
ਯੁਨੀਅਨ ਵਲੋਂ ਦਿਤੇ ਮੰਗ ਪੱਤਰ ਅਨੁਸਾਰ ਸਰਕਾਰ ਕਿਸਾਨੀ ਮੁੱਦਿਆਂ ਪ੍ਰਤੀ ਗੰਭੀਰ ਹੈ
ਪਿਛਲੇ ਤਿੰਨ ਦਿਨ ਤੋਂ ਮੋਹਾਲੀ ਦੇ ਵਾਈ ਪੀ ਐਸ ਚੌਂਕ ਵਿਚ ਦਿਤਾ ਜਾ ਰਿਹਾ ਧਰਨਾ ਅੱਜ ਮੁੱਖ ਮੰਤਰੀ ਦਫ਼ਤਰ ਵਲੋਂ ਮੰਗਾਂ ਬਾਰੇ ਵਿਚਾਰ ਕਰ ਕੇ ਹੱਲ ਕਰਨ ਦੇ ਵਿਸ਼ਵਾਸ ਨਾਲ ਸਮਾਪਤ ਕਰ ਦਿਤਾ ਗਿਆ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਯੁਨੀਅਨ ਵਲੋਂ ਦਿਤੇ ਮੰਗ ਪੱਤਰ ਅਨੁਸਾਰ ਸਰਕਾਰ ਕਿਸਾਨੀ ਮੁੱਦਿਆਂ ਪ੍ਰਤੀ ਗੰਭੀਰ ਹੈ ਅਤੇ ਇਨ੍ਹਾਂ ਦੇ ਜਲਦ ਹੱਲ ਲਈ ਯਤਨਸ਼ੀਲ ਹੈ ਅਤੇ ਛੇਤੀ ਹੀ ਮੁੱਖ ਮੰਤਰੀ ਵਲੋਂ ਵਫ਼ਦ ਨਾਲ ਮੀਟਿੰਗ ਕਰਨ ਲਈ ਸਮਾਂ ਤੈਅ ਕੀਤਾ ਜਾਵੇਗਾ। ਇਸ ਮੌਕੇ ਪ੍ਰਸ਼ਾਸਨ ਵਲੋਂ ਐਸ ਡੀ ਐਮ ਡਾ. ਆਰ ਪੀ ਸਿੰਘ ਅਤੇ ਨਾਇਬ ਤਹਿਸੀਲਦਾਰ ਦਲੀਪ ਸਿੰਘ ਨੇ ਰਾਜੇਵਾਲ ਕੋਲ ਜਾ ਕੇ ਉਨ੍ਹਾਂ ਦਾ ਹਾਲ ਚਾਲ ਪੁਛਿਆ ਅਤੇ ਧਰਨਾ ਸਮਾਪਤੀ ਲਈ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਵਲੋਂ ਰੋਕੇ ਜਾਣ ਤੋਂ ਬਾਅਦ ਕਿਸਾਨ ਉਥੇ ਹੀ ਧਰਨੇ 'ਤੇ ਬੈਠ ਗਏ ਸਨ ਅਤੇ ਮੰਗਾਂ ਨਾ ਮੰਨੇ ਜਾਣ ਤਕ ਧਰਨਾ ਸ਼ੁਰੂ ਕਰ ਦਿਤਾ ਸੀ। ਇਸ ਦੌਰਾਨ ਯੂਨੀਅਨ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੋ ਦਿਨਾਂ ਦੀ ਭੁੱਖ ਹੜਤਾਲ 'ਤੇ ਬੈਠ ਗਏ ਸਨ, ਜਿਨ੍ਹਾਂ ਦੀ ਤਬੀਅਤ ਵਿਗੜਨ ਕਰ ਕੇ ਬੀਤੀ ਰਾਤ ਹਸਪਤਾਲ ਦਾਖ਼ਲ ਕੀਤਾ ਸੀ। ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਧਰਨੇ ਵਾਲੀ ਥਾਂ 'ਤੇ ਲਿਆ ਕੇ ਵਰਤ ਖੁਲ੍ਹਵਾਇਆ ਗਿਆ।
Farmers Agitation
ਇਸ ਮੌਕੇ ਉਂਕਾਰ ਸਿੰਘ ਅਗੌਲ, ਜਨਰਲ ਸਕੱਤਰ ਪੰਜਾਬ ਅਤੇ ਨੇਕ ਸਿੰਘ ਖੋਖ ਸੀਨੀਅਰ ਮੀਤ ਪ੍ਰਧਾਨ ਨੇ ਬਜਟ ਬਾਰੇ ਅਪਣੇ ਵਿਚਾਰ ਦਿੰਦੇ ਹੋਏ ਇਸ ਨੂੰ ਕਿਸਾਨਾਂ ਦੀਆਂ ਉਮੀਦਾਂ ਮੁਤਾਬਕ ਨਾ ਹੋਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਕਿਸਾਨਾਂ ਲਈ ਨਿਰਾਸ਼ਾ ਹੀ ਹੈ। ਧਰਨੇ ਸਮਾਪਤੀ ਦਾ ਐਲਾਨ ਕਰਦਿਆਂ ਕਿਹਾ ਕਿ ਸਾਡਾ ਧਰਨਾ ਪੂਰੀ ਤਰ੍ਹਾਂ ਸਮਾਪਤ ਨਹੀਂ ਹੋਇਆ ਅਤੇ ਅਸੀਂ ਮੰਗਾਂ ਪੂਰੀਆਂ ਹੋਣ ਤਕ ਸੰਘਰਸ਼ ਕਰਦੇ ਰਹਾਂਗੇ। ਮੁੱਖ ਮੰਤਰੀ ਵਲੋਂ ਦਿਤੇ ਭਰੋਸੇ ਤੋਂ ਬਾਅਦ ਅਸੀਂ ਉਨ੍ਹਾਂ ਦੇ ਮੀਟਿੰਗ ਲਈ ਦਿਤੇ ਜਾਣ ਵਾਲੇ ਸਮੇਂ ਦਾ ਇੰਤਜ਼ਾਰ ਕਰਾਂਗੇ। ਆਗੂਆਂ ਦੇ ਧਰਨਾ ਸਮਾਪਤੀ ਦੇ ਐਲਾਨ ਤੋਂ ਬਾਅਦ ਮੌਜੂਦ ਕਿਸਾਨਾਂ ਲੰਗਰ ਛੱਕ ਕੇ ਅਪਣੇ ਅਪਣੇ ਸਾਧਨਾਂ ਰਾਹੀਂ ਵਾਪਸ ਚਲੇ ਗਏ।