Chemicals Feed: ਬਾਹਰੀ ਖਾਣੇ ਬਣ ਰਹੇ ਘਾਤਕ ਬਿਮਾਰੀਆਂ ਦਾ ਕਾਰਨ
Chemicals Feed: ਪੰਜਾਬ ਦੀ ਖੇਤੀ ਸਬੰਧੀ ਅੱਜ ਇਕ ਬ੍ਰਿਤਾਂਤ ਸਿਰਜਿਆ ਜਾ ਰਿਹਾ ਹੈ ਕਿ ਪੰਜਾਬ ਦਾ ਕਿਸਾਨ ਵੱਧ ਪੈਦਾਵਾਰ ਲੈਣ ਦੇ ਚੱਕਰ ’ਚ ਲੋੜ ਤੋਂ ਵੱਧ ਰਸਾਇਣਕ ਖਾਦਾਂ (ਫਰਟੀਲਾਈਜ਼ਰ) ਤੇ ਕੀੜੇ ਮਾਰ ਦਵਾਈਆਂ ਵਰਤਦਾ ਹੈ ਜਦਕਿ ਇਹ ਸਚਾਈ ਨਹੀਂ ਕਿਉਂਕਿ ਇਥੇ ਕਿਸਾਨ ਪੈਦਾਵਾਰ ਜ਼ਿਆਦਾ ਲੈਂਦਾ ਹੈ, ਜ਼ਿਆਦਾ ਪੈਦਾਵਾਰ ਲਈ ਫ਼ਸਲ ਨੂੰ ਖ਼ੁਰਾਕ ਵੀ ਜ਼ਿਆਦਾ ਚਾਹੀਦੀ ਹੈ। ਜਿਹੜੇ ਲੋਕ ਖੇਤੀ ਨਾਲ ਸਬੰਧ ਨਹੀਂ ਰਖਦੇ ਉਹ ਮੁਕਾਬਲਾ ਕਰਦੇ ਹਨ ਪੰਜਾਬ ਤੇ ਭਾਰਤ ਦਾ। ਕਹਿੰਦੇ ਹਨ ਰਸਾਇਣਕ ਖਾਦਾਂ ਦੀ ਔਸਤ ਭਾਰਤ ਵਿਚ 90 ਕਿਲੋ ਪ੍ਰਤੀ ਹੈਕਟੇਅਰ ਹੈ ਜਦਕਿ ਪੰਜਾਬ ’ਚ 223 ਕਿਲੋ ਪ੍ਰਤੀ ਹੈਕਟੇਅਰ ਹੈ।
ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ 99% ਰਕਬਾ ਸੈਂਜੂ ਹੈ ਅਤੇ ਭਾਰਤ ਦਾ ਸਿਰਫ਼ 40%। ਭਾਰਤ ਦੇ 60% ਰਕਬੇ ਵਿਚ ਖਾਦ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਕਿਉਂਕਿ ਉੱਥੇ ਖੇਤੀ ਬਾਰਸ਼ ’ਤੇ ਨਿਰਭਰ ਹੈ। ਬਾਰਸ਼ ਦਾ ਪਤਾ ਨਹੀਂ ਕਦੋਂ ਪੈਣੀ ਹੈ, ਪੈਣੀ ਵੀ ਹੈ ਕਿ ਨਹੀਂ। ਦੂਜੇ ਪਾਸੇ ਪੰਜਾਬ ਦੀ ਪੈਦਾਵਾਰ ਤਕਰੀਬਨ ਭਾਰਤ ਦੀ ਔਸਤ ਨਾਲੋਂ ਡੇਢ ਗੁਣਾ ਜ਼ਿਆਦਾ ਹੈ। ਮਿਸਾਲ ਦੇ ਤੌਰ ’ਤੇ ਭਾਰਤ ਵਿਚ ਕਣਕ ਦੀ ਔਸਤ ਪੈਦਾਵਾਰ 35 ਕੁਇੰਟਲ ਪ੍ਰਤੀ ਹੈਕਟੇਅਰ ਹੈ ਜਦਕਿ ਪੰਜਾਬ ਵਿਚ ਇਹ ਔਸਤ ਇਸ ਸਾਲ 52 ਕੁਇੰਟਲ ਪ੍ਰਤੀ ਹੈਕਟੇਅਰ ਸੀ।
ਜਿਥੋਂ ਤਕ ਕੀੜੇ ਮਾਰ ਦਵਾਈਆਂ/ਜ਼ਹਿਰਾਂ ਦੀ ਗੱਲ ਹੈ, ਪੰਜਾਬ ਵਿਚ ਇਨ੍ਹਾਂ ਦੀ ਵਰਤੋਂ ਸਿਰਫ਼ 700 ਗ੍ਰਾਮ ਪ੍ਰਤੀ ਹੈਕਟੇਅਰ ਹੈ ਜਦਕਿ ਜਾਪਾਨ ਵਰਗੇ ਵਿਕਸਤ ਦੇਸ਼ਾਂ ਵਿਚ ਇਨ੍ਹਾਂ ਦੀ ਵਰਤੋਂ 12 ਕਿਲੋ ਪ੍ਰਤੀ ਹੈਕਟੇਅਰ ਤੋਂ ਵੱਧ ਹੈ। ਏਨਾ ਹੀ ਨਹੀਂ, ਇਹ ਸਾਰੇ ਰਸਾਇਣ ਬਾਇਓ-ਡੀਗ੍ਰੇਡੇਬਲ ਹਨ ਭਾਵ ਸਮੇਂ ਨਾਲ ਇਨ੍ਹਾਂ ਵਿਚਲਾ ਜ਼ਹਿਰੀਲਾ ਮਾਦਾ ਅਸਰ ਰਹਿਤ ਹੋ ਜਾਂਦਾ ਹੈ।
ਉਪ੍ਰੋਕਤ ਤੋਂ ਇਹ ਸਿੱਧ ਹੁੰਦੈ ਕਿ ਖ਼ੁਰਾਕ ਵਿਚ ਜੇ ਕੋਈ ਗ਼ਲਤ ਰਸਾਇਣ ਆਉਂਦਾ ਹੈ ਤਾਂ ਇਸ ਦਾ ਸਰੋਤ ਕਿਸਾਨ ਵਲੋਂ ਵਰਤੇ ਗਏ ਰਸਾਇਣ ਨਹੀਂ ਬਲਕਿ ਦਰਿਆਵਾਂ ’ਚ ਸੁਟਿਆ ਜਾਂਦਾ ਸੀਵਰੇਜ ਅਤੇ ਫ਼ੈਕਟਰੀਆਂ ਦਾ ਗੰਦਾ ਪਾਣੀ ਹੈ ਜੋ ਅੱਗੇ ਜਾ ਕੇ ਖੇਤਾਂ ਨੂੰ ਲਗਦੈ। ਜਿਹੜਾ ਗੰਦਾ ਪਾਣੀ ਬੋਰ ਕਰ ਕੇ ਧਰਤੀ ’ਚ ਪਾਇਆ ਜਾਂਦੈ ਉਹ ਇਸ ਤੋਂ ਵੀ ਘਾਤਕ ਹੈ।
ਬਾਹਰਲੇ ਖਾਣੇ : ਅੱਜ ਇਕ ਨਵੀਂ ਸਮੱਸਿਆ ਜੋ ਸਾਡੇ ਬਦਲਦੇ ਰਹਿਣ-ਸਹਿਣ ਨਾਲ ਆਈ ਹੈ, ਉਹ ਬਾਹਰ ਦੇ ਖਾਣੇ ਦੀ ਵਧਦੀ ਵਰਤੋਂ ਹੈ। ਇਸ ਵੇਲੇ ਮੈਂ ਗੱਲ ਕਰਦਾ ਹਾਂ ਪ੍ਰੋਸੈਸਡ ਫ਼ੂਡ ਦੀ ਜਿਸ ਵਿਚ ਬੇਕਰੀ, ਜੰਕ ਫ਼ੂਡ, ਸੈਮੀ ਕੂਕਡ ਫ਼ੂਡ (ਅੱਧ ਪੱਕਿਆ ਖਾਣਾ), ਰੈਡੀ ਟੂ ਈਟ ਫ਼ੂਡ (ਪੱਕਿਆ ਪਕਾਇਆ) ਇਹ ਆਉਂਦੇ ਹਨ। ਕਹਿਣ ਦਾ ਭਾਵ ਕਿ ਜੂਸ ਤੋਂ ਲੈ ਕੇ ਸਟੋਰ ’ਤੇ ਪਈ ਬਰੈੱਡ ਤਕ।
ਇਨ੍ਹਾਂ ਨੂੰ ਖਾਣ ਨਾਲ ਸਾਡੀ ਸਿਹਤ ਉਤੇ ਕਈ ਤਰ੍ਹਾਂ ਦੇ ਅਸਰ ਪੈਂਦੇ ਹਨ ਜਿਨ੍ਹਾਂ ’ਚ ਪ੍ਰਮੁੱਖ ਹਨ ਕੈਂਸਰ, ਮੋਟਾਪਾ, ਸ਼ੂਗਰ ਤੇ ਦਿਲ ਦੀ ਬੀਮਾਰੀ ਜਿਸ ਕਰ ਕੇ ਛੋਟੀ ਉਮਰ ਵਿਚ ਹੀ ਮੌਤ ਹੋ ਜਾਂਦੀ ਹੈ। ਪਿਛਲੇ ਸਾਲ ਦੋ ਪ੍ਰਮੁੱਖ ਖੋਜਾਂ ਹੋਈਆਂ, ਇਕ ਅਮਰੀਕਾ ਵਿਚ ਤੇ ਦੂਜੀ ਇਟਲੀ ’ਚ। ਅਮਰੀਕਨ ਕੈਂਸਰ ਸੁਸਾਇਟੀ ਦੀ ਰੀਸਰਚ 31 ਅਗੱਸਤ 2022 ਨੂੰ ਬ੍ਰਿਟਿਸ਼ ਮੈਡੀਕਲ ਜਰਨਲ ਵਿਚ ਛਪੀ ਜਿਸ ਮੁਤਾਬਕ ਅਲਟਰਾ ਪ੍ਰੋਸੈਸਡ ਖਾਣਾ, ਜਿਵੇਂ ਹਾਟ-ਡਾਗ, ਬਰਗਰ, ਪੀਜ਼ਾ, ਚਿਪਸ ਆਦਿ ਮਨੁੱਖਾਂ ’ਚ ਕੋਲਨ ਅਤੇ ਰੈਕਟਲ ਕੈਂਸਰ ਦਾ ਖ਼ਤਰਾ ਵਧਾ ਦਿੰਦੇ ਹਨ।
ਇਨ੍ਹਾਂ ਕਰ ਕੇ ਆਦਮੀਆਂ ਤੇ ਔਰਤਾਂ ਦੋਵਾਂ ਵਿਚ ਦਿਲ ਦੇ ਰੋਗ ਵਧਣ ਕਰ ਕੇ ਛੇਤੀ ਮੌਤ ਹੋ ਜਾਂਦੀ ਹੈ। ਇਸ ਵਿਚ ਇਟਲੀ ਦੀ ਟੀਮ ਨੇ ਲਭਿਆ ਕਿ ਫ਼ੂਡ ਪ੍ਰੋਸੈਸਿੰਗ ਨਾਲ ਖਾਣੇ ਦੀ ਪੌਸ਼ਟਿਕਤਾ ਉਤੇ ਮਾੜਾ ਅਸਰ ਪੈਂਦਾ ਹੈ ਅਤੇ ਮੌਤ ਦਰ ਵਧਦੀ ਹੈ। ਇਹ ਸਟੱਡੀ ਉਨ੍ਹਾਂ ਨੇ 22000 ਮਨੁੱਖਾਂ ’ਤੇ ਕੀਤੀ। ਕੁਲ ਮਿਲਾ ਕਿ ਇਹ ਕਿਹਾ ਕਿ ਪ੍ਰੋਸੈਸਡ ਫ਼ੂਡ ਨੂੰ ਲਗਾਤਾਰ ਖਾ ਕੇ ਕੋਲੇਟਰਲ ਕੈਂਸਰ ਹੋਣ ਦੀਆਂ ਸੰਭਾਵਨਾਵਾਂ 29% ਵੱਧ ਜਾਂਦੀਆਂ ਹਨ। ਇਸੇ ਤਰ੍ਹਾਂ ਦੀਆਂ ਅਨੇਕਾਂ ਰੀਪੋਰਟਾਂ ਤੁਹਾਨੂੰ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਤੋਂ ਮਿਲ ਜਾਂਦੀਆਂ ਹਨ ਜੋ ਪ੍ਰੋਸੈਸਡ ਫ਼ੂਡ ਨੂੰ ਖ਼ਤਰੇ ਦੀ ਘੰਟੀ ਦਸਦੀਆਂ ਹਨ।
ਪ੍ਰੀਜ਼ਰਵੇਟਿਵ : ਤੁਸੀ ਕੋਈ ਵੀ ਚੀਜ਼ ਲੈ ਲਉ, ਉਸ ਦੀ ਸੈਲਫ਼ ਲਾਈਫ਼ ਵਧਾਉਣ ਲਈ ਉਸ ਵਿਚ ਪ੍ਰੀਜ਼ਰਵੇਟਿਵ (ਰਖਿਅਕ) ਪਾਏ ਜਾਂਦੇ ਹਨ। ਅੱਡ-ਅੱਡ ਪਦਾਰਥਾਂ ’ਚ ਵੱਖੋ-ਵਖਰੇ ਪ੍ਰੀਜ਼ਰਵੇਟਿਵ ਪੈਂਦੇ ਹਨ। ਕੁੱਝ ਤਾਂ ਸਾਧਾਰਣ ਹੀ ਹਨ ਜਿਸ ਤਰ੍ਹਾਂ ਨਮਕ ਵਿਚ ਆਰਟੀਫੀਸ਼ੀਅਲ ਖੰਡ ਦੀ ਮਾਤਰਾ ਵਧਾ ਕੇ ਪਾਉਣਾ। ਨਮਕ ਨਾਲ ਸੋਡੀਅਮ ਪੋਟਾਸ਼ੀਅਮ ਵਧ ਗਿਆ, ਇਸ ਤੋਂ ਬ੍ਰੈਡ ਦੇ ਨਾਲ-ਨਾਲ ਜੋ ਚੀਜ਼ ਵਿਚ ਲਾਈ ਉਸ ਦਾ ਸੋਡੀਅਮ ਵੀ ਨਾਲ ਜਮ੍ਹਾਂ ਹੋ ਗਿਆ। ਜ਼ਿਆਦਾ ਲੂਣ ਬੀਪੀ ਤੇ ਦਿਲ ਵਾਸਤੇ ਠੀਕ ਨਹੀਂ। ਇਸੇ ਤਰ੍ਹਾਂ ਵਧੀ ਹੋਈ ਸ਼ੂਗਰ ਨਾਲ ਡਾਇਬਟੀਜ਼ ਹੋਣ ਦਾ ਖ਼ਤਰਾ ਹੈ। ਲਗਾਤਾਰ ਕਾਰਬੋਨੇਟਿਡ ਠੰਢੇ ਪੀਣ ਨਾਲ ਕੈਂਸਰ ਤੇ ਟਿਊਮਰ ਹੋਣ ਦਾ ਵੀ ਖ਼ਤਰਾ ਹੋ ਜਾਂਦਾ ਹੈ।
ਬੇਕਰੀ: ਬੇਕਰੀ ਵਿਚ ਬ੍ਰੈਡ, ਬਰਗਰ, ਪੀਜ਼ਾ, ਕੁਲਚੇ, ਹਾਟ-ਡਾਗ ਤੋਂ ਇਲਾਵਾ ਬਿਸਕੁਟ, ਨਮਕੀਨ, ਚਿਪਸ, ਚਾਕਲੇਟ ਆਉਂਦੇ ਹਨ। ਇਨ੍ਹਾਂ ਵਿਚ ਅੱਡ-ਅੱਡ ਤਰ੍ਹਾਂ ਦੇ ਪ੍ਰੀਜ਼ਰਵੇਟਿਵ ਦੇ ਨਾਲ-ਨਾਲ ਹੋਰ ਇਮਲਸੀਫਾਈਅਰ, ਸਟੈਬਲਾਈਜ਼ਰ, ਆਰਟੀਫੀਸ਼ੀਅਲ ਫਲੇਵਰ (ਨਕਲੀ ਸੁਗੰਧ ਤੇ ਸਵਾਦ) ਵਰਗੇ ਪਦਾਰਥ ਆ ਜਾਂਦੇ ਹਨ। ਇਨ੍ਹਾਂ ਦੀ ਗੱਲ ਕਰਨੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਸ਼ਹਿਰ ਹੋਵੇ ਜਾਂ ਪਿੰਡ ਹਰ ਘਰ ਵਿਚ ਰੋਜ਼ ਵਰਤੇ ਜਾਣ ਵਾਲੇ ਪ੍ਰੋਡਕਟ ਹਨ। ਇਸ ਵਿਚ ਬ੍ਰੈਡ ਦੀ ਹੀ ਗੱਲ ਕਰ ਲਈਏ ਤਾਂ ਅੱਜ ਬਹੁਤੇ ਲੋਕ ਚਿੱਟੀ ਬ੍ਰੈਡ ਲੈਂਦੇ ਹਨ। ਇਸ ਵਿਚ ਆਟਾ ਨਹੀਂ ਮੈਦਾ ਹੁੰਦਾ ਹੈ। ਇਸ ਤੋਂ ਬਾਅਦ ਬਰਾਊਨ ਬ੍ਰੈਡ ਆਉਂਦੀ ਹੈ ਜਿਸ ਨੂੰ ਲੋਕ ਸਮਝਦੇ ਹਨ ਕਿ ਉਹ ਆਟਾ ਬ੍ਰੈਡ ਹੈ ਜਦਕਿ ਉਸ ’ਚ ਰੰਗ ਵੀ ਹੁੰਦਾ ਹੈ। ਆਟਾ ਬ੍ਰੈਡ ਵਿਚ ਆਟਾ ਸਿਰਫ਼ 53 ਫ਼ੀ ਸਦੀ ਹੁੰਦੈ ਅਤੇ ਇਨ੍ਹਾਂ ਸਭ ’ਚ ਉਪਰੋਂ ਕਣਕ ਵਾਲੇ ਗਲੂਟਿਨ ਤੋਂ ਇਲਾਵਾ ਗਲੂਟਿਨ ਹੋਰ ਪਾਇਆ ਜਾਂਦਾ ਹੈ।
ਇਸ ਦੇ ਨਾਲ ਇਸ ਵੇਲੇ ਕਣਕ ਨੂੰ ਮਾੜੀ ਦੱਸ ਕੇ ਮਿਲਟ ਦੀ ਖੇਤੀ ਨੂੰ ਤਰਜੀਹ ਦਿਤੀ ਜਾ ਰਹੀ ਹੈ ਪਰ ਪਹਿਲ ਦੇ ਆਧਾਰ ’ਤੇ ਮਿਲਟ ਨੂੰ ਵਰਤ ਕੇ ਜਿਹੜੀ ਬ੍ਰੈਡ ਬਣਾਈ ਗਈ ਅਤੇ ਨਾਮ ਦਿਤਾ ‘ਮਿਲਟ ਬ੍ਰੈਡ’ ਦਾ ਉਸ ਵਿਚ ਕਣਕ ਦਾ ਆਟਾ 44%, ਰਾਗੀ ਆਟਾ 8.8%, ਬਾਜਰੇ ਦਾ ਆਟਾ 3.9% ਅਤੇ ਜਵਾਰ ਦਾ ਆਟਾ 1% ਹੈ। ਮਿਲਟ ਪੀਜ਼ਾ ਬੇਸ ਵਿਚ ਆਟਾ 45.5% ਹੈ। ਰਾਗੀ ਆਟਾ (ਫਿੰਗਰ ਮਿਲਟ) 10.1%, ਬਾਜਰਾ (ਪਰਲ ਮਿਲਟ) 2.5% ਤੇ ਜਵਾਰ 1 ਫ਼ੀਸਦ। ਇਸ ਵਿਚ ਸੋਚਣ ਵਾਲੀ ਗੱਲ ਹੈ ਇਹ ਹੈ ਕਿ ਕਣਕ ਨੂੰ ਗਲੂਟਿਨ ਕਰ ਕੇ ਮਾੜਾ ਕਿਹਾ ਜਾਂਦਾ ਹੈ। ਮਿਲਟ ਦੇ ਪਦਾਰਥ ਬਣਾਉਣ ਵੇਲੇ ਕਣਕ ਦੇ ਆਟੇ ਤੋਂ ਇਲਾਵਾ ਗਲੂਟਿਨ ਫਿਰ ਪਾਈ ਜਾਂਦੀ ਹੈ।
