ਕਿਹਾ, 12:32:16 ਜਾਂ 46 ਫ਼ੀ ਸਦੀ ਫ਼ਾਸਫ਼ੋਰਸ ਤੱਤ ਵਰਤਣ ਨਾਲ ਨਹੀਂ ਰਹਿੰਦੀ ਡੀ.ਏ.ਪੀ. ਖਾਦ ਦੀ ਲੋੜ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਨੇ ਆਉਂਦੀ ਕਣਕ ਦੀ ਫ਼ਸਲ ਲਈ ਡੀ.ਏ.ਪੀ. ਦੇ ਬਦਲ ਵਜੋਂ ਹੋਰ ਫ਼ਾਸਫ਼ੋਰਸ ਤੱਤਾਂ ਵਾਲੀਆਂ ਖਾਦਾਂ ਨੂੰ ਬਦਲਵੇਂ ਸਰੋਤਾਂ ਵਜੋਂ ਵਰਤਣ ਦਾ ਸੁਝਾਅ ਦਿਤਾ ਹੈ। ਡੀ.ਏ.ਪੀ. ਸੱਭ ਤੋਂ ਵੱਧ ਫ਼ਾਸਫ਼ੋਰਸ ਤੱਤ ਵਾਲੀ ਖਾਦ ਹੈ ਜੋ ਝੋਨੇ-ਕਣਕ ਫ਼ਸਲੀ ਚੱਕਰ ’ਚ ਵਰਤੀ ਜਾਂਦੀ ਹੈ। ਕਣਕ ਦੀ ਫ਼ਸਲ ਲਈ ਕਿਸਾਨ ਦੂਜੀਆਂ ਫ਼ਾਸਫ਼ੋਰਸ ਤੱਤਾਂ ਵਾਲੀਆਂ ਖਾਦਾਂ ਨਾਲੋਂ ਡੀ.ਏ.ਪੀ. ਨੂੰ ਤਰਜੀਹ ਦਿੰਦੇ ਹਨ।
ਪਿੰਡ ਘੋਲੀਆ ਦਾ ਕਿਸਾਨ ਮਨਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਡੀ.ਏ.ਪੀ. ਦੀ ਜਗ੍ਹਾ 12:32:16 ਜਾਂ 46 ਫ਼ੀ ਸਦੀ ਵਾਲੀ ਫ਼ਾਸਫ਼ੋਰਸ ਤੱਤ ਵਰਤ ਰਿਹਾ ਹੈ। ਉਸ ਨੇ ਕਿਹਾ ਕਿ ਇਸ ਨਾਲ ਡੀ.ਏ.ਪੀ. ਖਾਦ ਵਰਤਣ ਦੀ ਲੋੜ ਨਹੀਂ ਰਹਿੰਦੀ। ਮਾਹਰਾਂ ਨੇ ਕਿਹਾ ਕਿ ਡੀ.ਏ.ਪੀ. ਵਿਚ 46 ਫ਼ੀ ਸਦੀ ਫ਼ਾਸਫ਼ੋਰਸ ਅਤੇ 18 ਫ਼ੀ ਸਦੀ ਨਾਈਟਰੋਜਨ ਹੁੰਦੀ ਹੈ। ਇਕ ਹੋਰ ਖਾਦ ਐਨ.ਪੀ.ਕੇ. (12:32:16) ਵਿਚ 32 ਫ਼ੀ ਸਦੀ ਫ਼ਾਸਫ਼ੋਰਸ ਅਤੇ 12 ਫ਼ੀ ਸਦੀ ਨਾਈਟਰੋਜਨ ਤੋਂ ਬਿਨਾਂ 16 ਫ਼ੀ ਸਦੀ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ।
ਮਾਹਰਾਂ ਨੇ ਕਿਹਾ ਕਿ ਟ੍ਰਿਪਲ ਸੁਪਰ ਫ਼ਾਸਫ਼ੇਟ ਨੂੰ ਬਜ਼ਾਰ ਵਿਚ ਨਵੀਂ ਖਾਦ ਵਜੋਂ ਵਰਤਿਆ ਜਾ ਸਕਦਾ ਹੈ ਇਸ ਵਿਚ ਡੀ.ਏ.ਪੀ. ਦੇ ਬਰਾਬਰ 46 ਫ਼ੀ ਸਦੀ ਫ਼ਾਸਫ਼ੋਰਸ ਤੱਤ ਦੀ ਮਾਤਰਾ ਮਿਲਦੀ ਹੈ। ਇਹ ਨਵੀਂ ਉੱਚ ਫ਼ਾਸਫ਼ੋਰਸ ਖਾਦ ਹੈ ਅਤੇ ਕਿਸਾਨ ਪਹਿਲੀ ਵਾਰ ਇਸ ਦੀ ਵਰਤੋਂ ਕਰ ਰਹੇ ਹਨ। ਐਨ.ਪੀ.ਕੇ. (12:32:16) ਡੀ.ਏ.ਪੀ. ਦਾ ਸੱਭ ਤੋਂ ਵਧੀਆ ਬਦਲ ਹੋ ਸਕਦਾ ਹੈ ਕਿਉਂਕਿ ਇਸ ਦਾ ਡੇਢ ਬੋਰਾ ਲਗਭਗ ਉਹੀ ਫ਼ਾਸਫ਼ੋਰਸ ਅਤੇ ਨਾਈਟਰੋਜਨ ਸਮੱਗਰੀ ਦੀ ਸਪਲਾਈ ਕਰਦਾ ਹੈ ਜੋ ਡੀ.ਏ.ਪੀ. ਦੇ ਬਰਾਬਰ ਹੈ।
ਕਣਕ ਦੀ ਬਿਜਾਈ ਤੋਂ ਪਹਿਲਾਂ ਝੋਨੇ ਦੀ ਫੱਕ ਦੀ ਸੁਆਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ (4 ਟਨ ਪ੍ਰਤੀ ਏਕੜ) ਵਰਤਣ ਨਾਲ ਫ਼ਾਸਫ਼ੋਰਸ ਦੀ ਮਾਤਰਾ ਨੂੰ ਅੱਧਾ ਕੀਤਾ ਜਾ ਸਕਦਾ ਹੈ। ਜਿਨ੍ਹਾਂ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਲਗਾਤਾਰ ਵਾਹੁਣ ਤੋਂ ਬਾਅਦ ਮਿੱਟੀ ਦੀ ਜੈਵਿਕ ਕਾਰਬਨ ਮਾਤਰਾ ਉੱਚ ਸ੍ਰੇਣੀ ਵਿਚ ਆਉਂਦੀ ਹੈ, ਫ਼ਾਸਫ਼ੋਰਸ ਵਾਲੀ ਖਾਦ ਨੂੰ 50 ਫ਼ੀ ਸਦੀ ਤਕ ਘਟਾਇਆ ਜਾ ਸਕਦਾ ਹੈ। ਪੀਏਯੂ ਦੀਆਂ ਸਿਫ਼ਾਰਸ਼ਾਂ ਦਾ ਉਦੇਸ਼ ਡੀਏਪੀ ਦੇ ਬਦਲਵੇਂ ਸਰੋਤਾਂ ਦੀ ਵਰਤੋਂ ਕਰ ਕੇ ਫ਼ਾਸਫ਼ੋਰਸ ਦੀ ਲੋੜ ਵਾਲੀ ਕਣਕ ਦੀ ਫ਼ਸਲ ਨੂੰ ਪੂਰਾ ਕਰਨਾ ਅਤੇ ਅੰਤ ਵਿਚ ਕਣਕ ਦਾ ਪੂਰਾ ਝਾੜ ਪ੍ਰਾਪਤ ਕਰਨ ਵਿਚ ਕਿਸਾਨਾਂ ਦੀ ਮਦਦ ਕਰਨਾ ਹੈ।