ਪ੍ਰਤੀ ਵਿਅਕਤੀ ਕਰਜ਼ਾ ਪਹੁੰਚਿਆ 123274 ਰੁਪਏ : ਰਿਪੋਰਟ
Punjab Becomes the State with the Highest Per Capita Debt in the Country Latest News in Punjabi ਨਵੀਂ ਦਿੱਲੀ : ਪੀ.ਆਰ.ਐਸ. ਲੈਜਿਸਲੇਟਿਵ ਰਿਸਰਚ ਇੰਸਟੀਚਿਊਟ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਦੇਸ਼ ਦਾ ਸੱਭ ਤੋਂ ਵੱਧ ਪ੍ਰਤੀ ਵਿਅਕਤੀ ਕਰਜ਼ੇ ਵਾਲਾ ਸੂਬਾ ਬਣ ਗਿਆ ਹੈ। ਪੰਜਾਬ ’ਚ ਔਸਤ ਪ੍ਰਤੀ ਵਿਅਕਤੀ ਕਰਜ਼ਾ 1, 23, 274 ਰੁਪਏ ਹੈ। ਰਿਪੋਰਟ ਅਨੁਸਾਰ ਕੇਰਲ ਦੂਜੇ ਨੰਬਰ 'ਤੇ ਹੈ, ਜਿਥੇ ਪ੍ਰਤੀ ਵਿਅਕਤੀ ਕਰਜ਼ਾ 1, 20,444 ਰੁਪਏ ਹੈ। ਮਹਾਰਾਸ਼ਟਰ ਦਾ ਤੀਜਾ ਨੰਬਰ ਹੈ, ਜਿੱਥੇ ਪ੍ਰਤੀ ਵਿਅਕਤੀ ਕਰਜ਼ਾ 65,568 ਰੁਪਏ ਹੈ। ਗੁਜਰਾਤ ਚੌਥੇ ਨੰਬਰ ’ਤੇ ਹੈ, ਜਿਥੇ ਪ੍ਰਤੀ ਵਿਅਕਤੀ ਕਰਜ਼ਾ 54,655 ਰੁਪਏ ਹੈ, ਜਦੋਂ ਕਿ ਬਿਹਾਰ ਪੰਜਵੇਂ ਨੰਬਰ ’ਤੇ ਹੈ, ਜਿੱਥੇ ਪ੍ਰਤੀ ਵਿਅਕਤੀ ਕਰਜ਼ਾ 21,220 ਰੁਪਏ ਹੈ।
ਇਨ੍ਹਾਂ ਅੰਕੜਿਆਂ ਨੇ ਸੂਬਿਆਂ ਦੀ ਆਰਥਿਕ ਸਿਹਤ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਖਾਸ ਕਰ ਕੇ ਉਨ੍ਹਾਂ ਸੂਬਿਆਂ ਦੀ ਜਿੱਥੇ ਕਰਜ਼ਾ ਲਗਾਤਾਰ ਵਧ ਰਿਹਾ ਹੈ ਤੇ ਮਾਲੀਆ ਵਾਧਾ ਇਸ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਲੰਬੇ ਸਮੇਂ ਤੋਂ ਖੇਤੀਬਾੜੀ ਸੰਕਟ, ਸੀਮਤ ਉਦਯੋਗਿਕ ਪਸਾਰ ਤੇ ਭਾਰੀ ਸਬਸਿਡੀ ਦੇ ਭਾਰ ਨਾਲ ਜੂਝ ਰਿਹਾ ਹੈ। ਕਰਜ਼ੇ ਦਾ ਇਹ ਪੱਧਰ ਭਵਿੱਖ ਦੀਆਂ ਵਿਕਾਸ ਯੋਜਨਾਵਾਂ, ਬੁਨਿਆਦੀ ਢਾਂਚੇ ਦੀ ਉਸਾਰੀ ਤੇ ਰੁਜ਼ਗਾਰ ਸਿਰਜਣ ਨੂੰ ਪ੍ਰਭਾਵਤ ਕਰ ਸਕਦਾ ਹੈ।
ਕੁਝ ਦਿਨ ਪਹਿਲਾਂ ਭਾਰਤ ਦੇ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਨੇ ਆਪਣੀ ਰਿਪੋਰਟ ’ਚ ਸੂਬੇ ਦੇ ਕਰਜ਼ੇ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਹੈ। ਕੈਗ ਨੇ ਕਿਹਾ ਕਿ ਦੇਸ਼ ਦੇ ਸਾਰੇ 28 ਸੂਬਿਆਂ ਦਾ ਕਰਜ਼ਾ ਪਿਛਲੇ 10 ਸਾਲਾਂ ’ਚ ਤਿੰਨ ਗੁਣਾ ਵਧ ਗਿਆ ਹੈ। 2013-14 ’ਚ ਸਾਰੇ ਸੂਬਿਆਂ ਦਾ ਸਾਂਝਾ ਕਰਜ਼ਾ 17.57 ਲੱਖ ਕਰੋੜ ਰੁਪਏ ਸੀ ਜੋ 2022-23 ’ਚ ਵੱਧ ਕੇ 59.60 ਲੱਖ ਕਰੋੜ ਰੁਪਏ ਹੋ ਗਿਆ। ਪੰਜਾਬ ਦੀ ਜਨਤਕ ਕਰਜ਼ਾ ਦੇਣਦਾਰੀ ਕੁੱਲ ਸੂਬਾਈ ਘਰੇਲੂ ਉਤਪਾਦ ਦੇ 30 ਫੀਸਦੀ ਤੋਂ ਵੱਧ ਹੈ। ਇਹ ਰਿਪੋਰਟ ਕੈਗ ਵੱਲੋਂ ਸੂਬੇ ਦੇ ਵਿੱਤ ਸਕੱਤਰਾਂ ਦੀ ਕਾਨਫ਼ਰੰਸ ਦੌਰਾਨ ਜਾਰੀ ਕੀਤੀ ਗਈ ਸੀ।
