ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਕੀਟਨਾਸ਼ਕਾਂ ਦੀ ਸਪਰੇਅ ਅਪਣੀ ਦੇਖ-ਰੇਖ ਅਧੀਨ ਪਹਿਲ ਦੇ ਅਧਾਰ ’ਤੇ ਕਰਵਾਉਣ ਦੀ ਹਦਾਇਤ
ਚੰਡੀਗੜ੍ਹ: ਪੰਜਾਬ ਰਾਜ ਵਿਚ ਵੱਖ-ਵੱਖ ਪਾਸਿਆਂ ਤੋਂ ਖ਼ਬਰਾਂ ਆ ਰਹੀਂਆਂ ਹਨ ਕਿ ਕਣਕ ਦੀ ਫ਼ਸਲ ਉਪਰ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਖ਼ਬਰਾਂ ਦੇ ਮੱਦੇਨਜਰ ਵਿਭਾਗ ਨੇ ਚੋਕਸੀ ਵਰਤਦੇ ਹੋਏ ਜਸਵੰਤ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸੰਯੁਕਤ ਡਾਇਰੈਟਰ ਖੇਤੀਬਾੜੀ (ਪੌਦਾ ਸੁਰੱਖਿਆ) ਅਤੇ ਡਿਪਟੀ ਡਾਇਰੈਕਟਰ ਖੇਤੀਬਾੜੀ (ਐਲ ਸੀ ਪੀ ਪੀ ) ਦੀ ਮੌਜੂਦਗੀ ਵਿਚ ਸਮੂਹ ਪੰਜਾਬ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਦੇ ਨਾਲ ਵੀਡੀਉ ਕਾਨਫ਼ਰੰਸ ਰਾਹੀਂ ਮੀਟਿੰਗ ਕੀਤੀ ਗਈ ਅਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ।
ਜਿਸ ਵਿਚ ਪਤਾ ਲੱਗਾ ਕਿ ਜ਼ਿਲ੍ਹਾ ਮਾਨਸਾ, ਪਟਿਆਲਾ ਅਤੇ ਸੰਗਰੂਰ ਅੰਦਰ ਕਈ ਥਾਵਾਂ ’ਤੇ ਸੁੰਡੀ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ, ਬਰਨਾਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਫ਼ਰੀਦਕੋਟ ’ਚ ਵੀ ਟਾਂਵਾ-ਟਾਂਵਾ ਹਮਲਾ 2-3 ਖੇਤਾਂ ਵਿਚ ਵੇਖਣ ਵਿਚ ਆਇਆ ਹੈ।
ਇਸ ਹਮਲੇ ਨੂੰ ਕਾਬੂ ਕਰਨ ਦੀ ਵਿਉਂਤਬੰਦੀ ਅਧੀਨ ਡਾਇਰੈਕਟਰ, ਖੇਤੀਬਾੜੀ ਵਲੋਂ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਵਲੋਂ ਖੇਤਾਂ ਦਾ ਨਿਰੰਤਰ ਦੌਰਾ ਕੀਤਾ ਜਾਵੇ ਅਤੇ ਕਿਤੇ ਵੀ ਕੋਈ ਸੁੰਡੀ ਦਾ ਹਮਲਾ ਵੇਖਣ ਵਿਚ ਆਉਂਦਾ ਹੈ ਤਾਂ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਕੀਟਨਾਸ਼ਕਾਂ ਦੀ ਸਪਰੇਅ ਅਪਣੀ ਦੇਖ-ਰੇਖ ਅਧੀਨ ਪਹਿਲ ਦੇ ਅਧਾਰ ’ਤੇ ਕਰਵਾਈ ਜਾਵੇ।