
ਗਾਜਰ ਦੀਆਂ ਦੇਸੀ ਕਿਸਮਾਂ ਦੀ ਬਿਜਾਈ ਲਈ ਸਤੰਬਰ ਮਹੀਨਾ ਢੁਕਵਾਂ ਹੈ
ਮੁਹਾਲੀ : ਗਾਜਰ ਦੀ ਵਰਤੋਂ ਸਲਾਦ ਅਤੇ ਸਬਜ਼ੀ ਦੋਵਾਂ ਢੰਗਾਂ ਨਾਲ ਕੀਤੀ ਜਾਂਦੀ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਐਂਟੀਆਕਸੀਡੈਂਟਸ ਤੇ ਖ਼ੁਰਾਕੀ ਤੱਤ ਹੁੰਦੇ ਹਨ। ਲਾਲ ਗਾਜਰ ਵਿਚ ਲਾਈਕੋਪੀਨ ਅਤੇ ਕਾਲੀਆਂ ਗਾਜਰਾਂ ਵਿਚ ਐਂਥੋਸਾਇਨਿਨ ਨਾਂ ਦਾ ਤੱਤ ਹੁੰਦਾ ਹੈ, ਜੋ ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਹਨ ਅਤੇ ਮਨੁੱਖ ਨੂੰ ਦਿਲ ਦੀਆਂ ਬੀਮਾਰੀਆਂ, ਮੋਟਾਪਾ, ਕੈਂਸਰ ਆਦਿ ਤੋਂ ਬਚਾਉਂਦੇ ਹਨ। ਗਾਜਰਾਂ ਦੇ ਉਗਣ ਲਈ 7 ਤੋਂ 24 ਅਤੇ ਵਾਧੇ ਲਈ 18 ਤੋਂ 24 ਡਿਗਰੀ ਸੈਂਟੀਗਰੇਡ ਤਾਪਮਾਨ ਦੀ ਲੋੜ ਹੁੰਦੀ ਹੈ। ਗਾਜਰਾਂ ਦਾ ਵਧੀਆ ਰੰਗ 15 ਤੋਂ 20 ਡਿਗਰੀ ਸੈਂਟੀਗਰੇਡ ’ਤੇ ਬਣਦਾ ਹੈ। ਜੇਕਰ ਤਾਪਮਾਨ 30 ਡਿਗਰੀ ਤੋਂ ਉਪਰ ਹੋ ਜਾਵੇ ਤਾਂ ਗਾਜਰਾਂ ਵਿਚ ਕੁੜੱਤਣ ਪੈਦਾ ਹੋ ਜਾਂਦੀ ਹੈ ਤੇ ਜੜ੍ਹਾਂ ਸਖ਼ਤ ਹੋ ਜਾਂਦੀਆਂ ਹਨ। ਗਾਜਰਾਂ ਵਾਸਤੇ ਡੂੰਘੀ, ਨਰਮ, ਚੀਕਣੀ ਮੈਰਾ ਜ਼ਮੀਨ ਵਧੇਰੇ ਚੰਗੀ ਹੈ। ਭਾਰੀ ਜ਼ਮੀਨ ਜੜ੍ਹਾਂ ਦੇ ਵਾਧੇ ਨੂੰ ਰੋਕਦੀ ਹੈ ਤੇ ਜੜ੍ਹਾਂ ਨੂੰ ਦੁਸਾਂਗੜ ਬਣਾ ਦਿੰਦੀ ਹੈ। ਜਿਸ ਜ਼ਮੀਨ ਦੀ ਪੀਐਚ 6.5 ਹੋਵੇ, ਉਹ ਫ਼ਸਲ ਦੀ ਵਧੀਆ ਪੈਦਾਵਾਰ ਲਈ ਠੀਕ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਹੀ ਸੂਬੇ 'ਚ ਮਾਇਨਿੰਗ-ਪੰਜਾਬ ਅਤੇ ਹਰਿਆਣਾ ਹਾਈਕੋਰਟ
ਗਾਜਰ ਦੀਆਂ ਦੇਸੀ ਕਿਸਮਾਂ ਦੀ ਬਿਜਾਈ ਲਈ ਸਤੰਬਰ ਮਹੀਨਾ ਢੁਕਵਾਂ ਹੈ। ਅੰਗਰੇਜ਼ੀ ਕਿਸਮਾਂ ਦੀ ਬਿਜਾਈ ਅਕਤੂਬਰ-ਨਵੰਬਰ ਵਿਚ ਕੀਤੀ ਜਾਂਦੀ ਹੈ। ਬਿਜਾਈ ਲਈ 4-5 ਕਿਲੋ ਪ੍ਰਤੀ ਏਕੜ ਬੀਜ ਵਰਤੋ। ਕਤਾਰ ਤੋਂ ਕਤਾਰ ਦੀ ਦੂਰੀ 45 ਸੈਂਟੀਮੀਟਰ ਤੇ ਬੂਟਿਆਂ ਦੀ ਦੂਰੀ 7.5 ਸੈਂਟੀਮੀਟਰ ਰੱਖੋ। ਮਿਆਰੀ ਗਾਜਰ ਤਿਆਰ ਕਰਨ ਲਈ ਬੂਟਿਆਂ ਨੂੰ ਇਕ ਮਹੀਨੇ ਬਾਅਦ ਵਿਰਲੇ ਕਰ ਦੇਵੋ। ਵਪਾਰਕ ਪੱਧਰ ’ਤੇ ਫ਼ਸਲ ਦੀ ਬਿਜਾਈ ਮਸ਼ੀਨ ਨਾਲ ਕਰੋ। ਇਹ ਮਸ਼ੀਨ 67.5 ਸੈਂਟੀਮੀਟਰ ਦੂਰੀ ’ਤੇ ਇਕੋ ਵਾਰ 3 ਬੈੱਡ ਬਣਾ ਕੇ ਇਕ ਬੈੱਡ ਤੇ 4 ਲਾਈਨਾਂ ਵਿਚ ਗਾਜਰਾਂ ਦੀ ਬਿਜਾਈ ਕਰਦੀ ਹੈ।
ਇਹ ਵੀ ਪੜ੍ਹੋ: ਅੱਜ ਵੀ ਫ਼ਾਜ਼ਿਲਕਾ ਇਲਾਕੇ ਅੰਦਰ ਹੁੰਦੀ ਹੈ ਊਠਾਂ ਨਾਲ ਖੇਤੀ, ਲੋਕ ਸਾਂਭੀ ਬੈਠੇ ਨੇ ਆਪਣੇ ਪੁਰਖਿਆਂ ਦੀ ਵਿਰਾਸਤ
ਗਾਜਰਾਂ ਦੀ ਫ਼ਸਲ ਵਾਸਤੇ ਇਕ ਏਕੜ ਪਿੱਛੇ 15 ਟਨ ਗਲੀ ਸੜੀ ਰੂੜੀ ਪਾ ਕੇ ਚੰਗੀ ਤਰ੍ਹਾਂ ਮਿੱਟੀ ਵਿਚ ਮਿਲਾ ਦੇਵੋ। ਇਸ ਤੋਂ ਇਲਾਵਾ 25 ਕਿਲੋ ਨਾਈਟਰੋਜਨ (55 ਕਿਲੋ ਯੂਰੀਆ), 12 ਕਿਲੋ ਫ਼ਾਸਫ਼ੋਰਸ (75 ਕਿਲੋ ਸੁਪਰਫਾਸਫੇਟ) ਤੇ 30 ਕਿਲੋ ਪੋਟਾਸ਼ (50 ਕਿਲੋ ਮਿਉਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ। ਗਾਜਰਾਂ ਦਾ ਵਧੀਆ ਰੰਗ ਬਣਾਉਣ ਲਈ ਪੋਟਾਸ਼ ਤੱਤ ਪਾਉਣਾ ਬੇਹੱਦ ਜ਼ਰੂਰੀ ਹੈ। ਸਾਰੀ ਖਾਦ ਬਿਜਾਈ ਸਮੇਂ ਪਾ ਦੇਵੋ। ਬਿਜਾਈ ਤੋਂ ਤੁਰਤ ਬਾਅਦ ਪਹਿਲਾ ਪਾਣੀ ਲਗਾਉ।
ਗਾਜਰਾਂ ਦੀ ਫ਼ਸਲ ਨੂੰ ਵੱਧ ਤੋਂ ਵੱਧ 3-4 ਪਾਣੀਆਂ ਦੀ ਲੋੜ ਹੁੰਦੀ ਹੈ।
ਫ਼ਸਲ ਨੂੰ ਜ਼ਿਆਦਾ ਪਾਣੀ ਦੇਣ ਤੋਂ ਸੰਕੋਚ ਕਰੋ ਨਹੀਂ ਤਾਂ ਗਾਜਰਾਂ ਦਾ ਆਕਾਰ ਵਿਗੜ ਜਾਂਦਾ ਹੈ। ਇਸ ਤੋਂ ਇਲਾਵਾ ਗਾਜਰਾਂ ਦਾ ਰੰਗ ਵੀ ਨਹੀਂ ਬਣਦਾ। ਗਾਜਰਾਂ ਦੀ ਫ਼ਸਲ ਸ਼ੁਰੂ ਵਿਚ ਹੌਲੀ-ਹੌਲੀ ਵਧਦੀ ਹੈ ਜਿਸ ਕਾਰਨ ਸ਼ੁਰੂ ਵਿਚ ਨਦੀਨਾਂ ਦੀ ਸਮੱਸਿਆ ਬਹੁਤ ਆ ਜਾਂਦੀ ਹੈ। ਕਿਸਮ ਅਨੁਸਾਰ ਗਾਜਰਾਂ 85 ਤੋਂ 100 ਦਿਨਾਂ ਵਿਚ ਪੁਟਾਈ ਦੇ ਯੋਗ ਹੋ ਜਾਂਦੀਆਂ ਹਨ। ਗਾਜਰਾਂ ਗੂੜ੍ਹੇ ਲਾਲ ਰੰਗ ਦੀਆਂ ਤੇ ਆਕਾਰ ਪੱਖੋਂ ਮੰਡੀਕਰਨ ਦੇ ਯੋਗ ਹੋਣ ਤਾਂ ਪੁੱਟੀਆਂ ਜਾ ਸਕਦੀਆਂ ਹਨ।