
ਕਣਕ ਦੀ ਸਰਕਾਰੀ ਖਰੀਦ 25 ਮਈ ਤਕ ਹੋਵੇਗੀ...
ਚੰਡੀਗੜ੍ਹ : ਪੰਜਾਬ ‘ਚ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਹਾੜੀ ਸੀਜ਼ਨ ‘ਚ ਕਣਕ ਦੀ ਖਰੀਦਦਾਰੀ ਲਈ 19,240.91 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਵਾਰ ਸਰਕਾਰ ਵਲੋਂ 130 ਲੱਖ ਟਨ ਕਣਕ ਪੰਜਾਬ ‘ਚੋਂ ਖਰੀਦੀ ਜਾਵੇਗੀ। ਕਣਕ ਦੀ ਸਰਕਾਰੀ ਖਰੀਦ 25 ਮਈ ਤਕ ਹੋਵੇਗੀ।
Wheat
ਕੇਂਦਰ ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1,840 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ, ਜੋ ਪਿਛਲੇ ਸਾਲ ਦੇ 1,735 ਰੁਪਏ ਦੀ ਤੁਲਨਾ ‘ਚ 105 ਰੁਪਏ ਜ਼ਿਆਦਾ ਹੈ। ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਲਈ ਸਾਰੀ ਵਿਵਸਥਾ ਕਰ ਲਈ ਹੈ। ਆਰ. ਬੀ. ਆਈ. ਵੱਲੋਂ ਨਕਦ ਉਧਾਰ ਲਿਮਟ (ਸੀ.ਸੀ.ਐੱਲ) ਤਹਿਤ ਪੰਜਾਬ ਨੂੰ ਜਾਰੀ ਹੋਈ ਰਾਸ਼ੀ ਨਾਲ ਕਿਸਾਨਾਂ ਨੂੰ ਸਮੇਂ ਸਿਰ ਪੇਮੈਂਟ ਮਿਲੇਗੀ।
Wheat
ਇਸ ਵਿਚਕਾਰ, ਮੁੱਖ ਮੰਤਰੀ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸਖਤ ਹੁਕਮ ਦਿੱਤੇ ਹਨ ਕਿ ਕਿਸਾਨਾਂ ਨੂੰ ਫਸਲ ਵੇਚਣ ਵਿੱਚ ਕੋਈ ਰੁਕਾਵਟ ਜਾਂ ਸਮੱਸਿਆ ਨਾ ਹੋਵੇ। ਜ਼ਿਕਰਯੋਗ ਹੈ ਕਿ ਇਸ ਸੀਜ਼ਨ ‘ਚ ਦੇਸ਼ ਭਰ ‘ਚ 357 ਲੱਖ ਟਨ ਕਣਕ ਖਰੀਦਣ ਦਾ ਟੀਚਾ ਹੈ। ਪਿਛਲੇ ਸਾਲ ਸਰਕਾਰ ਨੇ 320 ਲੱਖ ਟਨ ਖਰੀਦ ਦਾ ਟੀਚਾ ਨਿਰਧਾਰਤ ਕੀਤਾ ਸੀ।