ਸਾਫ਼ਟ ਡਰਿੰਕ (ਠੰਢਾ) : ਅੱਜ ਮਲਟੀ-ਨੈਸ਼ਨਲ ਕੰਪਨੀਆਂ ਦੇ ਬਣਾਏ ਹੋਏ ਠੰਢਿਆਂ ਨੇ ਲੋਕਾਂ ਦੇ ਘਰਾਂ ’ਚੋਂ ਪੁਰਾਤਨ ਠੰਢੇ ਜਿਵੇਂ ਸ਼ਿਕੰਜਵੀ, ਸੱਤੂ, ਕੱਚੀ ਲੱਸੀ (ਦੁੱਧ ਦੀ ਲੱਸੀ) ਖ਼ਤਮ ਕਰ ਦਿਤੇ ਹਨ। ਇਸ ਦੇ ਨਾਲ ਰੂਹ-ਅਫਜ਼ਾ, ਰਸਨਾ, ਸਕੁਐਸ਼ ਬਾਜ਼ਾਰ ’ਚ ਆਏ ਜਿਨ੍ਹਾਂ ਦਾ 10 ਤੋਂ 20 ਐਮ.ਐਲ ਪਾਉ ਬਾਕੀ ਪਾਣੀ ਪਾਉ ਤੇ ਪੀ ਲਉ। ਇਸ ਵੇਲੇ ਠੰਢਿਆਂ ਵਿਚ ਸਭ ਤੋਂ ਵੱਧ ਖ਼ਪਤ ਕੋਲਾਜ਼ ਦੀ ਹੈ। ਇਨ੍ਹਾਂ ਦੇ ਅਲੱਗ-ਅਲੱਗ ਸੁਆਦ ਹਨ। ਇਸ ਵੇਲੇ ਤਾਂ ਚਾਟੀ ਦੀ ਲੱਸੀ, ਨਿੰਬੂ ਪਾਣੀ, ਜਲ-ਜ਼ੀਰਾ ਵੀ ਬੋਤਲਾਂ ਜਾਂ ਟੈਟਰਾ ਪੈਕ ’ਚ ਬੰਦ ਹੋ ਕੇ ਬ੍ਰਾਂਡਿਡ ਮਿਲਦੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਨ੍ਹਾਂ ਕਾਰਬੋਨੇਟਿਡ ਠੰਢਿਆਂ ਵਿਚ ਆਰਟੀਫ਼ੀਸ਼ੀਅਲ ਮਿੱਠਾ ਪਾਇਆ ਜਾਂਦੈ। ਇਸ ਦਾ ਨਾਮ ਹੈ ਅਸਪਾਰਟਅੇਮ। ਇਸ ਦੇ ਵਪਾਰਕ ਨਾਮ ਹਨ ਇਕੂਅਲ ਨਿਊਟਰਸਵੇਟ ਕੈਂਡਰਲ ਅਤੇ ਸ਼ੂਗਰ ਟਵਿਨ ਏਸ ਦਾ ਐਡਿਟਿਵ ਨੰਬਰ ਹੈ 951, ਇਹ ਆਮ ਖੰਡ ਨਾਲੋਂ 200 ਗੁਣਾ ਮਿੱਠਾ ਹੈ। ਇਸ ਦਾ ਸਿੱਧਾ ਅਸਰ ਲੀਵਰ ’ਤੇ ਦੇਖਣ ਨੂੰ ਮਿਲਿਆ ਹੈ, ਯਾਨੀ ਜਿਗਰ ਦਾ ਕੈਂਸਰ ਹੋਣ ਦੀ ਸਮਰੱਥਾ ਵਧਾ ਦਿੰਦਾ ਹੈ। ਇਸ ਵੇਲੇ ਇਹ ਸਮਝਣ ਦੀ ਲੋੜ ਹੈ। ਕਈਆਂ ਤੇ ਤਾਂ ਇਸ ਦਾ ਨੰਬਰ ਲਿਖਿਆ ਹੈ ਪਰ ਕਈ ਅਜਿਹੇ ਪ੍ਰੋਡਕਟ ਹਨ ਜਿਨ੍ਹਾਂ ਤੇ ਸਵੀਟਨਰ ਹੀ ਲਿਖਿਆ ਹੈ।
ਹਾਲਾਂਕਿ ਇਸ ਨੂੰ ਬਣਾਉਣ ਵਾਲੇ ਇਹ ਕਹਿੰਦੇ ਹਨ ਕਿ ਜੇ 70 ਕਿਲੋ ਦਾ ਮਨੁੱਖ 5 ਲੀਟਰ ਇਕ ਦਿਨ ’ਚ ਪੀਵੇ ਤਾਂ ਇਹ ਹਾਨੀਕਾਰਕ ਹੈ। ਇਹ ਹੋਰ ਖਾਣੇ ਦੇ ਪਦਾਰਥਾਂ ’ਚ ਵੀ ਮੌਜੂਦ ਹੈ ਜਿਸ ਦਾ ਸੇਵਨ ਲੋਕ ਆਮ ਤੌਰ ’ਤੇ ਕਰਦੇ ਹਨ। ਇਸ ਲਈ ਇਹ ਮਾਤਰਾ ਤੋਂ ਉਪਰ ਸਰੀਰ ’ਚ ਜਾਣ ਦੀ ਪੂਰੀ ਸੰਭਾਵਨਾ ਹੈ। ਜਿਹੜੀ ਚੀਜ਼ ਦਾ ਅਸਰ ਸਿਹਤ ’ਤੇ ਮਾੜਾ ਪੈਂਦਾ ਹੈ, ਘੱਟ ਪੀਣ ਨਾਲ ਦੇਰ ਨਾਲ ਅਸਰ ਕਰ ਜਾਵੇਗਾ। ਇਸ ਤਰ੍ਹਾਂ ਇਕ ਬਲੈਕ ਪਾਣੀ ਚਲਿਆ ਹੈ। ਇਹ ਪਹਾੜੀ ਜੰਗਲਾਂ ਵਿਚ ਡਿੱਗੇ ਹੋਏ ਪੱਤਿਆਂ ਦਾ ਅਰਕ (ਰਸ) ਇਕੱਠਾ ਕੀਤਾ ਜਾਂਦਾ ਹੈ ਜਿਸ ਨੂੰ ਸਿਹਤ ਲਈ ਬਹੁਤ ਵਧੀਆ ਗਿਣਿਆ ਗਿਆ ਹੈ। ਇਸ ਪਾਣੀ ਵਿਚ ਵੀ ਸਵੀਟਨਰ ਪਾਇਆ ਗਿਆ ਹੈ ਪਰ ਲੇਬਲ ’ਤੇ ਕੁੱਝ ਨਹੀਂ ਲਿਖਿਆ ਕਿ ਉਸ ਦਾ ਨੰਬਰ ਕੀ ਹੈ। ਇਸ ਦੀ 750 ਐਮ.ਐਲ ਦੀ ਬੋਤਲ 55 ਰੁਪਏ ਵਿਚ ਮਿਲਦੀ ਹੈ। ਇਸ ਵੇਲੇ ਕਾਪਰ ਵਾਲਾ ਪਾਣੀ ਵੀ ਮਾਰਕੀਟ ’ਚ ਮਿਲਣ ਲੱਗ ਪਿਆ ਹੈ ਜਿਸ ਵਿਚ ਕਾਪਰ ਸਲਫ਼ੇਟ (ਨੀਲਾ ਥੋਥਾ) (0.00041%) ਹੈ।
ਜੂਸ ਵਿਚ ਕੁਦਰਤੀ ਸ਼ੂਗਰ ਹੁੰਦੀ ਹੈ। ਉਹ ਵੀ ਜਦੋਂ ਇਕ ਦਮ ਸਰੀਰ ਵਿਚ ਜਾਂਦੀ ਹੈ ਤਾਂ ਕਈ ਵਾਰ ਵਾਧੂ ਹੋਣ ਕਰ ਕੇ ਵਰਤੀ ਨਹੀਂ ਜਾਂਦੀ ਤੇ ਫੈਟ ਦੇ ਰੂਪ ਵਿਚ ਸਰੀਰ ਵਿਚ ਜਮ੍ਹਾਂ ਹੋ ਜਾਂਦੀ ਹੈ। ਇਸ ਵੇਲੇ ਜਿਹੜੇ ਪੈਕਡ ਜੂਸ ਆ ਰਹੇ ਹਨ ਇਨ੍ਹਾਂ ਵਿਚ ਕੁਦਰਤੀ ਸ਼ੂਗਰ ਦੇ ਨਾਲ ਅਸਪਾਰਟਮ ਪਾਈ ਜਾਂਦੀ ਹੈ, ਇਸ ਨੂੰ ਮਿੱਠਾ ਕਰ ਕੇ ਇਸ ਦਾ ਸਵਾਦ ਤੇ ਤਾਜ਼ਾ ਰੱਖਣ ਲਈ ਇਸ ’ਚ ਸੋਡੀਅਮ ਬੈਂਜ਼ੋਓਅੇਟ (211) ਬੈਂਜ਼ੋਇਕ ਏਸਿਡ, ਸਲਫ਼ਰ ਡਾਇਅਕਸਾਈਡ, ਸੋਰਬਿਕ ਏਸਿਡ, ਸੋਡੀਅਮ ਕਾਰਬੋਕਸੀਮੀਥਾਈਲ ਸੇਲੂਲੋਸ ਵਰਗੇ ਰਸਾਇਣ ਪਾਏ ਜਾਂਦੇ ਹਨ। ਇਸ ਵਿਚ ਘੋਖਣ ਵਾਲੀ ਗੱਲ ਹੈ ਕਿ ਸੋਡੀਅਮ ਬੈਂਜ਼ੋਓਅੇਟ ਬਦਲ ਜਾਂਦਾ ਹੈ ਬੈਂਜ਼ੀਨ ਵਿਚ, ਜੋ ਕੈਂਸਰ ਕਰ ਸਕਦਾ ਹੈ, ਯਾਨੀ ਇਹ ਵੀ ਕੈਂਸਰ ਵਲ ਇਸ਼ਾਰਾ ਕਰਦਾ ਹੈ।
ਮਿਉਨੀਜ਼ ਤੇ ਐਮਐਸਜੀ (ਮੋਨੋਸੋਡੀਅਮ ਗਲੂਟਾਮੇਟ) : ਇਹ ਤਕਰੀਬਨ ਸਾਰੇ ਜੰਕ ਫ਼ੂਡ ਜਿਵੇਂ, ਬਰਗਰ, ਪੀਜ਼ੇ, ਪਾਸਤਾ, ਸੈਂਡਵਿਚ ਦੇ ਨਾਲ-ਨਾਲ ਚਿਪਸ, ਸੂਪ ਫਾਸਟ-ਕੈਨਡ ਫ਼ੂਡ ਵਿਚ ਪੈਂਦੇ ਹਨ। ਮਿਉਨੀਜ਼ ਤਾਂ ਤਕਰੀਬਨ ਘਰਾਂ ’ਚ ਵੀ ਸੈਂਡਵਿਚ ਜਾਂ ਫਿਰ ਪਾਸਤਾ, ਪੀਜ਼ਾ ਵਿਚ ਸਵਾਦ ਵਧਾਉਣ ਲਈ ਵਰਤੇ ਜਾਂਦੇ ਹਨ। ਇਸ ਵਿਚ ਸੈਚੂਰੇਟਡ ਫੈਟ ਹੋਣ ਕਾਰਨ ਇਹ ਕੋਲੈਸਟ੍ਰੌਲ ਵਧਾਉੁਂਦੀ ਹੈ ਜਿਸ ਨਾਲ ਦਿਲ ਦੀਆਂ ਬੀਮਾਰੀਆਂ ਲੱਗਣ ਦੀ ਸੰਭਾਵਨਾ ਵਧਦੀ ਹੈ। ਐਮਐਸਜੀ ਜਾਂ ਅਜੀਨੋ ਮੋਟੋ ਇਹ ਇਕ ਚੀਨੀ ਮਾਲਟ ਹੈ ਜੋ ਸਵਾਦ ਵਧਾਉਂਦਾ ਹੈ। ਅੱਜ ਇਹ ਇਕੱਲਾ ਬਾਹਰਲੇ ਖਾਣੇ ’ਚ ਹੀ ਨਹੀਂ ਸਗੋਂ ਘਰ ਦੀ ਰਸੋਈ ’ਚ ਵੜ ਚੁੱਕੈ। ਇਸ ਦਾ ਸੇਵਨ ਦਿਮਾਗ਼ ਦੇ ਖ਼ੁਸ਼ੀ ਵਾਲੇ ਹਿੱਸੇ ਨੂੰ ਉਤੇਜਿਤ ਕਰ ਦਿੰਦੈ ਜਿਸ ਕਾਰਨ ਲੋਕਾਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ।
ਕੜਿ੍ਹਆ ਤੇਲ: ਪੁਰਾਣੇ ਜੰਕ ਫ਼ੂਡ ਯਾਨੀ ਸਮੋਮੇ, ਟਿੱਕੀ, ਭਟੂਰੇ, ਪੂਰੀ ਛੋਲੇ ਇਨ੍ਹਾਂ ਦੀ ਵੀ ਸ਼ਹਿਰਾਂ ਵਿਚ ਵਿਕਰੀ ਕਈ ਗੁਣਾ ਵੱਧ ਚੁੱਕੀ ਹੈ। ਇਹ ਜਿਸ ਤੇਲ ’ਚ ਤਲੇ ਜਾਂਦੇ ਹਨ, ਉਹ ਕਾਲਾ ਹੋਇਆ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਉਹ ਤੇਲ ਵਾਰੀ-ਵਾਰੀ ਗਰਮ ਹੋ ਕੇ ਕੜ੍ਹੀ ਜਾਂਦਾ ਹੈ। ਇਸ ਨਾਲ ਕਈ ਤਰ੍ਹਾਂ ਦੇ ਖ਼ਤਰਨਾਕ ਕੈਮੀਕਲ ਬਣਦੇ ਹਨ ਜਿਵੇਂ ਕਿ ਪਾਲੀਸਾਈਕਲਿਕ ਐਰੋਮੈਟਿਕ ਹਾਈਡ੍ਰੋਕਾਰਬਨ (Polycyclic 1romatic 8ydrocarbons, P18), ਜਿਨ੍ਹਾਂ ’ਚ ਕਈਆਂ ਨੂੰ 3arcinogenic (ਕੈਂਸਰ ਕਰਨ ਵਾਲਾ) ਪਾਇਆ ਗਿਆ ਹੈ। ਇਸ ਦਾ ਮਤਲਬ ਕਿ ਇਹ ਕੈਂਸਰ ਪੈਦਾ ਕਰਦੇ ਹਨ। ਇਥੋਂ ਤਕ ਕਿ ਇਨ੍ਹਾਂ ਦੇ ਸੇਵਨ ਜਾਂ ਇਸ ਨੂੰ ਲਗਾਤਾਰ ਸੁੰਘਣ ਨਾਲ ਵੀ ਜੀਨੋਟਾਕਸਿਕ, ਮੁਟਾਜੀਨਿਕ ਅਤੇ ਰਸੋਲੀ ਜੀਨੋਟਾਕਸਿਕ, (7enotoxic, mutagenic, tumorogenic) ਕਈ ਤਰ੍ਹਾਂ ਦੇ ਕੈਂਸਰ ਬਣਦੇ ਹਨ।
