ਨਿਸਰੀਆਂ ਫ਼ਸਲਾਂ ਉਤੇ ਪਈ ਮੀਂਹ ਦੀ ਮਾਰ, ਕਿਸਾਨਾਂ ਨੂੰ ਝਾੜ ਘਟਣ ਦਾ ਸਤਾ ਰਿਹਾ ਡਰ
Published : Mar 21, 2026, 7:59 am IST
Updated : Mar 21, 2026, 7:59 am IST
SHARE ARTICLE
photo
photo

ਮਾਲਵਾ ਖੇਤਰ ਵਿਚ ਆਲੂ ਦੀ ਪੁਟਾਈ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਸੀ ਪਰ ਲਗਾਤਾਰ ਮੀਂਹ ਕਾਰਨ ਖੇਤਾਂ ਵਿਚ ਪਾਣੀ ਭਰਨ ਕਰਕੇ ਕੰਮ ਕਰਨਾ ਮੁਸ਼ਕਲ ਹੋ ਰਿਹਾ ਹੈ

ਚੰਡੀਗੜ੍ਹ (ਭੁੱਲਰ): ਕਿਸਾਨ ਮੁਢੋਂ ਹੀ ਮੌਸਮ ਦੀ ਮਾਰ ਤੇ ਸਰਕਾਰਾਂ ਦੀ ਬੇਰੁਖੀ ਝਲਦੇ ਆ ਰਹੇ ਹਨ। ਪੰਜਾਬ ਵਿਚ ਆਏ ਹੜ੍ਹਾਂ ਦੀ ਮਾਰ ਤੋਂ ਹਾਲੇ ਉਨ੍ਹਾਂ ਦੇ ਪੈਰ ਸੰਭਲੇ ਵੀ ਨਹੀਂ ਸਨ ਕਿ ਤਾਜ਼ਾ ਬੇਮੌਸਮੀ ਮੀਂਹ ਨੇ ਉਨ੍ਹਾਂ ਨੂੰ ਫੇਰ ਝੋਰੇ ਵਿਚ ਪਾ ਦਿਤਾ ਹੈ। ਗੜ੍ਹੇਮਾਰੀ, ਤੇਜ਼ ਹਵਾਵਾਂ, ਝੱਖੜ ਨੇ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ, ਖਾਸ ਕਰਕੇ ਹਾੜੀ ਦੀਆਂ ਫ਼ਸਲਾਂ, ਕਣਕ ਅਤੇ ਸਰ੍ਹੋਂ ਵਾਢੀ ਤੋਂ ਪਹਿਲਾਂ ਹੀ ਧਰਤੀ ਉਤੇ ਵਿਛ ਗਈਆਂ ਹਨ।

ਪਛਮੀ ਗੜਬੜੀ ਕਾਰਨ ਤਾਪਮਾਨ ਵਿਚ ਤਾਂ ਗਿਰਾਵਟ ਆਈ ਹੀ ਪਰ ਫ਼ਸਲਾਂ ਉਤੇ ਮਾਰੂ ਅਸਰ ਕਰ ਰਹੀ ਹੈ। ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਤੇਜ਼ ਹਵਾਵਾਂ ਕਾਰਨ ਫ਼ਸਲ ਧਰਤੀ ’ਤੇ ਵਿਛ ਗਈ ਹੈ, ਜਿਸ ਨਾਲ ਝਾੜ ਵਿਚ 20 ਤੋਂ 30 ਫ਼ੀਸਦ ਤਕ ਕਮੀ ਆ ਸਕਦੀ ਹੈ। ਕੁਝ ਥਾਵਾਂ ’ਤੇ ਕਿਸਾਨਾਂ ਨੇ 25 ਤੋਂ 80 ਫ਼ੀਸਦ ਤਕ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਹੈ।

ਇਸੇ ਤਰ੍ਹਾਂ ਸਰ੍ਹੋਂ ਦੀਆਂ ਫਲੀਆਂ ਟੁੱਟ ਕੇ ਜ਼ਮੀਨ ’ਤੇ ਡਿੱਗਣ ਕਾਰਨ ਦਾਣੇ ਝੜ ਗਏ, ਜਿਸ ਨਾਲ ਉਤਪਾਦਨ ਘੱਟ ਹੋਣ ਦਾ ਖ਼ਤਰਾ ਵੱਧ ਗਿਆ ਹੈ। ਸਭ ਤੋਂ ਵੱਧ ਮਾਰ ਅੰਮ੍ਰਿਤਸਰ (ਅਜਨਾਲਾ, ਭੈਣੀ ਗਿੱਲਾਂ, ਪੰਡੋਰੀ), ਸੰਗਰੂਰ, ਬਠਿੰਡਾ, ਮਾਨਸਾ, ਬਰਨਾਲਾ, ਪਟਿਆਲਾ, ਕਪੂਰਥਲਾ, ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿਚ ਪਈ ਹੈ। ਮਾਲਵਾ ਅਤੇ ਸਰਹੱਦੀ ਖੇਤਰਾਂ ਵਿਚ ਵੱਧ ਨੁਕਸਾਨ ਹੋਇਆ ਹੈ। ਕਿਸਾਨਾਂ ਅਨੁਸਾਰ ਪ੍ਰਤੀ ਏਕੜ 3 ਤੋਂ 5 ਮਣ ਤਕ ਝਾੜ ਘੱਟ ਸਕਦਾ ਹੈ, ਜਿਸ ਨਾਲ ਆਰਥਕ ਨੁਕਸਾਨ ਵੱਡਾ ਹੋਵੇਗਾ। ਦੂਜੇ ਪਾਸੇ ਆਲੂ ਦੀ ਫ਼ਸਲ ਦੀ ਪੁਟਾਈ ਵੀ ਪ੍ਰਭਾਵਤ ਹੋ ਰਹੀ ਹੈ।

ਇਸ ਸਮੇਂ ਮਾਲਵਾ ਖੇਤਰ ਵਿਚ ਆਲੂ ਦੀ ਪੁਟਾਈ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਸੀ ਪਰ ਲਗਾਤਾਰ ਮੀਂਹ ਕਾਰਨ ਖੇਤਾਂ ਵਿਚ ਪਾਣੀ ਭਰਨ ਕਰਕੇ ਕੰਮ ਕਰਨਾ ਮੁਸ਼ਕਲ ਹੋ ਰਿਹਾ ਹੈ। ਗਿੱਲੀ ਮਿੱਟੀ ਵਿਚ ਮਸ਼ੀਨਾਂ ਚਲਾਉਣੀਆਂ ਔਖੀਆਂ ਹੋ ਗਈਆਂ ਹਨ, ਜਿਸ ਕਰਕੇ ਪੁਟਾਈ ਦੀ ਰਫ਼ਤਾਰ ਸੁਸਤ ਪੈ ਗਈ ਹੈ। ਕਈ ਥਾਵਾਂ ’ਤੇ ਮਜ਼ਦੂਰਾਂ ਨੂੰ ਵੀ ਕੰਮ ਕਰਨ ਵਿਚ ਮੁਸ਼ਕਲ ਆ ਰਹੀ ਹੈ। ਜੇਕਰ ਸਮੇਂ ਸਿਰ ਆਲੂ ਦੀ ਪੁਟਾਈ ਨਾ ਹੋ ਸਕੀ ਤਾਂ ਫਸਲ ਦੀ ਗੁਣਵੱਤਾ ’ਤੇ ਅਸਰ ਪੈ ਸਕਦਾ ਹੈ ਅਤੇ ਸਟੋਰੇਜ ਵਿਚ ਵੀ ਸਮੱਸਿਆਵਾਂ ਆ ਸਕਦੀਆਂ ਹਨ।

ਸਿੱਟੇ ਵਜੋਂ ਉਨ੍ਹਾਂ ਨੂੰ ਆਰਥਕ ਨੁਕਸਾਨ ਝਲਣਾ ਪੈ ਸਕਦਾ ਹੈ। ਕਿਸਾਨ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਪੰਜਾਬ ਖੇਤੀਬਾੜੀ ਵਿਭਾਗ ਅਤੇ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਹ ਮੀਂਹ ਫ਼ਸਲਾਂ ਲਈ ਲਾਭਦਾਇਕ ਵੀ ਹੋ ਸਕਦਾ ਸੀ ਕਿਉਂਕਿ ਤਾਪਮਾਨ ਘੱਟ ਹੋਣ ਨਾਲ ਗਰਮੀ ਦਾ ਅਸਰ ਘੱਟ ਹੁੰਦਾ ਹੈ ਅਤੇ ਫ਼ਸਲਾਂ ਨੂੰ ਪਾਣੀ ਮਿਲ ਜਾਂਦਾ ਹੈ ਪਰ ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਨੇ ਨੁਕਸਾਨ ਜ਼ਿਆਦਾ ਕਰ ਦਿਤਾ ਹੈ। ਸੂਬੇ ਵਿਚ ਕੁੱਲ 35 ਲੱਖ ਹੈਕਟੇਅਰ ਕਣਕ ’ਤੇ ਵੱਡਾ ਨੁਕਸਾਨ ਹੋਣ ਦਾ ਅਨੁਮਾਨ ਹੈ। 
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement