
ਪੂਰਾ ਇਕ ਮਹੀਨੇ ਦੇ ਸੰਘਰਸ਼ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਪਾਰ ਕਰਦੇ ਆਖਿਰ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਪਹੁੰਚ ਹੀ ਗਏ
ਪੂਰਾ ਇਕ ਮਹੀਨੇ ਦੇ ਸੰਘਰਸ਼ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਪਾਰ ਕਰਦੇ ਆਖਿਰ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਪਹੁੰਚ ਹੀ ਗਏ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਕਿਸਾਨ। 19 ਅਤੇ 20 ਮਾਰਚ ਨੂੰ ਕਰਨਾਲ ਵਿਖੇ ਹੋਏ 67 ਕਿਸਾਨ ਜਥੇਬੰਦੀਆਂ ਦੇ ਪੰਚਾਇਤ ਮਹਾਂਸੰਮੇਲਨ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਵਿਚ ਡਾ. ਸਵਾਮੀ ਨਾਥਨ ਦੀ ਰੀਪੋਰਟ ਨੂੰ ਲਾਗੂ ਕਰਵਾਉਣ ਲਈ ਕਿਸੇ ਵੀ ਹਾਲਤ ਵਿਚ ਰਾਮਲੀਲਾ ਮੈਦਾਨ ਦਿੱਲੀ ਵਿਖੇ ਪਹੁੰਚਣਾ ਹੈ।ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਵੱਖੋ ਵੱਖਰੇ ਰਸਤਿਆਂ ਰਾਹੀਂ ਆਪਣੇ ਟਰੈਕਟਰ-ਟਰਾਲੀਆਂ ਅਤੇ ਖਾਣ ਵਾਲੇ ਰਾਸ਼ਨ ਸਮੇਤ ਦਿੱਲੀ ਵਿਚ ਅਣਮਿੱਥੇ ਸਮੇਂ ਲਈ ਧਰਨਾ ਅਰੰਭ ਦਿਤਾ ਹੈ। ਸੂਬਾ ਪ੍ਰਚਾਰ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇਹ ਲੜਾਈ ਆਰ-ਪਾਰ ਦੀ ਹੋਵੇਗੀ, ਸਾਡੀ ਜੱਥੇਬੰਦੀ ਹਰ ਹਾਲਤ ਵਿਚ ਕਿਸਾਨ ਪੱਖੀ ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਤੋਂ ਬਾਅਦ ਪੰਜਾਬ ਪਰਤੇਗੀ ਅਤੇ ਨਾ ਲਾਗੂ ਕਰਨ ਦੀ ਸੂਰਤ ਵਿਚ ਸਾਡੀ ਜੱਥੇਬੰਦੀ ਨੂੰ ਕੋਈ ਵੀ ਕੁਰਬਾਨੀ ਦੇਣੀ ਪਈ, ਤਾਂ ਜੱਥੇਬੰਦੀ ਦੇ ਸਾਰੇ ਕਿਸਾਨ ਤਿਆਰ-ਬਰ-ਤਿਆਰ ਹਨ।
Farmers at Ram Leela Ground
ਉਨ੍ਹਾਂ ਇਹ ਵੀ ਕਿਹਾ ਕਿ ਕੁਝ ਦਿਨ ਧਰਨਾ ਲਾਉਣ ਤੋਂ ਬਾਅਦ ਜੇਕਰ ਸਮੇਂ ਦੀ ਸਰਕਾਰ ਦਾ ਕੋਈ ਜ਼ਿੰਮੇਵਾਰ ਨੁਮਾਇੰਦਾ ਰਾਮਲੀਲਾ ਮੈਦਾਨ ਵਿਚ ਸਾਡੇ ਧਰਨੇ ਵਿਚ ਆ ਕੇ ਸਾਡਾ ਮੰਗ ਪੱਤਰ ਸਵੀਕਾਰ ਨਹੀਂ ਕਰਦਾ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਅਤੇ ਜੇਕਰ ਸਰਕਾਰ ਵੱਲੋਂ ਕੋਈ ਵੀ ਨੁਮਾਇੰਦਾ ਸਾਡੀ ਮੰਗ ਵੱਲ ਧਿਆਨ ਨਹੀਂ ਦੇਵੇਗਾ, ਤਾਂ ਅਸੀਂ ਸਰਕਾਰ ਨੂੰ ਇਕ ਅਲਟੀਮੇਟਮ ਪੱਤਰ ਲਿਖ ਕੇ ਅਣਮਿੱਥੇ ਸਮੇਂ ਲਈ ਮਰਨ ਵਰਤ 'ਤੇ ਬੈਠਣ ਲਈ ਵੀ ਤਿਆਰ ਹਾਂ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੂੰ ਹੋਰ ਵੀ ਕਈ ਕਿਸਾਨ ਜੱਥੇਬੰਦੀਆਂ ਦਾ ਸਮਰਥਣ ਹਾਸਲ ਹੈ ਅਤੇ ਵਿਰੋਧੀ ਧਿਰ ਦੇ ਲੀਡਰ ਸਾਡੀ ਸੁਪੋਰਟ ਕਰਨ ਲਈ ਅਪਰੋਚ ਕਰ ਰਹੇ ਹਨ। ਜਿਸਦਾ ਸਾਡੀ ਜੱਥੇਬੰਦੀ ਸਵਾਗਤ ਕਰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਨ ਸਿੰਘ ਰਾਜਪੁਰਾ, ਮੇਹਰ ਸਿੰਘ ਥੇੜੀ, ਜਗਜੀਤ ਸਿੰਘ, ਗੁਰਨਾਮ ਸਿੰਘ ਅਤੇ ਰਾਕੇਸ਼ ਥੇੜੀ ਵੀ ਸ਼ਾਮਲ ਸਨ।