ਅੱਜ ਵੀ ਨਾ ਤਾਂ ਨੀਤੀ ਆਯੋਗ ਤੇ ਨਾ ਹੀ ਲੋਕ ਕੁਦਰਤੀ ਤੇ ਆਰਗੈਨਿਕ ਖੇਤੀ ’ਚ ਫ਼ਰਕ ਸਮਝਦੇ ਹਨ।
ਇਸ ਵੇਲੇ ਦੁਨੀਆਂ ਭਰ ’ਚ ਅਮੀਰ ਲੋਕਾਂ ਅਤੇ ਹੁਕਮਰਾਨਾਂ ਵਲੋਂ ਆਰਗੈਨਿਕ ਖੇਤੀ ਦਾ ਰਾਗ ਅਲਾਪਿਆ ਜਾਂਦਾ ਹੈ। ਇਸ ’ਚ ਦੁਹਾਈ ਦਿਤੀ ਜਾਂਦੀ ਹੈ ਕਿ ਖੇਤੀ ਲਈ ਵਰਤੇ ਜਾਣ ਵਾਲੇ ਰਸਾਇਣ ਵਾਤਾਵਰਣ, ਜ਼ਮੀਨ ਦੀ ਸਿਹਤ ਦੇ ਨਾਲ-ਨਾਲ ਲੋਕਾਂ ਦੀ ਸਿਹਤ ’ਤੇ ਵੀ ਅਸਰ ਪਾ ਰਹੇ ਹਨ। ਵਿਕਸਤ ਦੇਸ਼ਾਂ ਵਲੋਂ ਵੀ ਆਰਗੈਨਿਕ ਖੇਤੀ ਦੇ ਹੱਕ ’ਚ ਪ੍ਰਚਾਰ ਕੀਤਾ ਜਾ ਰਿਹਾ ਹੈ। ਅਸਲ ’ਚ ਇਨ੍ਹਾਂ ਦੇਸ਼ਾਂ ਦਾ ਇਸ ਵਿਚ ਫ਼ਾਇਦਾ ਹੈ ਕਿਉਂਕਿ ਕਈ ਵਿਕਸਤ ਦੇਸ਼ਾਂ ਕੋਲ ਅਪਣੀ ਪੈਦਾਵਾਰ ਜ਼ਿਆਦਾ ਹੈ ਤੇ ਆਬਾਦੀ ਘੱਟ ਹੈ। ਉਨ੍ਹਾਂ ਨੂੰ ਅਪਣੀ ਪੈਦਾਵਾਰ ਵੇਚਣ ਲਈ ਭਾਰਤ ਵਰਗੇ ਦੇਸ਼ਾਂ ਦੀ ਮਾਰਕੀਟ ਚਾਹੀਦੀ ਹੈ। ਭਾਰਤ ਵਰਗੇ ਵੱਡੇ ਦੇਸ਼ਾਂ ਨੇ ਅਪਣੀ ਪੈਦਾਵਾਰ ਐਨੀ ਵਧਾ ਲਈ ਕਿ ਉਹ ਆਤਮ ਨਿਰਭਰ ਹੀ ਨਹੀਂ ਹੋ ਗਏ ਸਗੋਂ ਨਿਰਯਾਤ ਵੀ ਕਰਨ ਲੱਗੇ ਜਿਸ ਕਰ ਕੇ ਇਨ੍ਹਾਂ ਦੇਸ਼ਾਂ ਨੂੰ ਫ਼ਿਕਰ ਪੈ ਗਿਆ ਕਿ ਉਨ੍ਹਾਂ ਦੀ ਪੈਦਾਵਾਰ ਦੀ ਲਾਗਤ ਕਿਥੇ ਹੋਵੇਗੀ। ਇਸ ਵਿਚ ਕਾਰਪੋਰੇਟ, ਐਨਜੀਓ ਤੇ ਸਰਕਾਰਾਂ ਵੀ ਇਨ੍ਹਾਂ ਦਾ ਸਾਥ ਦਿੰਦੀਆਂ ਨਜ਼ਰ ਆਉਂਦੀਆਂ ਹਨ। ਹਾਲ ਹੀ ’ਚ ਨੀਤੀ ਆਯੋਗ ਨੇ ਵੀ ਇਸ ਨੂੰ ਵਧਾਉਣ ਲਈ ਇਕ ਨੀਤੀ ਬਣਾਈ ਹੈ।
