
ਜਸਟਿਸ ਆਲੋਕ ਜੈਨ ਦੇ ਬੈਂਚ ਨੇ ਇਹ ਮਾਮਲਾ ਐਕਟਿੰਗ ਚੀਫ਼ ਜਸਟਿਸ ਨੂੰ ਰੈਫ਼ਰ ਕਰ ਦਿਤਾ ਹੈ।
Farmers Protest: ਕਿਸਾਨ ਅੰਦੋਲਨ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਗੋਲੀ ਲੱਗਣ ਤੇ ਖੋਲ ਡਿਗਣ ਕਾਰਨ ਜ਼ਖ਼ਮੀ ਹੋਏ ਤਿੰਨ ਕਿਸਾਨਾਂ ਵਲੋਂ ਹਰਿਆਣਾ ਪੁਲਿਸ ’ਤੋ ਐਫ਼ਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਦਾਖ਼ਲ ਪਟੀਸ਼ਨ ਮੁੱਖ ਮਾਮਲੇ ਨਾਲ ਜੋੜ ਦਿਤੀ ਗਈ ਹੈ।
ਕਿਸਾਨਾਂ ਨੇ ਅਰਪਰਾਧਕ ਪਟੀਸ਼ਨ ਦਾਖ਼ਲ ਕਰ ਕੇ ਹਰਿਆਣਾ ਪੁਲਿਸ ’ਤੇ ਗੋਲੀ ਚਲਾਉਣ ਦਾ ਦੋਸ਼ ਲਗਾਉਂਦਿਆਂ ਜ਼ਿੰਮੇਵਾਰ ਪੁਲਿਸ ਵਾਲਿਆਂ ’ਤੇ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਇਸ ਨਾਲ ਹੀ ਇਹ ਮੰਗ ਵੀ ਕੀਤੀ ਗਈ ਸੀ ਕਿ ਗੋਲੀ ਚਲਾਉਣ ਤੇ ਗੋਲੇ ਸੁੱਟਣ ਦੀ ਜਾਂਚ ਲਈ ਹਾਈ ਕੋਰਟ ਵਲੋਂ ਕਮਿਸ਼ਨਰ ਜਾ ਜਾਂਚ ਅਫ਼ਸਰ ਨਿਯੁਕਤ ਕੀਤਾ ਜਾਵੇ ਤੇ ਦੋ ਹਫ਼ਤੇ ਵਿਚ ਜਾਂਚ ਮੁਕੰਮਲ ਕਰਨ ਦੀ ਹਦਾਇਤ ਕੀਤੀ ਜਾਵੇ, ਕਿਉਂਕਿ ਗੋਲੀ ਚਲਾਉਣ ਤੇ ਗੋਲੇ ਸੁੱਟਣ ਦੇ ਸਬੂਤ ਫੌਰੀ ਇਕੱਠੇ ਕੀਤੇ ਜਾਣੇ ਜ਼ਰੂਰੀ ਹਨ।
ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਪੁਲਿਸ ਮਾਮਲਾ ਦਰਜ ਕਰਵਾਉਣ ਲਈ ਉਪਰਾਲੇ ਨਹੀਂ ਕਰ ਰਹੀ, ਲਿਹਾਜ਼ਾ ਢੁਕਵੀਂ ਹਦਾਇਤ ਕੀਤੀ ਜਾਵੇ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਕਿਸਾਨ ਹੱਕੀ ਮੰਗਾਂ ਲਈ ਮੂਲ ਹੱਕ ਤਹਿਤ ਕੇਂਦਰ ਸਰਕਾਰ ਵਿਰੁਧ ਰੋਸ ਕਰ ਰਹੇ ਹਨ ਪਰ ਹਰਿਆਣਾ ਸਰਕਾਰ ਵਲੋਂ ਕਿਸਾਨਾਂ ’ਤੇ ਤਸ਼ੱਦਦ ਢਾਹੇ ਜਾ ਰਹੇ ਹਨ।
ਪਟੀਸ਼ਨਰਾਂ ਜਸਕਰਨ, ਅੰਮ੍ਰਿਤਪਾਲ ਤੇ ਪੁਸ਼ਪਿੰਦਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਆਰਐਸ ਬੈਂਸ ਨੇ ਇਕਹਿਰੀ ਬੈਂਚ ਦਾ ਧਿਆਨ ਦਿਵਾਇਆ ਕਿ ਅਜਿਹਾ ਮਾਮਲਾ ਐਕਟਿੰਗ ਚੀਫ਼ ਜਸਟਿਸ ਦੇ ਬੈਂਚ ਕੋਲ ਚਲ ਰਿਹਾ ਹੈ, ਲਿਹਾਜਾ ਇਸ ਮਾਮਲੇ ਨੂੰ ਵੀ ਉੱਥੇ ਹੀ ਭੇਜ ਦਿਤਾ ਜਾਵੇ। ਜਸਟਿਸ ਆਲੋਕ ਜੈਨ ਦੇ ਬੈਂਚ ਨੇ ਇਹ ਮਾਮਲਾ ਐਕਟਿੰਗ ਚੀਫ਼ ਜਸਟਿਸ ਨੂੰ ਰੈਫ਼ਰ ਕਰ ਦਿਤਾ ਹੈ।
(For more Punjabi news apart from petition by injured farmers demanding FIR against police added to the main case, stay tuned to Rozana Spokesman)