
ਮਾਛੀਵਾੜਾ ਅਨਾਜ ਮੰਡੀ ਵਿਚ ਕਣਕ ਦੀ ਆਮਦ ਬਿਲਕੁਲ ਬੰਦ ਹੋ ਚੁੱਕੀ ਹੈ ਪਰ ਬੋਰੀਆਂ ਦੇ ਅੰਬਾਰ ਮੰਡੀ ਦੇ ਫੜ੍ਹਾਂ ਵਿਚ ਲੱਗੇ ਹੋਏ ਹਨ ਅਤੇ ਲਿਫਟਿੰਗ ਨਾ ਹੋਣ ...
ਮਾਛੀਵਾੜਾ ਸਾਹਿਬ, ਮਾਛੀਵਾੜਾ ਅਨਾਜ ਮੰਡੀ ਵਿਚ ਕਣਕ ਦੀ ਆਮਦ ਬਿਲਕੁਲ ਬੰਦ ਹੋ ਚੁੱਕੀ ਹੈ ਪਰ ਬੋਰੀਆਂ ਦੇ ਅੰਬਾਰ ਮੰਡੀ ਦੇ ਫੜ੍ਹਾਂ ਵਿਚ ਲੱਗੇ ਹੋਏ ਹਨ ਅਤੇ ਲਿਫਟਿੰਗ ਨਾ ਹੋਣ ਕਾਰਨ ਅੱਜ ਫਿਰ ਆੜ੍ਹਤੀਆਂ ਤੇ ਮਜ਼ਦੂਰਾਂ ਵਲੋਂ ਵੇਅਰ ਹਾਊਸ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਧਰਨੇ 'ਤੇ ਬੈਠੇ ਆੜ੍ਹਤੀ ਐਸੋ. ਦੇ ਪ੍ਰਧਾਨ ਟਹਿਲ ਸਿੰਘ ਔਜਲਾ, ਹਰਜਿੰਦਰ ਸਿੰਘ ਖੇੜਾ, ਪ੍ਰਦੀਪ ਮਲਹੋਤਰਾ, ਪਰਮਿੰਦਰ ਗੁਲਿਆਣੀ, ਨਿਤਿਨ ਜੈਨ, ਮਨਦੀਪ ਸਿੰਘ, ਸ਼ਸ਼ੀ ਭਾਟੀਆ, ਹਰਿੰਦਰਮੋਹਣ ਸਿੰਘ ਕਾਲੜਾ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿਚ ਵੇਅਰ ਹਾਊਸ ਵਲੋਂ ਖਰੀਦੀ ਗਈ ਕਰੀਬ 70 ਹਜ਼ਾਰ ਬੋਰੀ ਖੁੱਲ੍ਹੇ ਅਸਮਾਨ ਹੇਠ ਪਈ ਹੈ ਅਤੇ ਰੋਜ਼ਾਨਾ ਆ ਰਹੇ ਤੂਫ਼ਾਨ ਤੇ ਮੀਂਹ ਕਾਰਨ ਜਿੱਥੇ ਕਣਕ ਖ਼ਰਾਬ ਹੋ ਰਹੀ ਹੈ ਉਥੇ ਉਸਦਾ ਵਜ਼ਨ ਵੀ ਘਟ ਰਿਹਾ ਹੈ ਜਿਸ ਦਾ ਖੁਮਿਆਜ਼ਾ ਆੜ੍ਹਤੀਆਂ ਨੂੰ ਭੁਗਤਨਾ ਪੈ ਰਿਹਾ ਹੈ।
Aarties and laborers gave a protest to the Warehouse office
ਆੜ੍ਹਤੀਆਂ ਨੇ ਦੋਸ਼ ਲਗਾਇਆ ਕਿ ਕੱਲ ਤੱਕ ਅਧਿਕਾਰੀਆਂ ਵਲੋਂ ਇਹ ਕਿਹਾ ਜਾ ਰਿਹਾ ਸੀ ਕਿ ਮੰਡੀਆਂ 'ਚੋਂ ਸਪੈਸ਼ਲ ਲਗਾ ਕੇ ਕਣਕ ਦੀਆਂ ਬੋਰੀਆਂ ਸਿੱਧੇ ਬਾਹਰਲੇ ਪ੍ਰਦੇਸ਼ਾਂ ਨੂੰ ਭੇਜ ਦਿੱਤੀ ਜਾਵੇਗੀ ਪਰ ਹੁਣ ਪਤਾ ਲੱਗਾ ਹੈ ਕਿ ਕਣਕ ਦੀ ਬਜਾਏ ਚਾਵਲ ਦੀ ਸਪੈਸ਼ਲ ਲਗਾਈ ਜਾ ਰਹੀ ਹੈ। ਆੜ੍ਹਤੀਆਂ ਨੇ ਕਿਹਾ ਕਿ ਵੇਅਰ ਹਾਊਸ ਕੋਲ ਮਾਛੀਵਾੜਾ ਗੁਦਾਮਾਂ ਵਿਚ ਬਿਲਕੁਲ ਜਗ੍ਹਾ ਨਹੀਂ ਹੈ ਇਸ ਲਈ ਉਹ ਮੰਗ ਕਰਦੇ ਹਨ ਕਿ ਪਹਿਲਾਂ ਮਾਛੀਵਾੜਾ ਮੰਡੀ 'ਚੋਂ ਕਣਕ ਦੀ ਸਪੈਸ਼ਲ ਲਗਾਈ ਜਾਵੇ ਅਤੇ ਹੋਰ ਗੁਦਾਮਾਂ ਦਾ ਪ੍ਰਬੰਧ ਕੀਤਾ ਜਾਵੇ। ਆੜ੍ਹਤੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਫਸਲ ਦੀ ਲਿਫਟਿੰਗ ਦਾ ਕੰਮ ਨਿਪਟਾਉਣ ਵਿਚ ਅਧਿਕਾਰੀਆਂ ਜਾਂ ਸਰਕਾਰ ਨੇ ਗੰਭੀਰਤਾ ਨਾ ਦਿਖਾਈ ਤਾਂ ਉਹ ਮਰਨ ਵਰਤ ਰੱਖਣ ਲਈ ਵੀ ਮਜ਼ਬੂਰ ਹੋ ਜਾਣਗੇ। ਜਿਲ੍ਹਾ ਖੁਰਾਕ ਅਫ਼ਸਰ ਸੁਰਿੰਦਰ ਬੇਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਏਜੰਸੀਆਂ ਕੋਲ ਗੁਦਾਮਾਂ ਵਿਚ ਜਗ੍ਹਾ ਨਹੀਂ ਹੈ ਇਸ ਲਈ ਸਪੈਸ਼ਲਾਂ ਲਗਾ ਕੇ ਮੰਡੀਆਂ 'ਚੋਂ ਬਾਹਰਲੇ ਪ੍ਰਦੇਸ਼ਾਂ ਨੂੰ ਕਣਕ ਭੇਜਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਆੜ੍ਹਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਹਿਲਾਂ ਕਣਕ ਦੀ ਸਪੈਸ਼ਲ ਲੱਗੇਗੀ ਅਤੇ ਉਸਦੀ ਲਿਫਟਿੰਗ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੀ ਚਾਵਲਾਂ ਦੀਆਂ ਸਪੈਸ਼ਲਾਂ ਲਗਾਈਆਂ ਜਾਣਗੀਆਂ।