
ਚੰਨੀ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਸਰਕਾਰਾਂ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ।
MP Charanjit Channi: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਸੰਸਦ ਵਿਚ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਸੰਸਦ ਵਿਚ ਬੋਲਦਿਆਂ ਚੰਨੀ ਨੇ ਕਿਹਾ ਕਿ ਕਿਸਾਨਾਂ ਨਾਲ ਦੋਹਾਂ ਸਰਕਾਰਾਂ ਨੇ ਧੋਖਾ ਕੀਤਾ ਹੈ। ਉਨ੍ਹਾਂ ਕਿਸਾਨ ਅੰਦੋਲਨ ਦੇ ਪਿਛੋਕੜ ਵਿਚ ਜਾਂਦਿਆਂ ਕਿਹਾ ਕਿ ਜਿਸ ਵੇਲੇ ਕਿਸਾਨ ਅੰਦੋਲਨ ਦਿੱਲੀ ਚਲ ਰਿਹਾ ਸੀ ਉਸ ਵੇਲੇ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਇਸੇ ਭਰੋਸੇ ਦੌਰਾਨ ਧਰਨਾ ਚੁਕ ਲਿਆ ਗਿਆ ਪਰ ਜਦੋਂ ਇਹ ਵਾਅਦੇ ਇੱਕ ਸਾਲ ਬੀਤਣ ਤੋਂ ਬਾਅਦ ਵੀ ਵਫ਼ਾ ਨਾ ਹੋਏ ਤਾਂ ਕਿਸਾਨਾਂ ਨੇ ਮੁੜ ਦਿੱਲੀ ਕੂਚ ਕਰਨ ਦਾ ਪ੍ਰੋਗਰਾਮ ਬਣਾਇਆ।
ਦੂਜੀ ਵਾਰ ਕਿਸਾਨਾਂ ਨੂੰ ਹਰਿਆਣਾ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਤੇ ਹਰਿਆਣਾ ਸਰਕਾਰ ਨੇ ਦਿੱਲੀ ਆਉਂਦੇ ਰਸਤੇ ਸੀਮਿੰਟ ਦੀਆਂ ਸਲੈਬਾਂ ਲਗਾ ਕੇ ਬੰਦ ਕਰ ਦਿੱਤੇ। ਅਤੇ ਕਿਸਾਨਾਂ ਨੂੰ ਬਦਨਾਮ ਕੀਤਾ ਗਿਆ ਕਿ ਰਸਤੇ ਕਿਸਾਨਾਂ ਨੇ ਬੰਦ ਕੀਤੇ ਹਨ। ਜਦਕਿ ਰਸਤੇ ਹਰਿਆਣਾ ਸਰਕਾਰ ਨੇ ਬੰਦ ਕੀਤੇ ਸਨ। ਇਸ ਤੋਂ ਅੱਗੇ ਧਰਨਾਕਾਰੀ ਕਿਸਾਨਾਂ ਨਾਲ ਸਰਕਾਰ ਨੇ ਗੱਲਬਾਤ ਸ਼ੁਰੂ ਕੀਤੀ। ਪਰ ਗੱਲਬਾਤ ਦੌਰਾਨ ਹੀ ਭਾਰੀ ਪੁਲਿਸ ਬਲ ਨਾਲ ਉਨ੍ਹਾਂ ਨੂੰ ਧਰਨੇ ਵਾਲੀ ਜਗ੍ਹਾ ਤੋਂ ਖਦੇੜ ਦਿਤਾ ਗਿਆ।
ਚੰਨੀ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਸਰਕਾਰਾਂ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ। ਭਾਜਪਾ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਸਨਮਾਨ ਨਿਧੀ ਛੇ ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਕੀਤੀ ਜਾਣੀ ਚਾਹੀਦੀ ਹੈ ਕਿਸਾਨਾਂ ਨੂੰ ਐੱਮਐੱਸਪੀ ਉੱਤੇ ਪ੍ਰਤੀ ਕੁਇੰਟਲ ਇਕ ਸੌ ਰੁਪਏ ਅਲੱਗ ਤੋਂ ਦਿੱਤੇ ਜਾਣ ਤਾਂ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਨੂੰ ਖੇਤਾਂ ਵਿਚੋਂ ਚੁੱਕ ਕੇ ਲੈ ਜਾਣ।