ਅੱਜ ਵੀ ਨਾ ਤਾਂ ਨੀਤੀ ਆਯੋਗ ਤੇ ਨਾ ਹੀ ਲੋਕ ਕੁਦਰਤੀ ਤੇ ਆਰਗੈਨਿਕ ਖੇਤੀ ’ਚ ਫ਼ਰਕ ਸਮਝਦੇ ਹਨ। ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਇਨ੍ਹਾਂ ਦੋਵਾਂ ’ਚ ਫ਼ਰਕ ਕੀ ਹੈ? ਅਸਲ ਵਿਚ ਕੁਦਰਤੀ ਖੇਤੀ ਯਾਨੀ ਕੋਈ ਛੇੜ-ਛਾੜ ਨਹੀਂ ਪਰ ਆਰਗੈਨਿਕ ਖੇਤੀ ’ਚ ਜ਼ਮੀਨ ਵੀ ਵਾਹੀ ਜਾਂਦੀ ਹੈ, ਖਾਦਾਂ ਵੀ ਪਾਈਆਂ ਜਾਂਦੀਆਂ ਹਨ, ਇਹ ਬਾਹਰੋਂ ਲਿਆ ਕੇ ਵੀ ਪਾਈਆਂ ਜਾਂਦੀਆਂ ਹਨ, ਚਾਹੇ ਉਹ ਗੋਬਰ ਹੋਵੇ ਜਾਂ ਕੁਕੜੀਆਂ ਦੀਆਂ ਵਿੱਠਾਂ। ਆਰਗੈਨਿਕ ਕੀਟਨਾਸ਼ਕ ਵੀ ਪਾਏ ਜਾਂਦੇ ਹਨ।
ਆਰਗੈਨਿਕ ਖੇਤੀ :- ਖੇਤੀ ਕਰਨ ਦਾ ਇਕ ਢੰਗ ਇਹ ਵੀ ਹੈ ਜਿਸ ’ਚ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਮਿਸਾਲ ਦੇ ਤੌਰ ’ਤੇ ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਵਿਚ ਆਰਗੈਨਿਕ ਖੇਤੀ ਹੀ ਕੀਤੀ ਜਾਂਦੀ ਸੀ। ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹਿਆ ਜਾਂਦਾ ਸੀ ਤਾਕਿ ਜ਼ਮੀਨ ’ਚ ਫ਼ਸਲ ਬੀਜਣ ਤੋਂ ਪਹਿਲਾਂ ਉੱਗੇ ਨਦੀਨ ਸੁੱਕ ਜਾਣ। ਜਿੰਨੀ ਘਰ ਦੇ ਪਸ਼ੂਆਂ ਦੀ ਰੂੜੀ ਹੁੰਦੀ ਸੀ, ਉਸ ਦੀ ਵਰਤੋਂ ਖਾਦ ਦੇ ਤੌਰ ’ਤੇ ਕੀਤੀ ਜਾਂਦੀ ਸੀ। ਜਿਹੜੇ ਨਦੀਨ ਫ਼ਸਲ ਬੀਜਣ ਤੋਂ ਬਾਅਦ ਉਗਦੇ ਸਨ, ਉਨ੍ਹਾਂ ਨੂੰ ਗੋਡੀ ਕਰ ਕੇ ਕੱਢ ਦਿਤਾ ਜਾਂਦਾ ਸੀ ਜਾਂ ਖੇਤ ’ਚ ਹੀ ਪੁੱਟ ਦਿਤਾ ਜਾਂਦਾ ਸੀ ਅਤੇ ਉਹ ਸੁੱਕ ਜਾਂਦੇ ਸਨ। ਭਾਵ ਕੋਈ ਨਦੀਨ ਨਾਸ਼ਕ ਨਹੀਂ ਵਰਤਿਆ ਜਾਂਦਾ ਸੀ। ਇਸੇ ਤਰ੍ਹਾਂ ਜੇ ਕੋਈ ਕੀੜਾ ਜਾਂ ਬੀਮਾਰੀ ਲਗਦੀ ਸੀ ਤਾਂ ਉਸ ਦੀ ਰੋਕਥਾਮ ਲਈ ਵੀ ਕੋਈ ਰਸਾਇਣ ਨਹੀਂ ਸੀ ਵਰਤਿਆ ਜਾਂਦਾ।
