
10 ਜੂਨ ਤੋਂ ਪਸ਼ੂ ਪਾਲਕਾਂ ਨੂੰ ਡੇਅਰੀ ਫ਼ਾਰਮਿੰਗ ਲਈ ਨਵੀਆਂ ਤਕਨੀਕਾਂ ਦੀ ਦਿੱਤੀ ਜਾਵੇਗੀ ਸਿਖਲਾਈ
ਚੰਡੀਗੜ੍ਹ : ਡੇਅਰੀ ਫ਼ਾਰਮਿੰਗ ਦੇ ਖੇਤਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਹੁਣ 10 ਪਸ਼ੂਆਂ ਦੀ ਖਰੀਦ ਲਈ ਮਿਲਣ ਵਾਲੀ ਸਬਸਿਡੀ ਨੂੰ ਵਧਾ ਕੇ 20 ਦੁਧਾਰੂ ਪਸ਼ੂਆਂ ਤੱਕ ਦੇ ਫ਼ਾਰਮ ਸਥਾਪਤ ਕਰਨ ਲਈ ਸਬਸਿਡੀ ਮੁਹੱਈਆ ਕਰਵਾਏਗੀ। ਜਿਸ ਲਈ ਪੰਜਾਬ ਸਰਕਾਰ ਵਲੋਂ 20 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ।
Dairy Farm
ਇਸ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦੇ ਧੰਦੇ ਪ੍ਰਤੀ ਉਤਸਾਹਿਤ ਕਰਨ ਲਈ ਦੁਧਾਰੂ ਪਸ਼ੂਆਂ ਦੀ ਖਰੀਦ ਲਈ ਮਿਲਣ ਵਾਲੀ ਸਬਸਿਡੀ ਨੂੰ 10 ਪਸ਼ੂਆਂ ਤੋਂ ਵਧਾ ਕੇ 20 ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਜਨਰਲ ਕੈਟਾਗਰੀ ਨੂੰ 25% ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ 33 % ਸਬਸਿਡੀ ਦਿੱਤੀ ਜਾਵੇਗੀ।
Balbir Singh Sidhu
ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਸ਼ੂ ਪਾਲਕਾਂ ਦੀ ਕਾਫੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਹੈ, ਜਿਸ ਨਾਲ ਹੁਣ ਡੇਅਰੀ ਫਾਰਮਿੰਗ 'ਤੇ ਹੋਣ ਵਾਲੀ ਲਾਗਤ ਵੀ ਘਟੇਗੀ। ਡੇਅਰੀ ਵਿਕਾਸ ਮੰਤਰੀ ਨੇ ਦਸਿਆ ਕਿ ਉਨ੍ਹਾਂ ਦੱਸਿਆ ਕਿ ਕਿ ਡੇਅਰੀ ਫਾਰਮਿੰਗ ਦਾ ਧੰਦਾ ਅਪਣਾ ਕੇ ਕਿਸਾਨ ਆਪਣੇ ਰੋਜ਼ਾਨਾ ਦੀ ਘਰੇਲੂ ਜਰੂਰਤਾਂ ਪੂਰੀਆਂ ਕਰ ਸਕਦੇ ਹਨ ਜਦੋਂ ਕਿ ਇਸ ਦੇ ਮੁਕਾਬਲੇ ਰਵਾਇਤੀ ਫ਼ਸਲਾਂ ਤੋਂ ਆਮਦਨ ਛਿਮਾਹੀ ਬਾਅਦ ਆਉਂਦੀ ਹੈ।
Dairy Farm
ਉਨ੍ਹਾਂ ਇਹ ਵੀ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਵਿਦੇਸ਼ਾਂ ਤੋਂ ਉੱਤਮ ਨਸਲ ਦਾ ਸੈਕਸਡ ਸੀਮਨ ਵੀ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਸਿਰਫ ਵੱਛੀਆਂ ਹੀ ਪੈਦਾ ਹੋਣਗੀਆਂ ਤੇ ਅਵਾਰਾ ਪਸੂਆਂ ਦੀ ਮੁਸੀਬਤ ਤੋਂ ਛੁਟਕਾਰਾ ਵੀ ਪਾਇਆ ਜਾ ਸਕੇਗਾ ਅਤੇ ਨਾਲ ਹੀ ਡੇਅਰੀ ਫਾਰਮਿੰਗ ਦੇ ਧੰਦੇ ਵਿਚ ਦੁੱਧ ਦੀ ਪੈਦਾਵਾਰ ਨੂੰ ਵੀ ਅਸਾਨੀ ਨਾਲ ਵਧਾਇਆ ਜਾ ਸਕੇਗਾ। ਇਸ ਮੌਕੇ ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਨੇ ਦੱਸਿਆ ਕਿ ਡੇਅਰੀ ਦੀਆਂ ਨਵੀਨਤਮ ਤਕਨੀਕਾਂ ਸਬੰਧੀ ਡੇਅਰੀ ਉਦਮ ਸਿਖਲਾਈ ਦੀ 10 ਜੂਨ 2019 ਤੋਂ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੁੰ ਆਪਣਾ ਸਵੈ-ਰੁਜ਼ਗਾਰ ਸਥਾਪਿਤ ਕਰਨ ਲਈ ਇਹ ਸਿਖਲਾਈ ਨੂੰ ਹਾਸਲ ਕਰਨ ਦੀ ਅਪੀਲ ਕੀਤੀ ਗਈ ਹੈ।
Dairy Farm
ਉਨ੍ਹਾਂ ਦੱਸਿਆ ਕਿ ਚਾਰ ਹਫ਼ਤੇ ਦੀ ਡੇਅਰੀ ਉਦਮ ਸਿਖਲਾਈ ਵਿਸਥਾਰ ਕੇਦਰ, ਬੀਜਾ(ਲੁਧਿਆਣਾ), ਚਤਾਮਲੀ (ਰੋਪੜ), ਗਿੱਲ (ਮੋਗਾ), ਅਬੁੱਲ ਖੁਰਾਣਾ (ਸ੍ਰੀ ਮੁਕਤਸਰ ਸਾਹਿਬ), ਸਰਦੂਲਗੜ੍ਹ (ਮਾਨਸਾ), ਫਗਵਾੜਾ (ਕਪੂਰਥਲਾ), ਤਰਨਤਾਰਨ, ਸੰਗਰੂਰ ਅਤੇ ਵੇਰਕਾ (ਅੰਮ੍ਰਿਤਸਰ) ਵਿਖੇ ਦਿੱਤੀ ਜਾਵੇਗੀ। ਸਿਖਿਆਰਥੀਆਂ ਦੀ ਚੋਣ ਲਈ 3 ਜੂਨ ਨੂੰ ਸਵੇਰੇ 10 ਵਜੇ ਉਕਤ ਸਿਖਲਾਈ ਕੇਂਦਰਾਂ 'ਤੇ ਕਾਊਂਸਲਿੰਗ ਕੀਤੀ ਜਾਵੇਗੀ।