿਲਿਆ ਹੈ ਕਿ ਸ਼ੁੱਕਰਵਾਰ ਸਵੇਰੇ ਰੇਲ ਨਾਕਾਬੰਦੀ ਹਟਾ ਦਿੱਤੀ ਜਾਵੇਗੀ। ਇਸ ਦੇ ਮੱਦੇਨਜ਼ਰ ਭਾਰਤੀ ਰੇਲਵੇ ਯਾਤਰੀ ਟਰੇਨਾਂ ਤੇ ਮਾਲਗੱਡੀਆਂ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।'' ਉਨ੍ਹਾਂ ਕਿਹਾ ਕਿ ਆਰ. ਪੀ. ਐੱਫ. ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਪੰਜਾਬ ਡੀ. ਜੀ. ਪੀ. ਦੇ ਸੰਪਰਕ 'ਚ ਹਨ ਅਤੇ ਲੋਕਾਂ ਤੇ ਰੇਲਵੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਨ।