
ਪੰਜਾਬ ਦੀ ਪਰਾਲੀ ਦਾ ਪ੍ਰਦੂਸ਼ਣ ਦਿੱਲੀ ਕਿਵੇਂ ਜਾ ਸਕਦਾ : ਜਸਟਿਸ ਅਗਰਵਾਲ
- ਕੀ ਪੰਜਾਬ ਦੇ ਧੂੰਏਂ ਨੂੰ ਰਾਜਧਾਨੀ ਜਾਣ ਦਾ ਸ਼ੌਕ ਹੈ, ਜਾਂ ਫਿਰ ਸਿਆਸਤ?
How can the pollution from Punjab's stubble reach Delhi News: ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਅਤੇ ਇਸ ਪਰਾਲੀ ਨਾਲ ਦਿੱਲੀ ਵਿਚ ਪ੍ਰਦੂਸ਼ਣ ਹੋਣਾ ਮੇਰੀ ਸਮਝ ਵਿਚ ਨਹੀਂ ਆਇਆ, ਕਿਉਂਕਿ ਦਿੱਲੀ ਦਾ ਕੋਈ ਵੀਂ ਹਿੱਸਾ ਪੰਜਾਬ ਨਾਲ ਨਹੀਂ ਲਗਦਾ। ਫਿਰ ਕੀ ਪੰਜਾਬ ਦੇ ਧੂੰਏਂ ਨੂੰ ਰਾਜਧਾਨੀ ਦਿੱਲੀ ਆਉਣ ਦਾ ਅਜਿਹਾ ਕਿਹੜਾ ਸ਼ੋਕ ਹੈ, ਜੋ ਹਰਿਆਣੇ ਨੂੰ ਛੱਡ ਇਹ ਧੂੰਆਂ ਸਿੱਧਾ ਦਿੱਲੀ ਆ ਜਾਂਦਾ ਹੈ।
ਇਹ ਵਿਚਾਰ ਗ੍ਰੀਨ ਟਿ੍ਰਬਿਊਨਲ ਦੇ ਜਸਟਿਸ ਸੁਧੀਰ ਅਗਰਵਲ ਨੇ ਪ੍ਰਦੂਸ਼ਣ ਜਾਣਕਾਰੀ ਸਭਾ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਮੈਨੂੰ ਪਰਾਲੀ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ, ਜਦੋਂ ਪਤਾ ਲੱਗਿਆ ਕਿ ਪਰਾਲੀ ਨਾਲ ਪ੍ਰਦੂਸ਼ਣ ਬਹੁਤ ਹੁੰਦਾ ਹੈ, ਤਾਂ ਮੈ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪਰਾਲੀ ਦੇ ਪ੍ਰਦੂਸ਼ਣ ਦੀ ਮੁਸ਼ਕਲ 10-15 ਸਾਲ ਪਹਿਲਾਂ ਨਹੀਂ ਹੁੰਦੀ ਸੀ ਪਰ ਹਰ ਗੱਲ ’ਤੇ ਕਿਸਾਨ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ, ਕਿਉਂਕਿ ਦਿੱਲੀ ਦਾ ਬਾਰਡਰ ਪੰਜਾਬ ਨਾਲ ਕੀਤੇ ਵੀਂ ਨਹੀਂ ਲਗਦਾ।
