
ਖਰੜ ਵਿਖੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ-21 'ਤੇ ਲਗਾਇਆ ਜਾਮ
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਵਿਰੁੱਧ ਕਿਸਾਨਾਂ ਵੱਲੋਂ ਆਰ-ਪਾਰ ਦੀ ਲੜਾਈ ਲੜੀ ਜਾ ਰਹੀ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਅੱਜ ਖਰੜ ਵਿਖੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ-21 'ਤੇ ਜਾਮ ਲਗਾਇਆ। ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
Farmer protest in kharar
ਇਹ ਜਾਮ 12 ਵਜੇ ਤੋਂ ਲੈ ਕੇ 2 ਵਜੇ ਤੱਕ ਲਗਾਇਆ ਗਿਆ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਇਕ ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਇਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਆਰਡੀਨੈਂਸ ਰੱਦ ਕੀਤੇ ਜਾਣ। ਉਹਨਾਂ ਕਿਹਾ ਕਿ ਕਿਸਾਨੀ ਪਹਿਲਾਂ ਹੀ ਮਾੜੇ ਦੌਰ ਵਿਚੋਂ ਗੁਜ਼ਰ ਰਹੀ ਹੈ, ਇਹਨਾਂ ਆਰਡੀਨੈਂਸਾਂ ਦੇ ਆਉਣ ਨਾਲ ਘੱਟੋ ਘੱਟ ਸਮਰਥਨ ਮੁੱਲ ਖਤਮ ਹੋ ਜਾਵੇਗਾ ਤੇ ਕਿਸਾਨਾਂ ਦੀ ਫਸਲ ਮੰਡੀਆਂ ਵਿਚ ਰੁਲ ਜਾਵੇਗੀ।
Farmer protest in kharar
ਉਹਨਾਂ ਕਿਹਾ ਕਿ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ, ਪਰ ਇਹ ਬਿਲਕੁਲ ਝੂਠ ਹੈ ਕਿਉਂਕਿ ਮੋਦੀ ਨੇ ਪਹਿਲਾਂ ਵੀ ਅਜਿਹਾ ਕਿਹਾ ਸੀ, ਜਦਕਿ ਕਿਸਾਨ ਘਾਟੇ ਵਿਚ ਜਾ ਰਹੇ ਹਨ। ਇਹਨਾਂ ਆਰਡੀਨੈਂਸਾਂ ਦੇ ਵਿਰੋਧ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਧਰਨਾ ਦੇ ਰਹੇ ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦਾ ਅਸਰ ਜ਼ਰੂਰ ਹੋਵੇਗਾ ਤੇ ਉਹ ਅਪਣਾ ਹੱਕ ਲੈ ਕੇ ਰਹਿਣਗੇ।
Farmer protest in kharar
ਉਹਨਾਂ ਕਿਹਾ ਜੋ ਸਿਸਟਮ ਚੱਲ ਰਿਹਾ ਸੀ, ਉਹ ਬਿਲਕੁਲ ਸਹੀ ਸੀ ਪਰ ਹੁਣ ਸਰਕਾਰ ਵੱਡੇ ਵਪਾਰੀਆਂ ਨੂੰ ਫਾਇਦਾ ਦੇ ਰਹੀ ਹੈ, ਸਰਕਾਰ ਅਮੀਰਾਂ ਨੂੰ ਹੋਰ ਅਮੀਰ ਕਰ ਰਹੀ ਹੈ ਤੇ ਗਰੀਬਾਂ ਨੂੰ ਹੋਰ ਗਰੀਬ। ਉਹਨਾਂ ਕਿਹਾ ਕਿ ਕਿਸਾਨੀ ਨਾਲ ਹੀ ਦੇਸ਼ ਦਾ ਢਿੱਡ ਭਰ ਰਿਹਾ, ਕਿਸਾਨਾਂ ਵੱਲੋਂ ਦੇਸ਼ ਨੂੰ ਅਨਾਜ ਪੂਰਾ ਕਰਕੇ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਦੇਸ਼ ਸਿਰਫ਼ ਨਾਂਅ ਦਾ ਹੀ ਅਜ਼ਾਦ ਦੇਸ਼ ਰਹਿ ਗਿਆ ਹੈ। ਪੰਜਾਬੀਆਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ ਪਰ ਦੇਸ਼ ਨੇ ਉਹਨਾਂ ਦੀ ਸੋਚ ਨੂੰ ਨਹੀਂ ਅਪਣਾਇਆ।
Farmer protest in kharar
ਇਕ ਹੋਰ ਕਿਸਾਨ ਨੇ ਦੱਸਿਆ ਕਿ ਸਰਕਾਰ ਦੇਸ਼ ਦੇ ਅਨਪੜ੍ਹ ਕਿਸਾਨਾਂ ਨੂੰ ਬੇਫਕੂਫ ਬਣਾ ਰਹੀ ਹੈ। ਉਹਨਾਂ ਕਿਹਾ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਫ਼ੀ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕਾਂ ਨੂੰ ਪਤਾ ਹੀ ਨਹੀਂ ਕਿ ਆਰਐਸਐਸ ਕੀ ਕਰ ਰਹੀ ਹੈ। ਇਕ ਕਿਸਾਨ ਸੁਖਚੈਨ ਸਿੰਘ ਨੇ ਕਿਹਾ ਕਿ ਅੱਜ ਦੇਸ਼ ਵਿਚ ਕਿਸਾਨਾਂ ਦੀ ਜੋ ਹਾਲਤ ਹੈ, ਉਸ ਦੇ ਲਈ ਸਰਕਾਰਾਂ ਜ਼ਿੰਮੇਵਾਰ ਹਨ।
Farmer protest in kharar
ਉਹਨਾਂ ਕਿਹਾ ਕਿਸਾਨ ਸਰਕਾਰ ਨੂੰ ਫਸਲ ਦੇਣ ਲਈ ਅਪਣੀ ਜ਼ਮੀਨ ਵਿਚ ਕਈ ਖਾਧਾਂ ਦੀ ਵਰਤੋਂ ਕਰਦਾ ਹੈ, ਜਿਸ ਨਾਲ ਉਸ ਦੇ ਪਰਿਵਾਰ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਦਾਂ ਹੈ ਪਰ ਸਰਕਾਰ ਕਿਸਾਨ ਨਾਲ ਹੁਣ ਤੱਕ ਧੋਖਾ ਕਰਦੀ ਆ ਰਹੀ ਹੈ। ਇਕ ਕਿਸਾਨ ਦਾ ਕਹਿਣਾ ਹੈ ਕਿ ਪੰਜਾਬ ਦਾ ਮੰਡੀਕਰਨ ਢਾਂਚਾ ਬਹੁਤ ਵਧੀਆ ਹੈ, ਇੱਥੇ ਕਿਸਾਨਾਂ ਨੂੰ ਪੂਰਾ ਐਮਐਸਪੀ ਮਿਲ ਰਿਹਾ ਹੈ, ਪਰ ਸਰਕਾਰ ਇਸ ਢਾਂਚੇ ਨੂੰ ਖਤਮ ਕਰ ਰਹੀ ਹੈ।
Farmers Protest
ਕਿਸਾਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਕ ਪਾਸੇ ਕਿਸਾਨਾਂ ਨੂੰ ਵੀ ਰੱਖਣਾ ਚਾਹੁੰਦੀ ਹੈ ਤੇ ਦੂਜੇ ਪਾਸੇ ਉਹ ਮਨਿਸਟਰੀ ਵੀ ਚਾਹੁੰਦੀ ਹੈ ਪਰ ਅਜਿਹਾ ਨਹੀਂ ਹੋ ਸਕਦਾ, ਉਹਨਾਂ ਨੂੰ ਇਕ ਚੀਜ਼ ਛੱਡਣੀ ਪਵੇਗੀ। ਦੱਸ ਦਈਏ ਕਿ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਵਿਚ ਕੁੱਲ 250 ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਵੀ ਵਿਰੋਧ ਕੀਤੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿਚ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੇ ਇਸ ਵਿਰੋਧ ਦਾ ਸਰਕਾਰ 'ਤੇ ਕੀ ਅਸਰ ਹੋਵੇਗਾ।