ਬਨਾਵਟੀ ਖ਼ੁਰਾਕ : ਇਸ ਤੋਂ ਵੱਧ ਕੀ ਦੇਖੀਏ ਕਿ ਚੌਲਾਂ ਨੂੰ ਜਦੋਂ ਪ੍ਰਾਸੈਸ ਭਾਵ ਪਾਲਿਸ਼ ਕੀਤਾ ਜਾਂਦਾ ਹੈ ਤਾਂ ਉਸ ਤੋਂ ਤਕਰੀਬਨ ਸਾਰੇ ਵਿਟਾਮਿਨ ਉਤਾਰ ਦਿਤੇ ਜਾਂਦੇ ਹਨ। ਫਿਰ ਆਰਟੀਫ਼ੀਸ਼ੀਅਲ ਵਿਟਾਮਿਨ ਉਸ ਵਿਚ ਪਾਏ ਜਾਂਦੇ ਹਨ। ਇਸ ਨੂੰ ਫ਼ੌਰਟੀਫ਼ਾਈਡ ਚੌਲ ਕਹਿੰਦੇ ਹਨ। ਇਸੇ ਤਰ੍ਹਾਂ ਹੁਣ ਕੌਫ਼ੀ ਤੇ ਚਾਹ ਜੋ ਪਹਿਲਾਂ ਚਾਹ ਦੇ ਬਾਗ਼ਾਂ ’ਚੋਂ ਆਉਂਦੀ ਸੀ ਹੁਣ ਉਹ ਲੈਬ ’ਚ ਤਿਆਰ ਹੋਵੇਗੀ। ਅਮਰੀਕੀ ਕੰਪਨੀ ਅਟੋਮਾ ਮੋਲੀਕੂਲਰ ਨੇ ਸਿੰਥੈਟਿਕ ਕੌਫ਼ੀ ਬਣਾਈ ਜਿਸ ਵਿਚ ਕੋਈ ਆਰਗੈਨਿਕ ਤਾਂ ਛੱਡੋ ਕੌਫ਼ੀ ਬੀਨਜ਼ ਵੀ ਨਹੀਂ ਵਰਤੇ ਜਾਣਗੇ। ਇਹ ਸਿੰਥੈਟਿਕ ਕੌਫ਼ੀ ਕੀ ਰੰਗ ਲਿਆਏਗੀ ਇਸ ਬਾਰੇ ਤਾਂ ਅਜੇ ਕੱੁਝ ਨਹੀਂ ਕਿਹਾ ਜਾ ਸਕਦਾ। ਪਹਿਲਾਂ ਹੀ ਸਿੰਥੈਟਿਕ ਦੁੱਧ ਨੇ ਡੇਅਰੀ ਦਾ ਧੰਦਾ ਖ਼ਤਮ ਕਰ ਦਿਤਾ ਹੈ, ਹੁਣ ਖੇਤੀ ਨੂੰ ਵੀ ਸਿੰਥੈਟਿਕ ਲੈਬ ’ਚ ਤਿਆਰ ਚੀਜ਼ਾਂ ਖ਼ਤਮ ਕਰਨਗੀਆਂ।
ਨਿਚੋੜ : ਇਸ ਗੱਲ ਦੀ ਘੋਖ ਕਰਨੀ ਬਣਦੀ ਹੈ ਕਿ ਵੱਧ ਰਹੀਆਂ ਬੀਮਾਰੀਆਂ ਲਈ ਕੌਣ ਜ਼ਿੰਮੇਵਾਰ ਹਨ? ਕਿਸਾਨ, ਪ੍ਰੋਸੈਸਡ ਫ਼ੂਡ ਇੰਡਸਟਰੀ, ਸਾਡੇ ਡਾਕਟਰ ਜੋ ਐਂਟੀਬਾਉਟਿਕ ਤੇ ਕਈ ਦਵਾਈਆਂ ਦੇ ਮਿਸ਼ਰਣਾਂ ਦੀ ਸਿਫ਼ਾਰਸ਼ ਕਰਦੇ ਹਨ, ਮਿਊਂਸੀਪਲ ਕਮੇਟੀਆਂ ਜਾਂ ਕਾਰਪੋਰੇਸ਼ਨਾਂ ਜੋ ਗੰਦਾ ਪਾਣੀ ਦਰਿਆਵਾਂ ਵਿਚ ਪਾਈ ਜਾਂਦੇ ਹਨ ਜਾਂ ਫਿਰ ਇੰਡਸਟਰੀ ਜੋ ਗੰਦਾ ਪਾਣੀ ਧਰਤੀ ਹੇਠਲੇ ਪਾਣੀ ’ਚ ਪਾ ਕੇ ਪਲੀਤ ਕਰੀ ਜਾਂਦੇ ਹਨ ਜਾਂ ਸਮਂੇ ਦੀਆਂ ਸਰਕਾਰਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਇਨ੍ਹਾਂ ਦੇ ਨਿਰੀਖਣ ਕਰਨ ਦੀ ਹੁੰਦੀ ਹੈ ਜਾਂ ਲੋਕ ਆਪ ਜਿਹੜੇ ਅਪਣੇ ਨਿੱਜੀ ਫ਼ਾਇਦੇ ਖ਼ਾਤਰ ਉਪ੍ਰੋਕਤ ਸਭ ਕੁੱਝ ਕਰਨ ਅਤੇ ਜਰਨ ਵਿਚ ਸਹਾਈ ਹੁੰਦੇ ਹਨ।
ਡਾ. ਅਮਨਪ੍ਰੀਤ ਸਿੰਘ ਬਰਾੜ, ਮੋ: 9653790000