
ਕਿਸਾਨਾਂ ਦੀ ਮੰਗ, ਝੋਨੇ ਦੀ ਲਵਾਈ ਲਈ 1 ਜੂਨ ਤੋਂ ਅੱਠ ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦਿਤੀ ਜਾਵੇ
ਬਠਿੰਡਾ: ਕਰਜ਼ਾ ਮਾਫ਼ੀ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਨਾ ਕੀਤੇ ਜਾਣ ਨੂੰ ਲੈ ਕੇ ਸੱਤ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਿਰੁਧ ਵੱਖ-ਵੱਖ ਥਾਵਾਂ ’ਤੇ ਰੋਸ ਮੁਜਾਹਰਾ ਕੀਤਾ। ਭਾਰੀ ਗਿਣਤੀ ਕਿਸਾਨਾਂ, ਔਰਤਾਂ ਤੇ ਬਜ਼ੁਰਗਾਂ ਨੇ ਅੱਜ ਲੁਧਿਆਣਾ, ਬਰਨਾਲਾ ਤੇ ਬਠਿੰਡਾ ’ਚ ਡੀਸੀ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਵਿਰੁਧ ਜੱਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਲਵਾਈ ਲਈ 1 ਜੂਨ ਤੋਂ ਅੱਠ ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦਿਤੀ ਜਾਵੇ ਜਦਕਿ ਸਰਕਾਰ ਨੇ 13 ਜੂਨ ਤੋਂ ਬਿਜਲੀ ਦੇਣ ਦੇ ਹੁਕਮ ਜਾਰੀ ਕੀਤੇ ਹਨ।
Farmer Protest
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਢਾਈ ਸਾਲ ਪਹਿਲਾਂ ਕਰਜ਼ਾ ਮਾਫ਼ੀ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਪੂਰਾ ਨਹੀਂ ਹੋਇਆ। ਇਸ ਦੌਰਾਨ ਔਰਤਾਂ ਨੇ ਕਰਜ਼ੇ ਕਰਕੇ ਖ਼ੁਦਕੁਸ਼ੀ ਕਰ ਚੁੱਕੇ ਅਪਣੇ ਪਰਵਾਰ ਮੈਂਬਰਾਂ ਦੀਆਂ ਤਸਵੀਰਾਂ ਹੱਥਾਂ ’ਚ ਫੜ੍ਹ ਕੇ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ। ਧਰਨੇ ’ਤੇ ਬੈਠੇ ਆਗੂਆਂ ਨੇ ਕਿਹਾ ਕਿ ਕੈਪਟਨ ਨੇ ਹਰੇਕ ਪਰਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਤੇ ਪੰਜਾਬ ’ਚੋਂ 4 ਹਫ਼ਤਿਆਂ ਵਿਚ ਨਸ਼ਾ ਖ਼ਤਮ ਕਰਨ ਦੀ ਗੱਲ ਕਹੀ ਸੀ ਪਰ ਅੱਜ ਉਸ ਗੱਲ ਨੂੰ ਢਾਈ ਸਾਲ ਹੋ ਗਏ ਹਨ, ਕਿਸੇ ਵੀ ਇਕ ਵਾਅਦੇ ’ਤੇ ਕੈਪਟਨ ਸਰਕਾਰ ਖਰੀ ਨਹੀਂ ਉਤਰੀ।
ਕਿਸਾਨਾਂ ਨੇ ਕਿਹਾ ਕਿ ਅਸੀਂ ਪੰਜ ਏਕੜ ਜ਼ਮੀਨ ਦੇ ਮਾਲਕਾਂ ਸਿਰ ਚੜ੍ਹਿਆ ਕਰਜ਼ਾ ਮਾਫ਼ ਕਰਵਾਉਣ ਲਈ ਕਈ ਵਾਰ ਅਧਿਕਾਰੀਆਂ ਨੂੰ ਮਿਲੇ ਪਰ ਕੋਈ ਹੱਲ ਨਾ ਹੋਇਆ। ਕਿਸਾਨਾਂ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ’ਤੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਵੀ ਲਾਹਣਤਾਂ ਪਾਈਆਂ। ਉਨ੍ਹਾਂ ਕਿਹਾ ਕਿ ਹੁਣ ਬਿਜਲੀ ਦੇ ਰੇਟ ਵਧਾ ਕੇ ਕਿਸਾਨਾਂ ’ਤੇ ਵੱਖਰਾ ਵਾਧੂ ਦਾ ਬੋਝ ਪਾ ਦਿਤਾ ਹੈ। ਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਇਸ ਸੰਘਰਸ਼ ਨੂੰ ਇਸੇ ਤਰ੍ਹਾਂ ਸਿਰਫ਼ ਜਾਰੀ ਹੀ ਨਹੀਂ ਰੱਖਣਗੇ ਸਗੋਂ ਹੋਰ ਤਿੱਖਾ ਵੀ ਕਰਨਗੇ।