
ਮੱਛੀ ਪਾਲਣ ਇਕ ਬਹੁਤ ਹੀ ਸਰਲ ਅਤੇ ਲਾਹੇਵੰਦ ਧੰਦਾ ਹੈ। ਇਸ ਧੰਦੇ ਤੋਂ ਰਵਾਇਤੀ ਖੇਤੀ ਦੇ ਮੁਕਾਬਲੇ 2 ਤੋਂ 3 ਗੁਣਾ ਵੱਧ ਪ੍ਰਤੀ ਹੈਕਟੇਅਰ ਲਾਭ ਪ੍ਰਾਪਤ ਕੀਤਾ ਜਾ ਸਕਦਾ...
ਖਮਾਣੋਂ, 1 ਮਈ (ਨਵਨੀਤ ਕੁਮਾਰ ਟੋਨੀ) - ਮੱਛੀ ਪਾਲਣ ਇਕ ਬਹੁਤ ਹੀ ਸਰਲ ਅਤੇ ਲਾਹੇਵੰਦ ਧੰਦਾ ਹੈ। ਇਸ ਧੰਦੇ ਤੋਂ ਰਵਾਇਤੀ ਖੇਤੀ ਦੇ ਮੁਕਾਬਲੇ 2 ਤੋਂ 3 ਗੁਣਾ ਵੱਧ ਪ੍ਰਤੀ ਹੈਕਟੇਅਰ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਕ ਹੈਕਟੇਅਰ ਰਕਬੇ ਵਿਚੋਂ 3 ਲੱਖ ਤੋਂ 3.50 ਲੱਖ ਰੁਪਏ ਦੀ ਆਮਦਨ ਲਈ ਜਾ ਸਕਦੀ ਹੈ। ਮੱਛੀ ਪਾਲਣ ਦਾ ਧੰਦਾ ਅਜਿਹਾ ਸਰਲ ਧੰਦਾ ਹੈ ਜਿਸ ਨੂੰ ਪੜ੍ਹਿਆ ਜਾਂ ਅਨਪੜ੍ਹ ਹਰੇਕ ਨੌਜਵਾਨ, ਬਜ਼ੁਰਗ, ਔਰਤ ਜਾਂ ਮਰਦ ਸਹਿਜੇ ਹੀ ਅਪਣਾ ਸਕਦਾ ਹੈ।
Fish farmer Avtaar Singh
ਅਜਿਹਾ ਹੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਭੜ੍ਹੀ ਦਾ ਸਫਲ ਮੱਛੀ ਪਾਲਕ ਅਵਤਾਰ ਸਿੰਘ ਪੁੱਤਰ ਗੁਰਪਾਲ ਸਿੰਘ ਕਰ ਰਿਹਾ ਹੈ। ਦਸਣਯੋਗ ਹੈ ਕਿ ਅਵਤਾਰ ਸਿੰਘ ਨੇ 1990 'ਚ 12ਵੀਂ ਜਮਾਤ ਪਾਸ ਕੀਤੀ ਅਤੇ ਉਸ ਉਪਰੰਤ ਉਹ ਖੇਤੀਬਾੜੀ ਦੇ ਕਾਰੋਬਾਰ 'ਚ ਜੁਟ ਗਿਆ। ਖੇਤੀਬਾੜੀ ਦੇ ਧੰਦੇ 'ਚੋਂ ਵੱਧ ਆਮਦਨ ਲੈਣ ਲਈ ਉਸ ਨੇ ਖੇਤੀ ਨਾਲ ਸਹਾਇਕ ਧੰਦੇ ਵੀ ਸ਼ੁਰੂ ਕੀਤੇ। ਸੱਭ ਤੋਂ ਪਹਿਲਾਂ ਸਾਲ 2014 'ਚ ਅਵਤਾਰ ਸਿੰਘ ਨੇ ਸੂਰ ਪਾਲਣ ਦਾ ਕੰਮ ਸ਼ੁਰੂ ਕੀਤਾ, ਸ਼ੁਰੂਆਤ 'ਚ ਉਸ ਕੋਲ 50 ਸੂਰ ਸਨ ਅਤੇ ਹੁਣ ਇਹ ਗਿਣਤੀ ਵਧ ਕੇ 120 ਹੋ ਗਈ ਹੈ।
Fish farmer Avtaar Singh
ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਦੇ ਸੰਪਰਕ 'ਚ ਆਉਣ 'ਤੇ ਅਵਤਾਰ ਸਿੰਘ ਨੂੰ ਮੱਛੀ ਪਾਲਣ ਬਾਰੇ ਪਤਾ ਚਲਿਆ ਅਤੇ ਉਸ ਨੇ ਗੰਭੀਰਤਾ ਨਾਲ ਇਸ ਧੰਦੇ ਨੂੰ ਅਪਣਾਉਣ ਬਾਰੇ ਸੋਚਿਆ ਅਤੇ ਸਾਲ 2015 ਵਿਚ ਮੱਛੀ ਪੂੰਗ ਫਾਰਮ ਫੱਗਣ ਮਾਜਰਾ ਤੋਂ ਮੱਛੀ ਪਾਲਣ ਦੀ ਪੰਜ ਦਿਨਾਂ ਦੀ ਟਰੇਨਿੰਗ ਲਈ ਅਤੇ ਮੱਛੀ ਪਾਲਣ ਵਿਭਾਗ ਦੀ ਸਹਾਇਤਾ ਨਾਲ ਸਾਲ 2016 ਵਿਚ ਅਵਤਾਰ ਸਿੰਘ ਨੇ 2.62 ਏਕੜ ਰਕਬੇ 'ਚ ਅਪਣੇ ਪਿੰਡ ਮੁਤੋ ਬਲਾਕ ਖਮਾਣੋਂ ਵਿਖੇ ਸਥਿਤ ਜਮੀਨ 'ਚ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ। ਅਵਤਾਰ ਸਿੰਘ ਸੂਰ ਪਾਲਣ ਦੀ ਰਹਿੰਦ ਖੂੰਹਦ ਨੂੰ ਮੱਛੀ ਤਲਾਬ ਵਿਚ ਖਾਦ ਖ਼ੁਰਾਕ ਦੇ ਤੌਰ 'ਤੇ ਇਸਤੇਮਾਲ ਕਰ ਰਿਹਾ ਹੈ ਜਿਸ ਕਰ ਕੇ ਉਸ ਨੂੰ ਮੱਛੀ ਪਾਲਣ ਦੇ ਤਲਾਬ 'ਚ ਖ਼ੁਰਾਕ ਲਈ ਜ਼ਿਆਦਾ ਖ਼ਰਚਾ ਨਹੀਂ ਕਰਨਾ ਪੈ ਰਿਹਾ ਅਤੇ ਮੱਛੀ ਦਾ ਵਿਕਾਸ ਵੀ ਵਧੀਆ ਹੁੰਦਾ ਹੈ।
Fish farmer Avtaar Singh
ਅਵਤਾਰ ਸਿੰਘ ਦੇ ਦਸਣ ਮੁਤਾਬਕ ਮੱਛੀ ਪਾਲਣ ਦਾ ਕਿੱਤਾ ਖੇਤੀਬਾੜੀ ਤੋਂ ਵੀ ਵੱਧ ਲਾਹੇਵੰਦ ਸਾਬਤ ਹੋਇਆ ਹੈ ਜਿਸ ਤੋਂ ਪ੍ਰਭਾਵਤ ਹੋ ਕੇ ਉਸ ਨੇ ਸਾਲ 2017 ਵਿਚ ਮੱਛੀ ਪਾਲਣ ਅਧੀਨ 2.30 ਏਕੜ ਰਕਬੇ 'ਤੇ ਨਵਾਂ ਤਲਾਬ ਬਣਾ ਕੇ ਵਿਸਥਾਰ ਕੀਤਾ ਹੈ ਅਤੇ ਇਸ ਸਮੇਂ ਅਵਤਾਰ ਸਿੰਘ 4.92 ਏਕੜ ਰਕਬੇ 'ਚ ਮੱਛੀ ਪਾਲਣ ਦਾ ਕੰਮ ਸਫ਼ਲਤਾ ਪੂਰਵਕ ਕਰ ਰਿਹਾ ਹੈ। ਇਸ ਕਿੱਤੇ 'ਚ ਖੇਤੀਬਾੜੀ ਨਾਲੋਂ ਬਹੁਤ ਹੀ ਘੱਟ ਮਿਹਨਤ ਕਰਨੀ ਪੈਂਦੀ ਹੈ 'ਤੇ ਮੁਨਾਫ਼ਾ ਵੀ ਚੰਗਾ ਮਿਲਦਾ ਹੈ। ਅਵਤਾਰ ਸਿੰਘ ਲਗਭਗ 90 ਹਜ਼ਾਰ ਰੁਪਏ ਪ੍ਰਤੀ ਏਕੜ ਨਿਰੋਲ ਆਮਦਨ ਲੈ ਰਿਹਾ ਹੈ। ਉਸ ਨੇ ਕਿਹਾ ਕਿ ਮੱਛੀ ਪਾਲਣ ਦੇ ਕਿੱਤੇ ਨੇ ਮੇਰਾ ਆਰਥਕ ਪੱਧਰ ਉੱਚਾ ਕੀਤਾ ਹੈ ਅਤੇ ਮੱਛੀ ਪਾਲਣ ਘੱਟ ਮਿਹਨਤ ਨਾਲ ਚੰਗੀ ਕਮਾਈ ਦਾ ਵਧੀਆ ਸਾਧਨ ਸਾਬਤ ਹੋਇਆ ਹੈ।