ਪੰਜਾਬ ਦੀ ਧਰਤੀ ਦੇ ਸੇਬ ਵਜੋਂ ਜਾਣਿਆ ਜਾਂਦੈ ਅਮਰੂਦ ਦਾ ਫਲ
ਅਮਰੂਦ, ਕਿਨੂੰ, ਅੰਗੂਰ, ਆੜੂ, ਸੰਤਰਾ, ਕੇਲੇ, ਨਿੰਬੂ, ਬੇਰ, ਸੇਬ ਆਦਿ ਸਮੇਤ ਬਹੁਤ ਸਾਰੇ ਫਲ ਬਾਗ਼ਬਾਨੀ ਦੇ ਖੇਤਰ ’ਚ ਆਉਂਦੇ ਹਨ ਪਰ ਇਹ ਫਲ ਮੌਸਮੀ ਹੁੰਦੇ ਹਨ ਅਤੇ ਪੂਰੇ ਸਾਲ ਵਿਚ ਇਕ ਹੀ ਫ਼ਸਲ ਦਿੰਦੇ ਹਨ। ਇਸ ਤੋਂ ਬਾਅਦ ਬਾਗ਼ਬਾਨ ਵਿਹਲਾ ਹੋ ਜਾਂਦਾ ਹੈ। ਅਮਰੂਦ ਬਾਗ਼ਬਾਨ ਦੀ ਖੇਤੀ ਵਿਚ ਅਜਿਹੀ ਫ਼ਸਲ ਹੈ ਜਿਹੜੀ ਪੰਜਾਬ ਦੇ ਹਰ ਖੇਤਰ ’ਚ ਹੋ ਸਕਦੀ ਹੈ ਅਤੇ ਮੌਸਮ ਮੁਤਾਬਕ ਇਕ ਫ਼ਸਲ ਹੀ ਨਹੀਂ ਦਿੰਦੀ ਸਗੋਂ ਪੂਰਾ ਸਾਲ ਹੀ ਅਮਰੂਦ ਦੀ ਫ਼ਸਲ ਚਲਦੀ ਰਹਿੰਦੀ ਹੈ। ਇਕ ਸਾਲ ਵਿਚ ਤਿੰਨ ਵਾਰੀ ਅਮਰੂਦ ਦੇ ਬਾਗ਼ਾਂ ਤੋਂ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਅਮਰੂਦ ਅਜਿਹਾ ਫਲ ਹੈ ਜਿਸ ਵਿਚ ਸੇਬ ਨਾਲੋਂ ਕਿਤੇ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ ਜਿਸ ਕਰ ਕੇ ਅਮਰੂਦ ਨੂੰ ਪੰਜਾਬ ਦਾ ਸੇਬ ਵੀ ਕਿਹਾ ਜਾ ਸਕਦਾ ਹੈ।

ਆਮਦਨ ਤੋਂ ਬਿਨਾਂ ਹਰੇ-ਭਰੇ ਖੇਤ ਹੋਣ ਕਰ ਕੇ ਹਰਿਆਵਾਲ ਵਿਚ ਵੀ ਵਾਧਾ ਹੁੰਦਾ ਹੈ। ਜੇਕਰ ਹੋਰ ਜ਼ਿਆਦਾ ਆਮਦਨ ਲੈਣੀ ਹੋਵੇ ਤਾਂ ਅਮਰੂਦ ਦੇ ਬਾਗ਼ਾਂ ਵਿਚ ਵੇਲਾਂ ਵਾਲੀਆਂ ਸਬਜ਼ੀਆਂ ਵੀ ਬੀਜੀਆਂ ਜਾ ਸਕਦੀਆਂ ਹਨ ਪਰ ਵੇਲ ਅਮਰੂਦ ਦੇ ਬੂਟੇ ’ਤੇ ਨਹੀਂ ਚੜ੍ਹਨੀ ਚਾਹੀਦੀ ਸਗੋਂ ਅਮਰੂਦ ਦੇ ਬਾਗ਼ਾਂ ਵਿਚ ਉਘੇ ਹੋਏ ਘਾਹ-ਫੂਸ ਦੁਆਲੇ ਹੀ ਘੁੰਮਦੀ ਰਹਿਣੀ ਚਾਹੀਦੀ ਹੈ। ਅਮਰੂਦਾਂ ਦੇ ਫਲ ਦੀ ਥੋੜ੍ਹੀ ਜਿਹੀ ਮੰਡੀ ਦੀ ਸਮੱਸਿਆ ਜ਼ਰੂਰ ਹੈ ਜਿਸ ਨੂੰ ਦੂਰ ਕਰਨ ਲਈ ਜ਼ਿਲ੍ਹੇ ਪਟਿਆਲੇ ਦੇ ਕਸਬਾ ਘੱਗਾ ਵਿਖੇ ਅਮਰੂਦ ਬਾਗ਼ਬਾਨ ਪਵਨ ਕੁਮਾਰ ਲੱਕੀ ਅਤੇ ਗੁਰਬਖ਼ਸ਼ੀਸ਼ ਸਿੰਘ ਵਲੋਂ ਕੋਈ ਪ੍ਰੋਸੈਸਿੰਗ ਪਲਾਂਟ ਲਗਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਬਾਗ਼ਬਾਨੀ ਨਾਲ ਜੁੜੇ ਬਾਗ਼ਾਂ ਦੇ ਮਾਹਰ ਅਮਰੂਦ ਦੇ ਬਾਗ਼ ਲਗਵਾਉਣ, ਬੂਟੇ ਦੇਣ, ਸਬਸਿਡੀ ਦੇਣ ਆਦਿ ਵਰਗੇ ਕੰਮ ਕਰਨ ਲਈ ਤਿਆਰ ਹਨ ਪਰ ਅਮਰੂਦ ਵੇਚਣ ਲਈ ਪੱਕੇ ਤੌਰ ’ਤੇ ਮੰਡੀ ਦਾ ਉਨ੍ਹਾਂ ਕੋਲ ਕੋਈ ਵੀ ਪ੍ਰਬੰਧ ਨਹੀਂ ਜਿਸ ਮੰਡੀ ਦਾ ਪ੍ਰਬੰਧ ਬਾਗ਼ਬਾਨਾਂ ਨੂੰ ਖ਼ੁਦ ਕਰਨਾ ਪੈਂਦਾ ਹੈ। ਬਾਗ਼ ਲਗਾਉਣ ਲਈ ਜੂਨ-ਜੁਲਾਈ ਦਾ ਮਹੀਨਾ ਹੀ ਢੁਕਵਾਂ ਮੰਨਿਆ ਜਾਂਦਾ ਹੈ।
ਭਾਵੇਂ ਅਕਤੂਬਰ-ਨਵੰਬਰ ਵਿਚ ਵੀ ਅਮਰੂਦ ਦੇ ਬਾਗ਼ ਲਗਾਏ ਜਾ ਸਕਦੇ ਹਨ ਪਰ ਅੱਗੇ ਸਰਦੀ ਦਾ ਮੌਸਮ ਹੋਣ ਕਾਰਨ ਬੂਟਿਆਂ ਨੂੰ ਠੰਢ ਤੋਂ ਬਚਾਅ ਲਈ ਪ੍ਰਬੰਧ ਕਰਨੇ ਪੈਂਦੇ ਹਨ ਜਿਸ ਕਰ ਕੇ ਜੂਨ-ਜੁਲਾਈ ਮਹੀਨੇ ਹੀ ਅਮਰੂਦ ਦਾ ਬਾਗ਼ ਲਗਾਉਣਾ ਚਾਹੀਦਾ ਹੈ। ਜ਼ਿਲ੍ਹਾ ਪਟਿਆਲਾ ਦੇ ਪਿੰਡ ਘੱਗਾ ਵਿਖੇ ਅਮਰੂਦਾਂ ਦਾ ਬਾਗ਼ ਲਗਾਉਣ ਵਾਲੇ ਰਛਪਾਲ ਸਿੰਘ ਨੇ ਦੱਸਿਆ ਕਿ ਇਕ ਏਕੜ ਵਿਚ 110 ਤੋਂ 145 ਅਮਰੂਦਾਂ ਦੇ ਬੂਟੇ ਲਗਾਏ ਜਾ ਸਕਦੇ ਹਨ। ਬੂਟੇ ਤੋਂ ਬੂਟੇ ਦਾ ਫ਼ਾਸਲਾ 10-12 ਰੱਖਿਆ ਜਾ ਸਕਦਾ ਹੈ ਪਰ ਬਾਗ਼ਬਾਨੀ ਵਿਭਾਗ ਬੂਟੇ ਤੋਂ ਬੂਟੇ ਦੇ ਫ਼ਾਸਲੇ ਦੀ ਸਿਫ਼ਾਰਸ਼ 20-20 ਕਰਦਾ ਹੈ। ਉਨ੍ਹਾਂ ਕੋਲ ਹੁਣ ਤਿੰਨ ਏਕੜ ’ਚ ਅਮਰੂਦਾਂ ਦਾ ਬਾਗ਼ ਹੈ ਅਤੇ ਦੋ ਏਕੜ ਹੋਰ ਲਗਾਉਣ ਦੀ ਯੋਜਨਾ ਚੱਲ ਰਹੀ ਹੈ। ਜਿਥੇ ਬੂਟੇ ਤੋਂ ਬੂਟੇ ਦਾ ਫ਼ਾਸਲਾ 11-12 ਰੱਖਿਆ ਜਾਵੇਗਾ। ਅਮਰੂਦ ਦੇ ਬੂਟਿਆਂ ਦੀ ਸਭ ਤੋਂ ਵੱਧ ਪ੍ਰਚਲਤ ਕਿਸਮ ਨੂੰ ਹਿਸਾਰ ਸਫੈਦਾ ਕਿਹਾ ਜਾਂਦਾ ਹੈ। ਜ਼ਿਆਦਾਤਰ ਇਹ ਹੀ ਕਿਸਮ ਬਾਗ਼ਬਾਨੀ ਲਈ ਵਰਤੀ ਜਾ ਰਹੀ ਹੈ। ਪਰ ਬਾਗ਼ ਅੰਦਰ ਕਿਸਮ ਵਧਾਉਣ ਲਈ ਐਪਲ ਗਬਾਬਾ ਕਿਸਮ ਦੇ ਕੁੱਝ ਬੂਟੇ ਵੀ ਲਗਾਏ ਜਾ ਸਕਦੇ ਹਨ। ਇਸ ਕਿਸਮ ਦੇ ਫਲ ਉਪਰੋਂ ਲਾਲ ਰੰਗ ਦੇ ਹੁੰਦੇ ਹਨ। ਅਮਰੂਦਾਂ ਦੀ ਤੀਸਰੀ ਕਿਸਮ ਪੰਜਾਬ ਪਿੰਕ ਹੈ। ਇਸ ਕਿਸਮ ਦੇ ਫਲਾਂ ਦਾ ਰੰਗ ਅੰਦਰੋਂ ਲਾਲ ਹੁੰਦਾ ਹੈ।
1
ਸਰਕਾਰੀ ਤੌਰ ’ਤੇ ਅਮਰੂਦ ਦੇ ਬੂਟੇ ਦੀ ਕੀਮਤ 45 ਰੁਪਏ ਪ੍ਰਤੀ ਬੂਟਾ ਰੱਖੀ ਗਈ ਹੈ ਪਰ ਨਿਜੀ ਤੌਰ ’ਤੇ ਅਮਰੂਦਾਂ ਦੇ ਬੂਟੇ ਤਿਆਰ ਕਰਨ ਵਾਲੀਆਂ ਨਰਸਰੀਆਂ 100/150 ਰੁਪਏ ਪ੍ਰਤੀ ਬੂਟੇ ਦੀ ਕੀਮਤ ਰਖਦੀਆਂ ਹਨ। ਹਰਿਆਣਾ ਰਾਜ ਦੇ ਕਸਬਾ ਭੂਨਾ ਅਤੇ ਕਲਾਇਤ ਵਿਖੇ ਅਮਰੂਦ ਦੇ ਬੂਟੇ ਤਿਆਰ ਕਰਨ ਵਾਲੀਆਂ ਨਰਸਰੀਆਂ ਹਨ। ਪਰ ਕਲਾਈਤ ਨੇੜੇ ਪਿੰਡ ਜਲਾਨੀਖੇੜਾ ਵਿਚ ਚਲ ਰਹੀ ਨਰਸਰੀ ਵਿਚੋਂ ਮਿਲਣ ਵਾਲੇ ਬੂਟਿਆਂ ਦੀ ਕੀਮਤ ਵੀ ਠੀਕ ਦਸੀ ਜਾ ਰਹੀ ਹੈ ਅਤੇ ਨਰਸਰੀ ਵਧੀਆ ਬੂਟੇ ਤਿਆਰ ਕਰਨ ਕਰ ਕੇ ਰਾਸ਼ਟਰੀ ਪੱਧਰ ’ਤੇ ਐਵਾਰਡ ਵੀ ਲੈ ਚੁੱਕੀ ਹੈ ਜਿਸ ਕਰ ਕੇ ਅਮਰੂਦਾਂ ਦਾ ਬਾਗ਼ ਲਗਾਉਣ ਤੋਂ ਪਹਿਲਾਂ ਬੂਟੇ ਕਿਸੇ ਭਰੋਸੇਯੋਗ ਸਰਕਾਰੀ ਜਾਂ ਗ਼ੈਰ ਸਰਕਾਰੀ ਨਰਸਰੀ ਤੋਂ ਹੀ ਲੈਣੇ ਚਾਹੀਦੇ ਹਨ ਕਿਉਂਕਿ ਵਧੀਆ ਜਾਂ ਘਟੀਆਂ ਬੂਟਿਆਂ ਦੀ ਪਹਿਚਾਣ ਤਿੰਨ ਸਾਲ ਬਾਅਦ ਜਾ ਕੇ ਹੋਣੀ ਹੈ। ਜੇਕਰ ਗ਼ੈਰ ਭਰੋਸੇਮੰਦ ਨਰਸਰੀ ਤੋਂ ਬੂਟੇ ਲੈ ਕੇ ਲਗਾ ਲਏ ਅਤੇ ਤਿੰਨ ਸਾਲ ਬਾਅਦ ਨਤੀਜੇ ਮਾੜੇ ਨਿਕਲੇ ਤਾਂ ਕੀਤੀ ਗਈ ਸਾਰੀ ਮਿਹਨਤ ’ਤੇ ਪਾਣੀ ਫਿਰ ਜਾਂਦਾ ਹੈ।
ਅਮਰੂਦ ਦਾ ਫਲਾਂ ਦੀ ਤੁੜਾਈ ਖ਼ਾਸ ਕਰ ਕੇ ਹਿਸਾਰ ਸਫੈਦਾ ਕਿਸਮ ਦੀ ਜੁਲਾਈ, ਨਵੰਬਰ ਅਤੇ ਮਾਰਚ ਮਹੀਨੇ ਵਿਚ ਕੀਤੀ ਜਾ ਸਕਦੀ ਹੈ। ਲੀਚੀ, ਅੰਬ, ਜਾਮਨ, ਅੰਗੂਰ ਆਦਿ ਵਰਗੇ ਫਲਾਂ ਦੇ ਮੁਕਾਬਲੇ ਅਮਰੂਦ ਨੂੰ ਲੰਮੇ ਤਕ ਸੰਭਾਲ ਕੇ ਰਖਿਆ ਜਾ ਸਕਦਾ ਹੈ ਅਤੇ ਮੰਡੀ ਕਰਨ ਸਮੇਂ ਫਲ ਖ਼ਰਾਬ ਵੀ ਨਹੀਂ ਹੁੰਦਾ। ਜਦੋਂ ਕਿ ਦੂਸਰੇ ਕੁੱਝ ਘੰਟਿਆਂ ਬਾਅਦ ਖ਼ਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ ਜਾਂ ਫਿਰ ਮੰਡੀ ਵਿਚ ਲੈ ਕੇ ਜਾਣ ਸਮੇਂ ਸਾਵਧਾਨੀ ਵਰਤਣੀ ਪੈਂਦੀ ਹੈ ਪਰ ਅਮਰੂਦ ਵਿਚ ਅਜਿਹੀ ਕੋਈ ਮੁਸ਼ਕਲ ਨਹੀਂ ਹੈ। ਦੂਸਰਾ ਪੱਖ ਇਹ ਵੀ ਹੈ ਕਿ ਜੇਕਰ ਖ਼ਰਾਬ ਮੌਸਮ ਕਾਰਨ ਅਮਰੂਦ ਦਾ ਫਲ ਬੂਟਿਆਂ ਨਾਲੋਂ ਟੁਟ ਜਾਵੇ ਤਾਂ ਵੀ ਮੰਡੀ ਵਿਚ ਵੇਚਿਆ ਜਾ ਸਕਦਾ ਹੈ ਪਰ ਜਾਮਨ, ਲੀਚੀ, ਸੰਤਰਾ ਵਗ਼ੈਰਾ ਬੂਟੇ ਤੋਂ ਟੁਟ ਕੇ ਡਿੱਗਣ ਸਾਰ ਹੀ ਖ਼ਰਾਬ ਹੋ ਜਾਦੇ ਹਨ। ਜਦੋਂ ਅਸੀ ਅਮਰਦੂਾਂ ਦੇ ਬਾਗ਼ਾਂ ਤੋਂ ਆਮਦਨ ਹੋਣ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਆਮਦਨ ਤਿੰਨ ਕੁ ਸਾਲ ਬਾਅਦ ਸ਼ੁਰੂ ਹੋ ਜਾਂਦੀ ਹੈ। ਜਿਹੜੀ ਇਕ ਲੱਖ ਰੁਪਏ ਪ੍ਰਤੀ ਏਕੜ ਤੋਂ ਸ਼ੁਰੂ ਹੋ ਕੇ ਪੰਜ ਲੱਖ ਰੁਪਏ ਪ੍ਰਤੀ ਏਕੜ ਤਕ ਪਹੁੰਚ ਸਕਦੀ ਹੈ।
ਬ੍ਰਿਸ਼ ਭਾਨ ਬੁਜਰਕ ਕਾਹਨਗੜ੍ਹ ਰੋਡ ਪਾਤੜਾਂ,
ਪਟਿਆਲਾ (ਮੋ. 9876101698)
