ਕਣਕ ਅਤੇ ਚੌਲ ਦੀ ਬੰਪਰ ਫਸਲ ਨੇ ਸਮੁੱਚੇ ਅਨਾਜ ਉਤਪਾਦਨ ’ਚ ਵਾਧਾ ਕੀਤਾ
Grain Production : ਜੂਨ ’ਚ ਖਤਮ ਹੋਏ ਫਸਲੀ ਸਾਲ 2023-24 ’ਚ ਭਾਰਤ ਦਾ ਅਨਾਜ ਉਤਪਾਦਨ ਰੀਕਾਰਡ 33.22 ਕਰੋੜ ਟਨ ਤਕ ਪਹੁੰਚ ਗਿਆ ਹੈ। ਕਣਕ ਅਤੇ ਚੌਲ ਦੀ ਬੰਪਰ ਫਸਲ ਨੇ ਸਮੁੱਚੇ ਅਨਾਜ ਉਤਪਾਦਨ ’ਚ ਵਾਧਾ ਕੀਤਾ ਹੈ।
ਖੇਤੀਬਾੜੀ ਮੰਤਰਾਲੇ ਨੇ ਬੁਧਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਫਸਲੀ ਸਾਲ 2023-24 ਲਈ ਅੰਤਿਮ ਅਨੁਮਾਨ ਪਿਛਲੇ ਸਾਲ ਦੇ 32.96 ਕਰੋੜ ਟਨ ਤੋਂ 26.1 ਲੱਖ ਟਨ ਵੱਧ ਹੈ। ਇਸ ਸਮੇਂ ਦੌਰਾਨ ਚੌਲਾਂ ਦਾ ਉਤਪਾਦਨ ਰੀਕਾਰਡ 13.78 ਕਰੋੜ ਟਨ ਤਕ ਪਹੁੰਚ ਗਿਆ ਜੋ 2022-23 ’ਚ 13.57 ਕਰੋੜ ਟਨ ਸੀ।
ਕਣਕ ਦਾ ਉਤਪਾਦਨ ਵੀ 2022-23 ਦੇ 110.5 ਮਿਲੀਅਨ ਟਨ ਦੇ ਮੁਕਾਬਲੇ ਵਧ ਕੇ 11.32 ਕਰੋੜ ਟਨ ਦੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ।
ਹਾਲਾਂਕਿ, ਦਾਲਾਂ ਦਾ ਉਤਪਾਦਨ 2.6 ਕਰੋੜ ਟਨ ਤੋਂ ਘਟ ਕੇ 2.42 ਕਰੋੜ ਟਨ ਅਤੇ ਤੇਲ ਬੀਜਾਂ ਦਾ ਉਤਪਾਦਨ 4.13 ਕਰੋੜ ਟਨ ਤੋਂ ਘਟ ਕੇ 3.96 ਕਰੋੜ ਟਨ ਰਹਿ ਗਿਆ।
ਮੰਤਰਾਲੇ ਨੇ ਦਾਲਾਂ, ਅਨਾਜ, ਸੋਇਆਬੀਨ ਅਤੇ ਕਪਾਹ ਦੇ ਉਤਪਾਦਨ ’ਚ ਗਿਰਾਵਟ ਦਾ ਕਾਰਨ ਮਹਾਰਾਸ਼ਟਰ ਸਮੇਤ ਦਖਣੀ ਸੂਬਿਆਂ ’ਚ ਸੋਕੇ ਦੀ ਸਥਿਤੀ ਨੂੰ ਦਸਿਆ ਹੈ। ਇਸ ਤੋਂ ਇਲਾਵਾ ਅਗੱਸਤ ’ਚ ਰਾਜਸਥਾਨ ’ਚ ਲੰਮੇ ਸਮੇਂ ਤਕ ਸੋਕਾ ਪਿਆ ਸੀ, ਜਿਸ ਨਾਲ ਉਤਪਾਦਨ ਪ੍ਰਭਾਵਤ ਹੋਇਆ ਸੀ।
ਗੰਨੇ ਦਾ ਉਤਪਾਦਨ 49.05 ਕਰੋੜ ਗੰਢਾਂ ਤੋਂ ਘਟ ਕੇ 45.31 ਕਰੋੜ ਟਨ ਰਹਿ ਗਿਆ, ਅਤੇ ਕਪਾਹ ਦਾ ਉਤਪਾਦਨ 3.36 ਕਰੋੜ ਗੰਢਾਂ ਤੋਂ ਘਟ ਕੇ 3.25 ਕਰੋੜ ਗੰਢਾਂ (ਹਰੇਕ 170 ਕਿਲੋਗ੍ਰਾਮ) ਰਹਿ ਗਿਆ। ਭਾਰਤ ’ਚ ਅਨਾਜ ’ਚ ਚਾਵਲ, ਕਣਕ, ਮੋਟੇ ਅਨਾਜ, ਬਾਜਰਾ ਅਤੇ ਦਾਲਾਂ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ ਇਹ ਅਨੁਮਾਨ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਪਤ ਜਾਣਕਾਰੀ ’ਤੇ ਅਧਾਰਤ ਹਨ।