
ਪੰਜਾਬ ਵਿਚ ਹਰ ਕਿਸਾਨ ਸਿਰ ਔਸਤਨ 2.03 ਲੱਖ ਰੁਪਏ ਕਰਜ਼ਾ
ਨਵੀਂ ਦਿੱਲੀ: ਭਾਰਤ ਵਿਚ ਹਰੇਕ ਕਿਸਾਨ ਪਰਿਵਾਰ ਸਿਰ 74,121 ਰੁਪਏ ਦਾ ਕਰਜ਼ਾ ਹੈ। ਇਕ ਰਿਪੋਰਟ ਅਨੁਸਾਰ ਦੇਸ਼ ਦਾ ਹਰ ਦੂਜਾ ਕਿਸਾਨ ਕਰਜ਼ਦਾਰ ਹੈ। ਭਾਰਤ ਸਰਕਾਰ ਮੁਤਾਬਕ ਕਰਜ਼ੇ ਦੇ ਮਾਮਲੇ ਵਿਚ ਆਂਧਰਾ ਪ੍ਰਦੇਸ਼ 2.45 ਲੱਖ ਰੁਪਏ ਪ੍ਰਤੀ ਕਿਸਾਨ ਪਰਿਵਾਰ ਕਰਜ਼ੇ ਨਾਲ ਦੇਸ਼ ਵਿਚ ਪਹਿਲੇ ਨੰਬਰ ’ਤੇ ਹੈ। ਕੇਰਲ 2.42 ਲੱਖ ਰੁਪਏ ਪ੍ਰਤੀ ਪਰਿਵਾਰ ਕਰਜ਼ੇ ਨਾਲ ਦੂਜੇ ਨੰਬਰ ’ਤੇ ਹੈ ਜਦਕਿ ਪੰਜਾਬ ਇਸ ਸੂਚੀ ਵਿਚ ਔਸਤਨ 2.03 ਲੱਖ ਰੁਪਏ ਪ੍ਰਤੀ ਪਰਿਵਾਰ ਕਰਜ਼ੇ ਨਾਲ ਤੀਜੇ ਨੰਬਰ ’ਤੇ ਹੈ।
ਪੰਜਾਬ ਦਾ ਗੁਆਂਢੀ ਸੂਬਾ ਪਰਿਆਣਾ 1.82 ਲੱਖ ਕਰਜ਼ੇ ਨਾਲ ਚੌਥੇ ਨੰਬਰ ’ਤੇ ਹੈ। ਰਿਪੋਰਟ ਅਨੁਸਾਰ ਕੇਂਦਰ ਸਰਕਾਰ ਨੇ 15 ਸਾਲਾਂ ਤੋਂ ਕਿਸਾਨਾਂ ਦੀ ਕਰਜ਼ਾਮੁਆਫੀ ਨਹੀਂ ਕੀਤੀ। ਕੇਂਦਰ ਨੇ 2008-09 ਵਿਚ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਸੀ। ਉਦੋਂ ਤੋਂ ਹੁਣ ਤੱਕ ਕਿਸਾਨਾਂ ਦੀ ਕਰਜ਼ਾਮੁਆਫੀ ਨਾਲ ਜੁੜੀ ਕੋਈ ਯੋਜਨਾ ਨਹੀਂ ਬਣੀ ਹੈ।
ਜੇਕਰ ਕਿਸਾਨਾਂ ਦੀ ਆਮਦਨ ਦੀ ਗੱਲ ਕਰੀਏ ਤਾਂ ਭਾਰਤੀ ਕਿਸਾਨਾਂ ਦੀ ਪ੍ਰਤੀ ਪਰਿਵਾਰ ਔਸਤ ਮਹੀਨਾਵਾਰ ਆਮਦਨ 10,218 ਹਜ਼ਾਰ ਰੁਪਏ ਹੈ। ਮੇਘਾਲਿਆ 29,000 ਰੁਪਏ ਦੇ ਨਾਲ ਦੇਸ਼ ਵਿਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਪੰਜਾਬ (ਪ੍ਰਤੀ ਪਰਿਵਾਰ 26, 700 ਰੁਪਏ ਪ੍ਰਤੀ ਮਹੀਨਾ) ਅਤੇ ਹਰਿਆਣਾ (22,841 ਰੁਪਏ ਪ੍ਰਤੀ ਮਹੀਨਾ ਪ੍ਰਤੀ ਪਰਿਵਾਰ) ਨਾਲ ਤੀਜੇ ਸਥਾਨ ’ਤੇ ਹੈ। ਝਾਰਖੰਡ ਦੇ ਕਿਸਾਨ ਪਰਿਵਾਰ 4,895 ਹਜ਼ਾਰ ਦੀ ਔਸਤ ਮਹੀਨਾਵਾਰ ਆਮਦਨ ਦੇ ਨਾਲ ਦੇਸ਼ ਵਿਚ ਸਭ ਤੋਂ ਬੁਰੀ ਹਾਲਤ ਵਿਚ ਹਨ।