ਜਦੋਂ ਕਿ ਤਿੰਨ ਚੋਥਾਈ ਹਿੱਸਾ ਹਰਿਆਣਾ, ਬਾਕੀ ਯੂ ਪੀ ਅਤੇ ਥੋੜਾ ਜਿਹਾ ਰਾਜਸਥਾਨ ਕਵਰ ਕਰਦਾ ਹੈ। ਪੰਜਾਬ ਹਰਿਆਣੇ ਤੋਂ ਨੋਰਥ ਸਾਈਡ 'ਤੇ ਹੈ ਅਤੇ ਇਲਜਾਮ ਇਹ ਲਾਇਆ ਜਾਂਦਾ ਹੈ ਕਿ ਜੋ ਪੰਜਾਬ ਵਿਚਲਾ ਪਰਾਲੀ ਦਾ ਧੂੰਆਂ ਹੈ, ਉਸ ਨਾਲ ਦਿੱਲੀ ਵਿਚ ਪ੍ਰਦੂਸ਼ਣ ਹੁੰਦਾ ਹੈ। ਪੰਜਾਬ ਦੇ ਧੂੰਏਂ ਨੂੰ ਦਿੱਲੀ ਜਾਣ ਲਈ ਹਵਾ ਦਾ ਰੁਖ ਉਤਰ ਦੱਖਣ ਹੋਣਾ ਚਾਹੀਦਾ ਹੈ, ਜੋ ਮਾਹਰਾਂ ਮੁਤਾਬਕ ਬਹੁਤ ਘੱਟ ਹੁੰਦਾ ਹੈ, ਜਦੋਂ ਇਸ ਦਿਸ਼ਾ ਵਲ ਹਵਾ ਚਲਦੀ ਹੀ ਨਹੀਂ ਤਾਂ ਫਿਰ ਪੰਜਾਬ ਦਾ ਧੂੰਆਂ ਦਿੱਲੀ ਕਿਵੇਂ ਚਲਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਪਰਾਲੀ ਨਾਲ ਦਿੱਲੀ ਵਿਚ ਬਹੁਤਾ ਪ੍ਰਦੂਸ਼ਣ ਹੋ ਜਾਂਦਾ ਹੈ ਤਾਂ ਫਿਰ ਹਰਿਆਣੇ ਨੂੰ ਤਾਂ ਡਬਲ ਮਾਰ ਪੈਣ ਕਰ ਕੇ ਇਸ ਤੋਂ ਵੀ ਬੁਰਾ ਹਾਲ ਹੋਣਾ ਚਾਹੀਦਾ ਹੈ, ਪਰ ਅਜਿਹਾ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਜੋ ਦਿੱਲੀ ਦੀ ਹਵਾ ਟੈਸਟਿੰਗ ਰਿਪੋਰਟ(ਵਾਈਟ ਫਿਲਟਰ) ਲਗਾ ਕੇ ਸਾਹਮਣੇ ਆਈ ਹੈ, ਉਸ ਵਿੱਚ ਤੇਲ ਅਤੇ ਮੁਗਲੈਲ ਦੀ ਮਾਤਰਾ ਜ਼ਿਆਦਾ ਹੈ, ਪਰ ਪਰਾਲੀ ਬਾਈਉ ਡਿਗ੍ਰੇਟਿਵ ਐਟਿਮ ਹੈ, ਇਸ ਵਿਚ ਤੇਲ ਅਤੇ ਗਰੀਸ ਦੀ ਮਾਤਰਾ ਲਗਭਗ ਨਾ ਦੇ ਬਰਾਬਰ ਹੁੰਦੀ ਹੈ, ਦਿੱਲੀ ਦੇ ਪ੍ਰਦੂਸ਼ਣ ਵਿਚ ਤੇਲ ਅਤੇ ਮੁਗਲੈਲ ਵਾਲਾ ਪ੍ਰਦੂਸ਼ਣ ਕਿਥੋਂ ਹੁੰਦਾ ਹੈ, ਇਹ ਸਮੱਸਿਆ ਦਿੱਲੀ ਦੀ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਲਈ ਕਿਸਾਨਾਂ ਤੇ ਪਰਚੇ ਕਰਨੇ, ਜੇਲ ਭੇਜਣਾ, ਜੁਰਮਾਨੇ ਕਰਨੇ ਕਿਸਾਨਾਂ ਨਾਲ ਅਨਿਆਏ ਹੈ, ਜੋ ਨਹੀਂ ਹੋਣਾ ਚਾਹੀਦਾ ’ਤੇ ਇਸ ਦੀ ਘੋਖ ਹੋਣੀ ਚਾਹੀਦੀ ਹੈ, ਇਸ ਵਿਚ ਸਿਆਸੀ ਗੜਬੜੀ ਜ਼ਿਆਦਾ ਨਜ਼ਰ ਆ ਰਹੀਂ ਹੈ।
ਸ੍ਰੀ ਮੁਕਤਸਰ ਸਾਹਿਬ ਤੋਂ ਗੁਰਦੇਵ ਸਿੰਘ, ਰਣਜੀਤ ਸਿੰਘ ਦੀ ਰਿਪੋਰਟ