ਇਹ ਸੀ ਆਰਗੈਨਿਕ ਖੇਤੀ ਜਿਸ ਤੋਂ ਅਸੀਂ ਹਰੀ ਕ੍ਰਾਂਤੀ ਵੇਲੇ ਤਕਨੀਕੀ ਖੇਤੀ ਵਲ ਵਧੇ ਤੇ ਦੇਸ਼ ’ਚ ਰਿਕਾਰਡ ਅੰਨ ਪੈਦਾ ਕੀਤਾ ਜਿਸ ਨਾਲ ਅਸੀਂ ਖੁਰਾਕ ਵਿਚ ਆਤਮ ਨਿਰਭਰ ਹੋ ਗਏ। ਪਰ ਹੁਣ ਦੁਬਾਰਾ ਫਿਰ ਤਕਨੀਕੀ ਖੇਤੀ ਤੋਂ ਮੁੜ ਕੇ ਕੁੱਝ ਕਿਸਾਨ, ਲੋਕਾਂ ਦੀ ਮੰਗ ਅਨੁਸਾਰ ਆਰਗੈਨਿਕ ਖੇਤੀ ਵਲ ਮੁੜ ਰਹੇ ਹਨ ਜਿਸ ਵਿਚ ਰਸਾਇਣਕ ਖਾਦਾਂ, ਨਦੀਨ ਨਾਸ਼ਿਕ ਤੇ ਪੇਸਟੀਸਾਈਡ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਇਨ੍ਹਾਂ ਚੀਜ਼ਾਂ ਦੀ ਪੂਰਤੀ ਜੀਵਾਂ ’ਚੋਂ ਪੈਦਾ ਹੋਏ ਰਸਾਇਣਾਂ ਨਾਲ ਕੀਤੀ ਜਾਂਦੀ ਹੈ। ਇਸ ਸਾਰੇ ਸੰਦਰਭ ’ਚ ਇਕ ਗੱਲ ਹਾਸੋਹੀਣੀ ਲਗਦੀ ਹੈ ਕਿ ਜਦੋਂ ਅਸੀਂ ਇਨਸਾਨ ਜਾਂ ਪਸ਼ੂ ਅੰਦਰ ਕਿਸੇ ਬੀਮਾਰੀ ਦੇ ਕੀਟਾਣੂ ਮਾਰਨ ਲਈ ਕਿਸੇ ਰਸਾਇਣ (ਗੋਲੀ, ਕੈਪਸੂਲ ਜਾਂ ਟੀਕੇ) ਦੀ ਵਰਤੋਂ ਕਰਦੇ ਹਾਂ ਤਾਂ ਉਸ ਨੂੰ ਦਵਾਈ ਕਿਹਾ ਜਾਂਦਾ ਹੈ ਪਰ ਜਦੋਂ ਬੂਟੇ ਨੂੰ ਲੱਗੇ ਕੀੜੇ ਜਾਂ ਬੀਮਾਰੀ ਰੋਕਣ ਲਈ ਕੋਈ ਸਪਰੇਅ ਕਰਦੇ ਹਾਂ ਤਾਂ ਉਸ ਨੂੰ ਜ਼ਹਿਰ ਕਿਹਾ ਜਾਂਦਾ ਹੈ ਜਦਕਿ ਦੋਹਾਂ ਦਾ ਅਸਰ ਇਕੋ ਜਿਹਾ ਹੈ। ਉਧਰ ਬੰਦਾ ਬਚ ਜਾਂਦਾ ਹੈ, ਇਧਰ ਬੂਟਾ ਬਚ ਜਾਂਦਾ ਹੈ ਜੋ ਸਾਡੀ ਖੁਰਾਕ ਦਾ ਸਾਧਨ ਹੈ।
ਆਰਗੈਨਿਕ ਖੇਤੀ ਦੀਆਂ ਸ਼ਰਤਾਂ: ਜ਼ਮੀਨ ਜਾਂ ਖੇਤ ਜਿਸ ਵਿਚ ਸਰਟੀਫਾਈਡ ਆਰਗੈਨਿਕ ਫ਼ਸਲ ਉਗਾਉਣੀ ਹੈ, ਉਸ ਖੇਤ ’ਚ ਪਿਛਲੇ ਤਿੰਨ ਸਾਲ ਤੋਂ ਕਿਸੇ ਕਿਸਮ ਦਾ ਇਨਆਰਗੈਨਿਕ ਕੈਮੀਕਲ (ਫਰਟੀਲਾਈਜ਼ਰ, ਨਦੀਨ ਨਾਸ਼ਕ ਕੀਟਨਾਸ਼ਕ ਜਾਂ ਬੀਮਾਰੀ ਕੰਟਰੋਲ) ਲਈ ਨਾ ਵਰਤਿਆ ਗਿਆ ਹੋਵੇ। ਉਸ ਖੇਤ ਦੁਆਲੇ ਵੀ ਜਗ੍ਹਾ ਛੱਡੀ ਗਈ ਹੋਵੇ ਤਾਕਿ ਸਪਰੇਅ ਦਾ ਬੀਜੀ ਫ਼ਸਲ ਉਪਰ ਅਸਰ ਨਾ ਆਵੇ। ਜੋ ਬੀਜ ਖੇਤ ’ਚ ਬੀਜਣਾ ਹੈ ਉਹ ਪਿਛੋਂ ਆਰਗੈਨਿਕ ਢੰਗ ਤਰੀਕਿਆਂ ਨਾਲ ਪੈਦਾ ਕੀਤਾ ਹੋਣਾ ਚਾਹੀਦਾ ਹੈ। ਤਕਨੀਕੀ ਖੇਤੀ ਨਾਲ ਪੈਦਾ ਕੀਤੀ ਗਈ ਫ਼ਸਲ ਦਾ ਬੀਜ ਨਹੀਂ ਬੀਜਿਆ ਜਾ ਸਕਦਾ।
ਖਾਦਾਂ:- ਫ਼ਸਲ ਦੀ ਖੁਰਾਕੀ ਤੱਤਾਂ ਦੀ ਪੂਰਤੀ ਲਈ ਹਰੀ ਖਾਦ, ਰੂੜੀ ਕੰਪੋਸਟ, ਫਲੀਦਾਰ ਫ਼ਸਲਾਂ ਜਾਂ ਅਜੋਟੋਬੈਕਟਰ ਵਰਗੇ ਬੈਕਟੀਰੀਆ ਦੀ ਮਦਦ ਲਈ ਜਾਵੇ ਰਸਾਇਣਕ ਖਾਦਾਂ ਦੀ ਪੱਕੇ ਤੌਰ ’ਤੇ ਮਨਾਹੀ ਹੈ ਹਾਲਾਂਕਿ ਬੂਟਾ ਇਹ ਨਹੀਂ ਪਛਾਣਦਾ ਕਿ ਖੁਰਾਕੀ ਤੱਤ ਕੰਪੋਸਟ ’ਚੋਂ ਆਇਆ ਹੈ ਜਾਂ ਰਸਾਇਣਕ ਖਾਦ ਵਿਚੋਂ। ਕੋਈ ਢੰਗ ਤਰੀਕਾ ਨਹੀਂ ਜਿਹੜਾ ਇਹ ਦੱਸ ਸਕੇ ਕਿ ਬੂਟੇ ਦੀ ਖੁਰਾਕੀ ਲੋੜ ਪੂਰੀ ਕਰਨ ਲਈ ਦੇਸੀ ਖਾਦ ਦੇ ਨਾਲ ਰਸਾਇਣਕ ਖਾਦ ਵੀ ਵਰਤੀ ਗਈ ਹੈ।
ਨਦੀਨ ਕੰਟਰੋਲ : ਨਦੀਨਾਂ ਦੀ ਰੋਕਥਾਮ ਲਈ ਫ਼ਸਲੀ ਚੱਕਰ, ਫ਼ਸਲਾਂ ਉਗਾਉਣ ਦੀਆਂ ਤਕਨੀਕਾਂ ਜਿਵੇਂ ਲਾਈਨਾਂ ’ਚ ਬੀਜ ਕੇ ਲਾਈਨਾਂ ਵਿਚ ਹੈਰੋ ਜਾਂ ਹੱਲ ਫੇਰਨਾ, ਝੋਨੇ ਵਿਚ ਪਾਣੀ ਖੜਾ ਕਰਨਾ ਅਤੇ ਰਹਿੰਦੇ ਨਦੀਨ ਨੂੰ ਗੋਡੀ ਕਰ ਕੇ ਕਢਣਾ ਕੋਈ ਵੀ ਨਦੀਨ ਨਾਸ਼ਕ ਖ਼ਾਲੀ ਖੇਤ ਵਿਚ ਜਾਂ ਖੜੀ ਫ਼ਸਲ ਵਿਚ ਨਹੀਂ ਵਰਤਿਆ ਜਾਂਦਾ।
ਪੈਸਟੀਸਾਈਡ : ਕੀੜਿਆਂ ਦੇ ਕੰਟਰੋਲ ਲਈ ਕੋਈ ਇਨਸੈਕਟੀਸਾਈਡ ਸਪਰੇਅ ਨਹੀਂ ਕਰਨੀ, ਮਕੈਨੀਕਲ (ਜਿਵੇਂ ਧਾਨ ’ਚ ਲੀਫ਼ ਫੋਲਡਰ ਲਈ ਰੱਸੀ ਫੇਰਨਾ ਤਾਕਿ ਕੀੜੇ ਖੜੇ ਪਾਣੀ ’ਚ ਡਿਗ ਪੈਣ। ਇਸੇ ਤਰ੍ਹਾਂ ਬਾਕੀ ਫ਼ਸਲਾਂ ਦੇ ਕੀੜਿਆਂ ਲਈ ਫੀਰੋਮੋਨ ਟਰੈਪ, ਟ੍ਰਾਈਕੋ ਕਾਰਡ ਵਰਤ ਕੇ ਕੀੜੇ ਕਾਬੂ ਕੀਤੇ ਜਾ ਸਕਦੇ ਹਨ। ਨਿੰਮ ਦਾ ਨਿਚੋੜ ਵੀ ਵਰਤਿਆ ਜਾ ਸਕਦਾ ਹੈ।
ਇਸ ਵੇਲੇ ਜਿਹੜੇ ਦੇਸ਼ ਇਸ ਦੀ ਹਮਾਇਤ ਕਰਦੇ ਹਨ, ਉਨ੍ਹਾਂ ਦੇ ਕੀ ਹਾਲਾਤ ਹਨ, ਉਸ ਬਾਰੇ ਚਰਚਾ ਕਰਦੇ ਹਾਂ।
ਜਾਪਾਨ:- ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਾਪਾਨ ਦੀ ਜਿਸ ਦੀ ਕੁਦਰਤੀ ਖੇਤੀ ਦੇ ਤਰਕ ਦੁਨੀਆਂ ਭਰ ਵਿਚ ਸਲਾਹੇ ਜਾ ਰਹੇ ਹਨ। ਜਾਪਾਨ ’ਚ ਕੁਲ ਜ਼ਮੀਨ ਦਾ 20 ਫ਼ੀਸਦੀ ਵਾਹੀਯੋਗ ਹੈ ਜਿਸ ’ਚ ਆਰਗੈਨਿਕ ਖੇਤੀ ਸਿਰਫ਼ 0.5 ਫ਼ੀਸਦੀ ਹੈ। ਇਹ ਅੰਕੜੇ 2021 ਤਕ ਦੇ ਹਨ। ਇਸ ’ਚ ਗੌਰਤਲਬ ਗੱਲ ਇਹ ਹੈ ਕਿ ਜਾਪਾਨ ਅਪਣੀ 20 ਫ਼ੀਸਦੀ ਜ਼ਮੀਨ ’ਚੋਂ 40 ਫ਼ੀਸਦੀ ਖੁਰਾਕੀ ਜ਼ਰੂਰਤ ਪੂਰੀ ਕਰਦਾ ਹੈ, ਬਾਕੀ ਇਹ ਬਾਹਰੋਂ ਮੰਗਵਾਉਂਦੈ। ਇਹ ਵੀ ਦਸਣਾ ਜ਼ਰੂਰੀ ਹੈ ਕਿ ਜਾਪਾਨ ਰਸਾਇਣਿਕ ਖਾਦਾਂ ਤੇ ਕੀਟਨਾਸ਼ਕ ਦੀ ਵਰਤੋਂ ’ਚ ਦੁਨੀਆਂ ਦਾ ਨੰਬਰ ਇਕ ਦੇਸ਼ ਹੈ।
ਆਸਟ੍ਰੇਲੀਆ:- ਆਸਟ੍ਰੇਲੀਆ ਦੁਨੀਆਂ ਦਾ ਪਹਿਲਾ ਦੇਸ਼ ਹੈ ਜੋ ਦੁਨੀਆਂ ਦੇ ਮੁਕਾਬਲੇ ਜ਼ਿਆਦਾ ਰਕਬੇ ਤੇ ਆਰਗੈਨਿਕ ਖੇਤੀ ਕਰਦਾ ਹੈ (2-8 ਫ਼ੀਸਦੀ)। ਹਾਲਾਂਕਿ ਇਸ ਦੀ ਆਰਗੈਨਿਕ ਪੈਦਾਵਾਰ ਦੁਨੀਆਂ ਦੀ ਕੁਲ ਆਰਗੈਨਿਕ ਪੈਦਾਵਾਰ ਦਾ 32 ਫ਼ੀਸਦੀ ਹੈ।
ਯੂਰਪੀਅਨ ਯੂਨੀਅਨ:- ਯੂਰਪੀਅਨ ਯੂਨੀਅਨ ਦੇ ਨਿਯਮ ਲੇਬਰ ਪੱਖੋਂ ਕਾਫ਼ੀ ਸਖ਼ਤ ਹਨ। ਇਥੇ ਵੀ ਜ਼ਮੀਨ ਦੇ ਸਿਰਫ਼ 9.1 ਫ਼ੀਸਦੀ ਹਿੱਸੇ ਵਿਚ ਆਰਗੈਨਿਕ ਖੇਤੀ ਹੁੰਦੀ ਹੈ। ਇਸ ਵਿਚ ਚਾਰ ਦੇਸ਼ ਜੋ ਸਭ ਤੋਂ ਜ਼ਿਆਦਾ ਆਰਗੈਨਿਕ ਖੇਤੀ ਕਰਦੇ ਹਨ ਉਹ ਹਨ ਫ਼ਰਾਂਸ, ਸਪੇਨ, ਇਟਲੀ ਅਤੇ ਜਰਮਨੀ। ਪਰ ਫ਼ਰਾਂਸ ਹੁਣ ਆਰਗੈਨਿਕ ਖੇਤੀ ਤੋਂ ਮੁੜ ਤਕਨੀਕੀ ਖੇਤੀ ਵਲ ਵੱਧ ਰਿਹੈ ਕਿਉਂਕਿ ਆਰਗੈਨਿਕ ਵਿਚ ਉਪਜ ਘੱਟ ਹੋਣ ਕਰ ਕੇ ਮਹਿੰਗੀ ਪੈਂਦੀ ਹੈ ਅਤੇ ਉਚਿਤ ਮੁਲ ਵੀ ਨਹੀਂ ਮਿਲਦਾ।
ਅਮਰੀਕਾ : ਅਮਰੀਕਾ ਵਿਚ ਵੀ ਇਸ ਤਰ੍ਹਾਂ ਦੇ ਹਾਲਾਤ ਹਨ। 2016 ਤਕ 24 ਲੱਖ ਫ਼ਾਰਮਾਂ ’ਚੋਂ ਸਿਰਫ਼ 14000 ਸਰਟੀਫਾਈਡ ਆਰਗੈਨਿਕ ਫ਼ਾਰਮ ਸਨ ਜਦਕਿ ਅਮਰੀਕਾ ’ਚ ਭਾਰੀ ਮਾਤਰਾ ਵਿਚ ਜਨੈਟੀਕਲੀ ਮੋਡੀਫਾਈਡ ਬੀਜ ਵਰਤ ਕੇ ਫ਼ਸਲਾਂ ਤਿਆਰ ਕੀਤੀਆਂ ਜਾਂਦੀਆਂ ਹਨ।
ਅੱਜ ਭਾਰਤ ਨੂੰ ਇਸ ਰਾਹ ’ਤੇ ਤੁਰਨ ਲਈ ਜਿਥੇ ਅੰਤਰਰਾਸ਼ਟਰੀ ਏਜੰਸੀਆਂ ਧੱਕ ਰਹੀਆਂ ਹਨ ਉਥੇ ਪੂੰਜੀਪਤੀਆਂ ਦੀ ਚਲਾਈ ਮੁਹਿੰਮ ਦਾ ਸ਼ਿਕਾਰ ਆਮ ਲੋਕ ਵੀ ਹੋ ਰਹੇ ਹਨ ਜਿਨ੍ਹਾਂ ਦੇ ਮਨ ’ਚ ਬੈਠ ਗਿਆ ਹੈ ਕਿ ਪੰਜਾਬ ਵਿਚ ਜ਼ਹਿਰਾਂ ਦੀ ਖੇਤੀ ਹੋ ਰਹੀ ਹੈ। ਹਾਲਾਂਕਿ ਜਿੰਨੀਆਂ ਵੀ ਪੈਸਟੀਸਾਈਡ ਵਰਤੀਆਂ ਜਾਂਦੀਆਂ, ਉਹ ਸਾਰੀਆਂ ਬਾਇਉਡੀਗਰੇਡੇਬਲ ਹਨ ਅਤੇ ਸਮੇਂ ਨਾਲ ਅਸਰ ਘਟਦਾ ਜਾਂਦਾ ਹੈ। ਬਾਕੀ ਖਾਣਾ ਪਕਾਉਣ ਵੇਲੇ (ਵਧੇ ਤਾਪਮਾਨ ਤੇ) ਇਨ੍ਹਾਂ ਦੇ ਮਾਲੀਕਿਊਲ ਟੁੱਟ ਜਾਂਦੇ ਹਨ ਅਤੇ ਅਸਰ ਬਿਲਕੁਲ ਖ਼ਤਮ ਹੋ ਜਾਂਦਾ ਹੈ।
ਇਸ ਵੇਲੇ ਸਾਡੇ ਦੇਸ਼ ਵਿਚ ਵੀ ਅਨਾਜ ਪੂਰਾ ਨਹੀਂ ਆ ਰਿਹਾ, ਇਸ ਦਾ ਸਬੂਤ ਹੈ ਕਿ ਸਾਲ 2022 ਤੋਂ ਪਹਿਲਾਂ ਕਣਕ ਤੇ ਫਿਰ ਚੌਲਾਂ ਦੀ ਐਕਸਪੋਰਟ ਤੇ ਰੋਕ ਲਗਾਈ। ਹਾਲਾਂਕਿ ਸਾਲ 2023 ਦੇ ਦੂਜੇ ਕਵਾਟਰ ਵਿਚ ਚੌਲਾਂ ’ਤੇ ਰੋਕ ਹਟਾਈ ਗਈ ਜੋ ਜੁਲਾਈ ’ਚ ਦੁਬਾਰਾ ਲਗਾ ਦਿਤੀ ਗਈ। ਉਧਰ ਲੋਕ ਭੁੱਖਮਰੀ ਨਾਲ ਘੁੱਲ ਰਹੇ ਹਨ। ਸਾਲ 2020 ਤੋਂ ਭਾਰਤ ਸਰਕਾਰ 80 ਕਰੋੜ ਲੋਕਾਂ ਨੂੰ ਸਸਤਾ ਅਨਾਜ ਮੁਹਈਆ ਕਰਵਾ ਰਹੀ ਹੈ। ਇਸ ਵਿਚ ਦੱਸੋ ਜਿਸ ਨੂੰ ਦੋ ਵੇਲੇ ਦੀ ਰੋਟੀ ਦੇ ਲਾਲੇ ਪਏ ਹੋਣ, ਉਸ ਨੂੰ ਆਰਗੈਨਿਕ ਕਿਥੋਂ ਸੁਝੂ? ਪਰ ਜੇ ਪੈਦਾਵਾਰ ਘੱਟ ਗਈ ਤਾਂ ਰੋਟੀ ਕਈ ਕਰੋੜ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ।
ਨਿਚੋੜ : ਕੁਦਰਤੀ ਖੇਤੀ ਦਾ ਕੋਈ ਜ਼ਮਾਨਾ ਨਹੀਂ। ਜੇ ਕਿਤੇ ਅਤਿ-ਅੰਤ ਪਛੜੇ ਇਲਾਕੇ ’ਚ ਕੋਈ ਆਦਿਵਾਸੀ ਕਬੀਲਾ ਕਰਦਾ ਵੀ ਹੈ ਤਾਂ ਉਸ ਨੂੰ ਆਰਗੈਨਿਕ ਖੇਤੀ ਵਲ ਲਿਜਾਣ ਦੀ ਲੋੜ ਹੈ। ਆਰਗੈਨਿਕ ਖੇਤੀ ਅਮੀਰ ਬੰਦਿਆਂ ਦੀ ਮੰਗ ਅਨੁਸਾਰ ਅਤੇ ਆਮਦਨ ਦੇ ਲਿਹਾਜ਼ ਨਾਲ ਅਪਣਾਅ ਲੈਣੀ ਚਾਹੀਦੀ ਹੈ। ਬਹੁਤਾ ਜ਼ੋਰ ਤਕਨੀਕੀ ਖੇਤੀ ਤੇ ਹੀ ਦੇਣਾ ਚਾਹੀਦਾ ਹੈ। ਰਸਾਇਣਾਂ ਦੀ ਵਰਤੋਂ ਲੋੜ ਅਨੁਸਾਰ ਮਾਹਰਾਂ ਦੀ ਸਿਫ਼ਾਰਸ਼ ਦੇ ਅਧਾਰ ਤੇ ਕਰਨੀ ਚਾਹੀਦੀ ਹੈ। ਕੈਂਸਰ ਜਾਂ ਹੋਰ ਬੀਮਾਰੀਆਂ ਦੀ ਜੜ੍ਹ ਇੰਡਸਟਰੀਅਲ ਪ੍ਰਦੂਸ਼ਣ ਹੈ, ਖੇਤੀ ਨਹੀਂ। ਕਾਰਖ਼ਾਨਿਆਂ ਦਾ ਰਸਾਇਣ ਮਿਲਿਆਂ ਪਾਣੀ ਬੋਰ ਕਰ ਕੇ ਧਰਤੀ ਹੇਠ ਵੀ ਪਾਇਆ ਜਾਂਦੈ ਤੇ ਦਰਿਆਵਾਂ ’ਚ ਵੀ ਸੁੱਟਿਆ ਜਾਂਦਾ ਹੈ। ਇਸੇ ਤਰ੍ਹਾਂ ਸ਼ਹਿਰਾਂ ਦਾ ਸੀਵਰ ਵੀ ਪਾਣੀ ਦੇ ਸਰੋਤਾਂ ’ਚ ਮਿਲਾਇਆ ਜਾਂਦਾ ਹੈ ਜਿਸ ਵਿਚ ਕਈ ਤਰ੍ਹਾਂ ਦੇ ਜੀਵਾਣੂ ਬੀਮਾਰੀਆਂ ਦਾ ਕਾਰਨ ਬਣਦੇ ਹਨ।
ਕੀ ਜ਼ਰੂਰੀ ਹੈ, ਆਰਗੈਨਿਕ ਖੇਤੀ ਜਾਂ ਦੋ ਵੇਲੇ ਦੀ ਰੋਟੀ?
ਅੱਜ ਭਾਰਤ ਨੂੰ ਇਸ ਰਾਹ ’ਤੇ ਤੁਰਨ ਲਈ ਜਿਥੇ ਅੰਤਰਰਾਸ਼ਟਰੀ ਏਜੰਸੀਆਂ ਧੱਕ ਰਹੀਆਂ ਹਨ, ਉਥੇ ਪੂੰਜੀਪਤੀਆਂ ਦੀ ਚਲਾਈ ਮੁਹਿੰਮ ਦਾ ਸ਼ਿਕਾਰ ਆਮ ਲੋਕ ਵੀ ਹੋ ਰਹੇ ਹਨ ਜਿਨ੍ਹਾਂ ਦੇ ਮਨ ’ਚ ਬੈਠ ਗਿਆ ਹੈ ਕਿ ਪੰਜਾਬ ਵਿਚ ਜ਼ਹਿਰਾਂ ਦੀ ਖੇਤੀ ਹੋ ਰਹੀ ਹੈ। ਹਾਲਾਂਕਿ ਜਿੰਨੀਆਂ ਵੀ ਪੈਸਟੀਸਾਈਡ ਵਰਤੀਆਂ ਜਾਂਦੀਆਂ, ਉਹ ਸਾਰੀਆਂ ਬਾਇਉਡੀਗਰੇਡੇਬਲ ਹਨ ਅਤੇ ਸਮੇਂ ਨਾਲ ਅਸਰ ਘਟਦਾ ਜਾਂਦਾ ਹੈ। ਬਾਕੀ ਖਾਣਾ ਪਕਾਉਣ ਵੇਲੇ (ਵਧੇ ਤਾਪਮਾਨ ਤੇ) ਇਨ੍ਹਾਂ ਦੇ ਮਾਲੀਕਿਊਲ ਟੁੱਟ ਜਾਂਦੇ ਹਨ ਅਤੇ ਅਸਰ ਬਿਲਕੁਲ ਖ਼ਤਮ ਹੋ ਜਾਂਦਾ ਹੈ।
ਇਸ ਵੇਲੇ ਸਾਡੇ ਦੇਸ਼ ਵਿਚ ਵੀ ਅਨਾਜ ਪੂਰਾ ਨਹੀਂ ਆ ਰਿਹਾ, ਇਸ ਦਾ ਸਬੂਤ ਹੈ ਕਿ ਸਾਲ 2022 ਤੋਂ ਪਹਿਲਾਂ ਕਣਕ ਤੇ ਫਿਰ ਚੌਲਾਂ ਦੀ ਐਕਸਪੋਰਟ ਤੇ ਰੋਕ ਲਗਾਈ। ਹਾਲਾਂਕਿ ਸਾਲ 2023 ਦੇ ਦੂਜੇ ਕਵਾਟਰ ਵਿਚ ਚੌਲਾਂ ’ਤੇ ਰੋਕ ਹਟਾਈ ਗਈ ਜੋ ਜੁਲਾਈ ’ਚ ਦੁਬਾਰਾ ਲਗਾ ਦਿਤੀ ਗਈ। ਉਧਰ ਲੋਕ ਭੁੱਖਮਰੀ ਨਾਲ ਘੁੱਲ ਰਹੇ ਹਨ। ਸਾਲ 2020 ਤੋਂ ਭਾਰਤ ਸਰਕਾਰ 80 ਕਰੋੜ ਲੋਕਾਂ ਨੂੰ ਸਸਤਾ ਅਨਾਜ ਮੁਹਈਆ ਕਰਵਾ ਰਹੀ ਹੈ। ਇਸ ਵਿਚ ਦੱਸੋ ਜਿਸ ਨੂੰ ਦੋ ਵੇਲੇ ਦੀ ਰੋਟੀ ਦੇ ਲਾਲੇ ਪਏ ਹੋਣ, ਉਸ ਨੂੰ ਆਰਗੈਨਿਕ ਕਿਥੋਂ ਸੁਝੂ? ਪਰ ਜੇ ਪੈਦਾਵਾਰ ਘੱਟ ਗਈ ਤਾਂ ਰੋਟੀ ਕਈ ਕਰੋੜ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ।
ਡਾ. ਅਮਨਪ੍ਰੀਤ ਸਿੰਘ
ਮੋ: 96537-90000