ਸੱਭਿਆਚਾਰ ਸਾਨੂੰ ਸਿਰਫ਼ ਅਪਣੀ ਇਤਿਹਾਸਕ ਵਿਰਾਸਤ ਨਾਲ ਹੀ ਨਹੀਂ ਜੋੜਦਾ, ਸਗੋਂ ਸਾਡੇ ਵਰਤਮਾਨ ਅਤੇ ਭਵਿੱਖ ਲਈ ਵੀ ਮਜ਼ਬੂਤ ਬੁਨਿਆਦ ਤਿਆਰ ਕਰਦਾ ਹੈ
ਬਿਨਾਂ ਸੱਕ ਸੱਭਿਆਚਾਰ ਕਿਸੇ ਵੀ ਕੌਮ ਦੀ ਰੂਹ ਹੁੰਦਾ ਹੈ। ਕਿਸੇ ਖੇਤਰ ਦਾ ਵਜੂਦ ਅਤੇ ਉਸ ਦੀ ਪਹਿਚਾਣ ਹੁੰਦਾ ਹੈ। ਇਹ ਉਨ੍ਹਾਂ ਰਿਵਾਜਾਂ, ਰੀਤੀਆਂ, ਭਾਸ਼ਾਵਾਂ, ਕਲਾਵਾਂ, ਧਰਮਾਂ ਤੇ ਜੀਵਨ ਸ਼ੈਲੀ ਦਾ ਸੁੰਦਰ ਮਿਲਾਪ ਹੈ ਜੋ ਸਦੀਆਂ ਤੋਂ ਲੋਕਾਂ ਦੇ ਜੀਵਨ ਵਿਚ ਰਚੇ-ਵਸੇ ਹਨ। ਜੋ ਸਾਡੇ ਵੱਡ-ਵਡੇਰਿਆਂ ਦਾ ਸੰਭਾਲਿਆ ਹੋਇਆ, ਸਾਡੇ ਲਈ ਇਕ ਉਹ ਖ਼ਜ਼ਾਨਾ ਹੈ ਜਿਸ ਦੀ ਹਿਫ਼ਾਜ਼ਤ ਉਹ ਸਦੀਆਂ ਤੋਂ ਕਰਦੇ ਆ ਰਹੇ ਹਨ।
ਸੱਭਿਆਚਾਰ ਸਾਨੂੰ ਸਿਰਫ਼ ਅਪਣੀ ਇਤਿਹਾਸਕ ਵਿਰਾਸਤ ਨਾਲ ਹੀ ਨਹੀਂ ਜੋੜਦਾ, ਸਗੋਂ ਸਾਡੇ ਵਰਤਮਾਨ ਅਤੇ ਭਵਿੱਖ ਲਈ ਵੀ ਮਜ਼ਬੂਤ ਬੁਨਿਆਦ ਤਿਆਰ ਕਰਦਾ ਹੈ। ਕਿਸੇ ਵੀ ਰਾਸ਼ਟਰ ਦੀ ਪਛਾਣ ਉਸ ਦੇ ਸੱਭਿਆਚਾਰ ਨਾਲ ਹੀ ਹੁੰਦੀ ਹੈ। ਜਿਵੇਂ ਕਿ ਪੰਜਾਬ ਦਾ ਸੱਭਿਆਚਾਰ ਖੁੱਲ੍ਹੇ ਦਿਲ, ਭੰਗੜੇ-ਗਿੱਧੇ, ਮਿੱਠੀ ਬੋਲੀ ਤੇ ਮਹਿਮਾਨ ਨਵਾਜ਼ੀ ਲਈ ਜਾਣਿਆ ਜਾਂਦਾ ਹੈ। ਪੰਜਾਬ ਦੀ ਗਿੱਧੇ ਵਿਚ ਨੱਚਦੀ ਜਵਾਨੀ, ਠਾਠਾਂ ਮਾਰਦਾ ਹੁਸਨ, ਰੂਹੀਂ ਸੰਗੀਤ ਜਿਸ ਨੂੰ ਸੁਣ ਕੇ ਮੁਰਦੇ ਵਿਚ ਵੀ ਜਾਨ ਪੈ ਜਾਵੇ। ਸਾਡੇ ਪੰਜਾਬ ਦੇ ਕੁਝ ਕੁ ਖੇਤਰਾਂ ਦੀ ਬੋਲੀ ਤਾਂ ਗੁੜ ਨਾਲੋਂ ਵੀ ਜ਼ਿਆਦਾ ਮਿੱਠੀ ਹੈ।
ਪੰਜਾਬ ਦੇ ਲੜਕੇ ਭੰਗੜੇ ਵਿਚ ਇਹੋ ਜਿਹਾ ਰੰਗ ਬੰਨ੍ਹਦੇ ਹਨ ਜੋ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ, ਉਹ ਸਿਰਫ ਪੰਜਾਬ ਦੇ ਹਿੱਸੇ ਹੈ। ਉੱਚੇ ਲੰਮੇ ਸੋਹਣੇ ਸ਼ੋਕੀਨ ਗੱਭਰੂ ਸਮਾਜ ਅੰਦਰ ਵਿਚ ਵੱਖਰਾ ਹੀ ਮੁਕਾਮ ਬਣਾ ਲੈਂਦੇ ਹਨ। ਸੱਭਿਆਚਾਰ ਵਿਚ ਲੋਕ-ਗੀਤ ਲੋਕ-ਨਾਚ, ਪਹਿਰਾਵੇ, ਖਾਣ-ਪੀਣ ਅਤੇ ਮੇਲੇ-ਤਿਉਹਾਰ ਖਾਸ ਮਹੱਤਵ ਰੱਖਦੇ ਹਨ। ਮੇਲਿਆਂ ’ਤੇ ਜਾਣਾ ਭਾਂਤ ਭਾਂਤ ਦੀਆਂ ਸਟਾਲਾਂ ਲੱਗੀਆਂ ਹੋਣੀਆਂ, ਤਰ੍ਹਾਂ-ਤਰ੍ਹਾਂ ਦੀਆਂ ਦੁਕਾਨਾਂ ਦੀ ਹੋਂਦ ਦਿਲ ਨੂੰ ਖੁਸ਼ੀਆਂ ਖੇੜਿਆਂ ਨਾਲ ਭਰ ਦਿੰਦੀ ਹੈ। ਇਹ ਮੌਕੇ ਸਾਡੇ ਜੀਵਨ ਨੂੰ ਰੰਗੀਂ ਅਤੇ ਖੁਸ਼ਹਾਲ ਬਣਾਉਂਦੇ ਹਨ। ਸੱਭਿਆਚਾਰ ਸਾਨੂੰ ਆਪਸੀ ਪਿਆਰ, ਭਰਾਤਰੀ ਸਹਿਣਸ਼ੀਲਤਾ ਅਤੇ ਮਨੁੱਖਤਾ ਦਾ ਪਾਠ ਪੜ੍ਹਾਉਂਦਾ ਹੈ। ਸੱਭਿਆਚਾਰ ਇਕ ਅਜਿਹੀ ਪ੍ਰਕਿਰਿਆ ਹੈ ਜੋ ਨਿਰੰਤਰ ਜ਼ਿੰਦਗੀ ਵਿਚ ਚਲਦੀ ਰਹਿੰਦੀ ਹੈ। ਇਹ ਜਨਮ ਦੇ ਨਾਲ ਸ਼ੁਰੂ ਹੁੰਦੀ ਹੈ ਅਤੇ ਮਰਨ ਦੇ ਨਾਲ ਹੀ ਖ਼ਤਮ ਹੁੰਦੀ ਹੈ। ਇਸ ਵਿਚ ਵਿਅਕਤੀ ਸਮਾਜਿਕ ਵੰਦਨਾ ਵਿਚ ਰਹਿ ਕੇ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ, ਜੋ ਨਿਯਮ ਸਾਡੇ ਵੱਡ-ਵਡੇਰਿਆਂ ਨੇ ਬਣਾਏ ਹਨ, ਅਪਣਾ ਜੀਵਨ ਬਸ਼ਰ ਕਰਦਾ ਹੈ।
ਪਰ ਅੱਜ ਦੇ ਸਮੇਂ ਵਿਚ, ਜਦੋਂ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਵਧ ਰਿਹਾ ਹੈ, ਸਾਡੀਆਂ ਆਉਣ ਵਾਲੀਆਂ ਪੀੜੀਆਂ ਅਤੇ ਸਾਡੇ ਹੁਣ ਦੇ ਜੰਮਪਲ ਜੋ ਅਪਣਾ ਪਿਛੋਕੜ ਭੁੱਲਣ ਦੇ ਨਾਲ-ਨਾਲ ਸੱਭਿਆਚਾਰ ਭੁੱਲ ਚੁੱਕੇ ਹਨ, ਉਨ੍ਹਾਂ ਨੂੰ ਸੱਭਿਆਚਾਰ ਬਾਰੇ ਦੱਸਣਾ, ਸਾਹਿਤ ਦੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ। ਕਿਉਂਕਿ ਸਾਨੂੰ ਅਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਅਪਣੀ ਆਉਣ ਵਾਲੀ ਪੀੜੀ ਵਾਸਤੇ ਕੁਝ ਅਜਿਹੀਆਂ ‘ਲਿਖਤਾਂ ਰੂਪੀ ਨੀਹਾਂ’ ਤਿਆਰ ਕਰਨੀਆਂ ਪੈਣਗੀਆਂ, ਜਿਸ ਵਿਚ ਅਪਣੇ ਸੱਭਿਆਚਾਰ ਬਾਰੇ ਭਰਪੂਰ ਮਾਤਰਾ ਵਿਚ ਜਾਣਕਾਰੀ ਦਿਤੀ ਜਾ ਸਕੇ। ਅਪਣੀ ਭਾਸ਼ਾ, ਜੋ ਬਹੁਮੁੱਲੀ ਹੈ ਅਤੇ ਬਹੁਰੰਗੀ ਹੈ ਇਸ ’ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਆਉਣ ਵਾਲੀਆਂ ਪੀੜੀਆਂ ਲਈ ਕੁਝ ਅਜਿਹੀਆਂ ਲਿਖਤਾਂ ਸਮਾਜ ਦੀ ਝੋਲੀ ਪਾਉਣੀਆ ਚਾਹੀਦੀਆਂ ਹਨ ਜੋ ਨੌਜਵਾਨ ਪੀੜ੍ਹੀ ਲਈ ਰਾਹ ਦਸੇਰਾ ਬਣ ਸਕਣ।
ਸੰਗੀਤ ਵਿਚ ਵੀ ਗਾਇਕਾਂ ਤੇ ਲੇਖਕਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਗੀਤ ਲਿਖੇ, ਗਾਏ ਜਾਣ ਜਿਸ ਵਿਚ ਮਨੋਰੰਜਨ ਤਾਂ ਹੋਵੇ ਹੀ ਨਾਲ ਕੁਝ ਚੰਗੇ ਵਿਚਾਰ ਵੀ ਹੋਣ। ਲੋਕ-ਕਲਾ ਨੂੰ ਜਿਉਂਦੇ ਰੱਖਣ ਲਈ ਸਾਨੂੰ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਸਭ ਲੋਕ ਕਲਾਵਾਂ ਸਿਖਾਉਣੀਆ ਚਾਹੀਦੀਆਂ ਹਨ ਜਿਵੇਂ ਮੰਜਾ ਬੁਣਨਾ, ਪੋਰੀਆ ਵਾਲੇ ਨਾਲੇ, ਪੱਖੀ ਬੁਣਨਾ ਆਦਿ ਸਭ ਉਨ੍ਹਾਂ ਨੂੰ ਸਿਖਾਉਣਾ ਅੱਜ ਦੀ ਲੋੜ ਹੈ ਅਤੇ ਰਸਮੋ-ਰਿਵਾਜਾਂ ਨੂੰ ਜੀਵਤ ਰੱਖਣਾ ਸਾਡਾ ਸਮਾਜਿਕ ਫ਼ਰਜ਼ ਹੈ। ਨਤੀਜਨ ਸੱਭਿਆਚਾਰ ਉਹ ਸ਼ੀਸ਼ਾ ਹੈ, ਜਿਸ ਵਿਚ ਕਿਸੇ ਕੌਮ ਦੀ ਪਹਿਚਾਣ ਅਤੇ ਉਸ ਦੇ ਮੁੱਲ ਵਿਖਾਈ ਦਿੰਦੇ ਹਨ। ਇਸ ਲਈ ਸਾਨੂੰ ਅਪਣੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਣਾ ਅਤੇ ਅਗਲੀ ਪੀੜ੍ਹੀ ਤਕ ਪਹੁੰਚਦਾ ਕਰਨਾ ਚਾਹੀਦਾ ਹੈ। ਸਾਨੂੰ ਅਜਿਹੇ ਕਾਰਜ ਕਰਨੇ ਚਾਹੀਦੇ ਹਨ ਜਿਸ ਦੇ ਵਿਚ ਸੱਭਿਆਚਾਰ ਦਾ ਪੱਖ ਮਜ਼ਬੂਤੀ ਨਾਲ ਪੇਸ਼ ਕੀਤਾ ਹੋਵੇ।
ਪ੍ਰੋ. ਗੀਤਾ (ਗੁਰਲੀਨ ਕੌਰ)
ਮੋ. 8360701959)
