ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਤਖਤੋਂ ਉਤਾਰਨ ਵਾਲੀ ਚਿੱਟੀ ਮੱਖੀ ਦਾ ਡੰਗ ਹੁਣ ਪਟਵਾਰੀਆਂ ਨੂੰ ਵੀ ਵੱਜਣ ਲੱਗਾ ਹੈ।
ਬਠਿੰਡਾ (ਸੁਖਜਿੰਦਰ ਮਾਨ) :- ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਤਖਤੋਂ ਉਤਾਰਨ ਵਾਲੀ ਚਿੱਟੀ ਮੱਖੀ ਦਾ ਡੰਗ ਹੁਣ ਪਟਵਾਰੀਆਂ ਨੂੰ ਵੀ ਵੱਜਣ ਲੱਗਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਈ ਪੜਤਾਲ ਦੌਰਾਨ ਨਰਮਾ ਖ਼ਰਾਬੇ ਦਾ ਨੁਕਸਾਨ ਦਾ ਮੁਆਵਜ਼ਾ ਵੰਡਣ 'ਚ ਹੇਰ-ਫ਼ੇਰ ਕਰਨ ਦੇ ਦੋਸ਼ਾਂ ਹੇਠ ਪਿੰਡ ਬਾਜ਼ਕ ਦੇ ਪਟਵਾਰੀ ਜਗਦੇਵ ਸਿੰਘ ਨੂੰ ਮੁਅੱਤਲ ਕੀਤਾ ਗਿਆ। ਸੂਤਰਾਂ ਅਨੁਸਾਰ ਉਕਤ ਪਟਵਾਰੀ ਵਿਰੁਧ ਜ਼ਿਲ੍ਹਾ ਪੁਲਿਸ ਵਲੋਂ ਫ਼ਰਜੀ ਲਾਭਪਾਤਰੀਆਂ ਦੇ ਨਾਲ ਫ਼ੌਜਦਾਰੀ ਕੇਸ ਦਰਜ਼ ਵੀ ਕੀਤਾ ਗਿਆ ਹੈ। ਇਸਤੋਂ ਇਲਾਵਾ ਮੋੜ ਤਹਿਸੀਲ ਨਾਲ ਸਬੰਧਤ ਇੱਕ ਹੋਰ ਪਟਵਾਰੀ ਗੁਰਚਰਨ ਸਿੰਘ ਵਿਰੁਧ ਤਲਵੰਡੀ ਸਾਬੋ ਦੇ ਕਾਰਜ਼ਕਾਲ ਦੌਰਾਨ ਚਹੇਤਿਆਂ ਨੂੰ ਚਿੱਟੀ ਮੱਖੀ ਦਾ ਮੁਆਵਜ਼ਾ ਵੰਡਣ ਦੇ ਦੋਸ਼ਾਂ ਹੇਠ ਨਾ ਸਿਰਫ਼ ਜ਼ਿਲ੍ਹਾ ਪ੍ਰਸ਼ਾਸਨ ਬਲਕਿ ਵਿਜੀਲੈਂਸ ਵਲੋਂ ਵੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਸੂਤਰਾਂ ਮੁਤਾਬਕ ਮਾਲਵਾ ਪੱਟੀ 'ਚ ਚਿੱਟੀ ਮੱਖੀ ਦੁਆਰਾ ਕੀਤੇ ਨੁਕਸਾਨ ਦੇ ਵੰਡੇ ਗਏ ਕਰੀਬ 662 ਕਰੋੜ ਰੁਪਏ ਦੀ ਰਾਸ਼ੀ ਦੌਰਾਨ ਵੱਡੀਆਂ ਗੜਬੜੀਆਂ ਸਾਹਮਣੇ ਆ ਰਹੀਆਂ ਹਨ। ਚਰਚਾ ਮੁਤਾਬਕ ਮੋੜ ਹਲਕੇ ਦੇ ਕੁੱਝ ਖੇਤਾਂ ਦਾ ਮੁਆਵਜ਼ਾ ਦੂਜੇ ਜ਼ਿਲ੍ਹਿਆਂ ਦੇ ਅਕਾਲੀ ਵਰਕਰਾਂ ਵਲੋਂ ਵੀ ਲੈਣ ਦੀਆਂ ਕਨਸੋਆ ਸਾਹਮਣੈ ਆਈਆਂ ਸਨ। ਇਸਤੋਂ ਇਲਾਵਾ ਕਈ ਹੋਰ ਪਟਵਾਰੀਆਂ ਵਿਰੁਧ ਇਸ ਮਾਮਲੇ 'ਚ ਸਿਕਾਇਤਾਂ ਦੀਆਂ ਪੜਤਾਲਾਂ ਹੋਣ ਬਾਰੇ ਵੀ ਪਤਾ ਲੱਗਿਆ ਹੈ। ਸੂਤਰਾਂ ਮੁਤਾਬਕ ਪਟਵਾਰੀ ਜਗਦੇਵ ਸਿੰਘ ਚਿੱਟੀ ਮੱਖੀ ਦੇ ਵੰਡੇ ਮੁਆਵਜ਼ੇ ਦੌਰਾਨ ਪਿੰਡ ਬਾਜ਼ਕ ਵਿਖੇ ਤੈਨਾਤ ਸੀ। ਇਸ ਦੌਰਾਨ ਉਸ ਵਿਰੁਧ ਆਈ ਸਿਕਾਇਤ ਦੀ ਐਸ.ਡੀ.ਐਮ ਦੁਆਰਾ ਕੀਤੀ ਪੜਤਾਲ ਦੌਰਾਨ ਕਿਸੇ ਦਾ ਮੁਆਵਜ਼ਾ ਕਿਸੇ ਹੋਰ ਨੂੰ ਵੰਡ ਦਿੱਤਾ ਗਿਆ। ਸੂਚਨਾ ਮੁਤਾਬਕ ਪਟਵਾਰੀ ਜਗਦੇਵ ਸਿੰਘ ਨੇ ਖ਼ੁਦ ਮੁਆਵਜ਼ਾ ਵੰਡਣ ਲਈ ਲਗਾਏ ਅਸੈਸਮੈਂਟ ਰਜਿਸਟਰਾਰ ਦੀ ਲੜੀ ਨੰਬਰ 93 ਰਾਹੀ ਪਿੰਡ ਬਾਜ਼ਕ ਦੇ ਹਜੂਰ ਸਿੰਘ, ਮੇਜਰ ਸਿੰਘ ਤੇ ਮੰਦਰ ਸਿੰਘ ਨੂੰ 19 ਕਨਾਲ 18 ਮਰਲੇ ਜਮੀਨ ਦਾ ਮਾਲਕ ਤੇ ਖ਼ੁਦਕਾਸ਼ਤ ਦਿਖਾਇਆ ਗਿਆ ਹੈ। ਪ੍ਰੰਤੂ ਇਸ ਜਮੀਨ ਦੇ ਮੁਆਵਜ਼ੇ ਦਾ ਚੈਕ ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਦੇ ਨਾਮ ਕੱਟ ਦਿੱਤੇ ਗਿਆ। ਸੂਤਰਾਂ ਅਨੁਸਾਰ ਨੰਬਰਦਾਰ ਲਖਵੀਰ ਸਿੰਘ ਨੇ ਗੁਰਮੀਤ ਸਿੰਘ ਦੇ ਉਕਤ ਜਮੀਨ ਨੂੰ ਠੇਕੇ ਉਪਰ ਵਾਹੁਣ ਦੀ ਤਸਦੀਕ ਕੀਤੀ ਗਈ ਸੀ। ਪਤਾ ਲੱਗਿਆ ਹੈ ਕਿ ਮੌਜੂਦਾ ਸਮੇਂ ਪਟਵਾਰੀ ਜਗਦੇਵ ਸਿੰਘ ਪਥਰਾਲਾ ਤੈਨਾਤ ਸੀ।