
ਮੀਂਹ ਕਾਰਨ ਨੁਕਸਾਨਿਆ ਗਿਆ ਸਟੇਜ ਤੇ ਪੰਡਾਲ
ਸੰਗਰੂਰ : ਆਪਣੀਆਂ ਹੱਕੀ ਮੰਗਾਂ ਲਈ ਕਿਸਾਨਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਸਾਹਮਣੇ ਲਗਾਇਆ ਮੋਰਚਾ ਲਗਾਤਾਰ ਜਾਰੀ ਹੈ। ਬੀਤੀ ਰਾਤ ਪਏ ਜ਼ੋਰਦਾਰ ਮੀਂਹ ਕਾਰਨ ਕਿਸਾਨਾਂ ਦੀ ਸਟੇਜ ਅਤੇ ਪੰਡਾਲ ਨੁਕਸਾਨੇ ਗਏ ਹਨ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਆਪਣੇ ਮੋਰਚੇ 'ਤੇ ਡਟੇ ਹੋਏ ਹਨ। ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਲਗਾਏ ਗਏ ਇਸ ਮੋਰਚੇ ਵਿਚ ਬਣਾਈ ਗਈ ਪੱਕੀ ਸਟੇਜ ਢਹਿ ਗਈ।
ਇੰਨਾ ਹੀ ਨਹੀਂ ਲੋਹੇ ਦੀਆਂ ਪਾਈਪਾਂ ਸਮੇਤ ਵਿਸ਼ਾਲ ਪੰਡਾਲ ਵੀ ਢਹਿ ਗਿਆ। ਬੇਸ਼ੱਕ ਖਰਾਬ ਮੌਸਮ ਦੇ ਮੱਦੇਨਜ਼ਰ ਪੰਡਾਲ ਨੂੰ ਵਾਟਰ ਪਰੂਫ ਬਣਾਉਣ ਲਈ ਟੈਂਟ 'ਤੇ ਪਹਿਲਾਂ ਹੀ ਕਾਲੇ ਰੰਗ ਦੀ ਪਲਾਸਟਿਕ ਦੀ ਤਰਪਾਲ ਪਾ ਦਿੱਤੀ ਗਈ ਸੀ ਪਰ ਲੋਹੇ ਦੀਆਂ ਪਾਈਪਾਂ ਬਰਸਾਤ ਦੇ ਪਾਣੀ ਦਾ ਬੋਝ ਉਸ 'ਤੇ ਨਾ ਸਹਾਰ ਸਕੀਆਂ ਅਤੇ ਸਾਰਾ ਪੰਡਾਲ ਹੀ ਪਾਣੀ 'ਚ ਡਿੱਗ ਪਿਆ।
ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੇ ਹੌਸਲਾ ਨਹੀਂ ਹਾਰਿਆ ਅਤੇ ਹੁਣ ਟਰੈਕਟਰ ਟਰਾਲੀਆਂ ਵਿਚ ਹੀ ਡਟੇ ਹੋਏ ਹਨ। ਦੱਸਣਯੋਗ ਹੈ ਕਿ ਫਸਲਾਂ ਦੇ ਖ਼ਰਾਬੇ ਲਈ ਮੁਆਵਜ਼ਾ, ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਆਰਥਿਕ ਮਦਦ ਦੇਣ ਸਮੇਤ 7 ਅਕਤੂਬਰ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੱਕਾ ਮੋਰਚਾ ਲਗਾਇਆ ਗਿਆ ਹੈ।