
ਸਾਬਕਾ ਵਿਦਿਆਰਥੀਆਂ ਦੀ ਮੀਟ ਵਿੱਚ ਸ਼ਾਨਦਾਰ ਸੱਭਿਆਚਾਰਕ ਸ਼ਾਮ ਦਾ ਆਯੋਜਨ
ਲੁਧਿਆਣਾ: ਪੀਏਯੂ ਸਥਿਤ ਬਾਗਬਾਨੀ ਅਤੇ ਜੰਗਲਾਤ ਕਾਲਜ ਅੱਜ ਆਪਣੀ ਦੂਜੀ ਸਲਾਨਾ ਅਲੂਮਨੀ ਮੀਟ ਕਰਵਾਈ। ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ ਮਾਨਵ ਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਇਹ ਸਲਾਨਾ ਮਿਲਣੀ ਦੁਨੀਆ ਭਰ ਦੇ ਸਾਬਕਾ ਵਿਦਿਆਰਥੀਆਂ ਲਈ ਆਪਣੀ ਸੰਸਥਾ ਨਾਲ ਮੁੜ ਜੁੜਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਸਮਾਰੋਹ ਵਿੱਚ ਖਾਸ ਤੌਰ ’ਤੇ ਵਿਦੇਸ਼ਾਂ ਵਿੱਚ ਵਸੇ ਸਾਬਕਾ ਵਿਦਿਆਰਥੀਆਂ ਦੀ ਸ਼ਮੂਲੀਅਤ ਦੇਖਣ ਨੂੰ ਮਿਲਦੀ ਹੈ, ਜੋ ਹਰ ਸਾਲ ਪੀਏਯੂ ਨਾਲ ਆਪਣੇ ਰਿਸ਼ਤੇ ਦਾ ਜਸ਼ਨ ਮਨਾਉਣ ਲਈ ਜੋਸ਼ ਖਰੋਸ਼ ਨਾਲ ਪਰਤਦੇ ਹਨ।
ਸਮਾਰੋਹ ਵਿੱਚ ਕਾਲਜ ਦੇ ਸਭ ਤੋਂ ਸੀਨੀਅਰ ਸਾਬਕਾ ਵਿਦਿਆਰਥੀ ਡਾ: ਏ.ਪੀ.ਐਸ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਕੀਤੀ। ਪੀਏਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ.ਡੀ.ਐਸ.ਚੀਮਾ ਵੀ ਇਸ ਮੌਕੇ ਹਾਜ਼ਰ ਸਨ। ਸਾਬਕਾ ਵਿਦਿਆਰਥੀਆਂ ਦੀ ਮੀਟ ਵਿੱਚ ਸ਼ਾਨਦਾਰ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਸੰਗੀਤਕ ਪ੍ਰਦਰਸ਼ਨ, ਰਵਾਇਤੀ ਲੋਕ ਨਾਚ, ਅਤੇ ਕਵਿਤਾ ਪਾਠ ਪੇਸ਼ ਕੀਤੇ।
ਮੀਟ ਦੌਰਾਨ ਸਾਬਕਾ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਕਾਰਜਾਂ ਨਾਲ ਆਪਣੇ ਖੇਤਰਾਂ ਵਿਚ ਮੀਲ ਪੱਥਰ ਪ੍ਰਾਪਤ ਕੀਤੇ ਹਨ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਡਾ ਤਰਸੇਮ ਸਿੰਘ ਢਿਲੋਂ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾ.ਭੁਪਿੰਦਰ ਸਿੰਘ ਢਿੱਲੋਂ, ਡੀਨ ਕਾਲਜ ਆਫ਼ ਐਗਰੀਕਲਚਰ, ਗੁਰਦਾਸਪੁਰ, ਡਾ: ਸਤਨਾਮ ਸਿੰਘ, ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ ਅਤੇ ਡਾ: ਅਵਤਾਰ ਸਿੰਘ, ਇੰਸਟੀਚਿਊਟ ਆਫ਼ ਐਗਰੀਕਲਚਰ, ਬਠਿੰਡਾ ਦੇ ਐਸੋਸੀਏਟ ਡੀਨ ਸ਼ਾਮਲ ਸਨ। ਇਸ ਤੋਂ ਇਲਾਵਾ, ਬਾਗਬਾਨੀ ਖੋਜ, ਅਧਿਆਪਨ ਅਤੇ ਪਸਾਰ ਦੇ ਖੇਤਰਾਂ ਵਿੱਚ ਨਾਮਵਰ ਪ੍ਰਾਪਤੀਆਂ ਕਰਨ ਵਾਲੇ ਮਾਹਿਰਾਂ ਨੂੰ ਵੀ ਪੁਰਸਕਾਰ ਦਿੱਤੇ ਗਏ। ਇਸ ਤੋਂ ਇਲਾਵਾ, ਪਿਛਲੇ ਸਾਲ ਵਿੱਦਿਅਕ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਉੱਤਮਤਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਬਕਾ ਵਿਦਿਆਰਥੀਆਂ ਦੁਆਰਾ ਮੌਜੂਦਾ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਅਤੇ ਸੂਝ ਸਾਂਝੀ ਕੀਤੀ। ਪਿਛਲੇ ਸਾਲਾਂ ਦੀ ਤਰ੍ਹਾਂ, ਸਾਬਕਾ ਵਿਦਿਆਰਥੀਆਂ ਦੁਆਰਾ ਕਾਵਿਕ ਪਾਠ ਇੱਕ ਮਹੱਤਵਪੂਰਨ ਆਕਰਸ਼ਣ ਸਨ। ਇਸ ਮੌਕੇ ਕਾਲਜ ਦਾ ‘ਸੋਵੀਨਰ’ ਅਤੇ ਚਾਰ ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ।