Maintenance of Stubble:ਸਾਡੇ ਦੇਸ਼ ’ਚ ਫ਼ਸਲ ਦੀ ਰਹਿੰਦ-ਖੂੰਹਦ ਤੇ ਪਰਾਲੀ ਨੂੰ ਆਮ ਤੌਰ ’ਤੇ ਜਾਨਵਰਾਂ ਦੀ ਫ਼ੀਡ ਦੇ ਰੂਪ ’ਚ ਵਰਤਿਆ ਜਾਂਦਾ ਹੈ।
Maintenance of Stubble: ਪੰਜਾਬ ’ਚ ਝੋਨੇ ਦੀ ਬਿਜਾਈ ਵਾਲੇ ਖੇਤਰ ਦੀ ਗੱਲ ਕਰੀਏ ਤਾਂ ਸੂਬੇ ’ਚ ਲਗਭਗ 65 ਲੱਖ ਏਕੜ ਰਕਬੇ ’ਚ ਝੋਨੇ ਦੀ ਕਾਸ਼ਤ ਹੁੰਦੀ ਹੈ ਤੇ ਫ਼ਸਲ ਦੀ ਪ੍ਰਾਪਤੀ ਉਪਰੰਤ ਜਦ ਖੇਤਾਂ ਵਿਚਲੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਜੋ ਸਾਡਾ ਨੁਕਸਾਨ ਹੁੰਦਾ ਹੈ, ਉਸ ਦੇ ਤੱਥ ਯਕੀਨਨ ਚਿੰਤਾਜਨਕ ਹਨ।
ਇਕ ਰੀਪੋਰਟ ਅਨੁਸਾਰ ਇਕ ਏਕੜ ’ਚ 2.5 ਤੋਂ ਲੈ ਕੇ 3 ਟਨ ਪਰਾਲੀ ਦੀ ਪੈਦਾਵਾਰ ਹੁੰਦੀ ਹੈ ਜਿਸ ਨੂੰ ਸਾੜਨ ਨਾਲ ਤਕਰੀਬਨ 32 ਕਿਲੋ ਯੂਰੀਆ, 5.5 ਕਿਲੋ ਡੀਏਪੀ ਤੇ 51 ਕਿਲੋ ਪੋਟਾਸ਼ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਨਾਲ ਹੀ ਕਾਸ਼ਤਕਾਰੀ ਲਈ ਸਹਾਇਕ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਜਿਸ ਨਾਲ ਖੇਤੀ ਦੀ ਉਪਜਾਊ ਸ਼ਕਤੀ ’ਚ ਬੇਤਹਾਸ਼ਾ ਕਮੀ ਆਉਂਦੀ ਹੈ। ਇਸ ਨਾਲ ਫ਼ਸਲਾਂ ਦੇ ਵਧੇਰੇ ਵਧਣ-ਫੁਲਣ ਲਈ ਜ਼ਰੂਰੀ ਮੱਲੜ੍ਹ ਦੇ ਨਾਲ-ਨਾਲ ਲਗਭਗ 38 ਲੱਖ ਟਨ ਜੈਵਿਕ ਕਾਰਬਨ ਸੜ ਜਾਂਦੇ ਹਨ ਜਿਸ ਕਾਰਨ ਧਰਤੀ ਦੀ ਉਪਜਾਊ ਸ਼ਕਤੀ ’ਚ ਕਮੀ ਆਉਂਦੀ ਹੈ।
ਇਸ ਤੋਂ ਇਲਾਵਾ ਸੜਕਾਂ ਕਿਨਾਰੇ ਲੱਗੇ ਕਿੰਨੇ ਹੀ ਦਰੱਖ਼ਤ ਪਰਾਲੀ ਨੂੰ ਲਾਈ ਅੱਗ ਦੀ ਭੇਂਟ ਚੜ੍ਹ ਜਾਂਦੇ ਹਨ। ਪਰਾਲੀ ਸਾੜਨ ਨਾਲ ਸ਼ਹਿਦ ਦੀਆਂ ਅਣਗਿਣਤ ਮੱਖੀਆਂ ਮਰ ਚੁੱਕੀਆਂ ਹਨ ਜਿਸ ਕਾਰਨ ਅੱਜ ਸ਼ੁਧ ਸ਼ਹਿਦ ਮਿਲਣਾ ਲਗਭਗ ਨਾਮੁਮਕਿਨ ਹੀ ਜਾਪਦਾ ਹੈ। ਇਸ ਤੋਂ ਇਲਾਵਾ ਕਈ ਪੰਛੀ ਅਲੋਪ ਹੁੰਦੇ ਜਾ ਰਹੇ ਹਨ।
ਪਰਾਲੀ ਸਾੜਨ ਕਰ ਕੇ ਕਾਰਬਨ ਮੋਨੋਆਕਸਾਈਡ ਨਾਂ ਦੀ ਜ਼ਹਿਰੀਲੀ ਗੈਸ ਲਾਲ ਕਣਾਂ ਨਾਲ ਕਿਰਿਆ ਕਰ ਕੇ ਖ਼ੂਨ ਦੀ ਆਕਸੀਜਨ ਲੈ ਜਾਣ ਦੀ ਸਮਰੱਥਾ ਘਟਾਉਂਦੀ ਹੈ। ਇਸ ਨਾਲ ਹੀ ਇਹ ਅੱਖਾਂ ਤੇ ਸਾਹ ਦੀ ਨਲੀ ’ਚ ਜਲਣ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਸਲਫ਼ਰ ਆਕਸਾਈਡ ਤੇ ਨਾਈਟਰੋਜਨ ਆਕਸਾਈਡ ਫੇਫੜਿਆਂ, ਖ਼ੂਨ, ਚਮੜੀ ਤੇ ਸਾਹ ਕਿਰਿਆ ਉਤੇ ਸਿੱਧਾ ਅਸਰ ਕਰਦੇ ਹਨ, ਜੋ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਸੱਦਾ ਦਿੰਦੇ ਹਨ। ਇਨ੍ਹਾਂ ਜ਼ਹਿਰੀਲੀਆਂ ਗੈਸਾਂ ਦੇ ਕਹਿਰ ਦਾ ਸ਼ਿਕਾਰ ਸੱਭ ਨਾਲੋਂ ਜ਼ਿਆਦਾ ਬੱਚੇ ਹੁੰਦੇ ਹਨ ਕਿਉਂਕਿ ਉਨ੍ਹਾਂ ’ਚ ਗੈਸ ਨੂੰ ਸਮੋਹਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਇਹ ਗੈਸਾਂ ਗਰਭਵਤੀ ਔਰਤਾਂ ਉਤੇ ਵੀ ਬਹੁਤ ਮਾੜਾ ਪ੍ਰਭਾਵ ਪਾਉਂਦੀਆਂ ਹਨ।
ਜਿਹੜੇ ਸਾਹ ਨਾਲ ਅੰਦਰ ਜਾਣ ਵਾਲੇ ਮਹੀਨ ਧੂੜ ਕਣਾਂ ਦੀ ਮਿਕਦਾਰ ਆਮ ਦਿਨਾਂ ’ਚ ਵਾਤਾਵਰਣ ’ਚ ਲਗਭਗ 60 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਮਿਲਦੀ ਹੈ, ਉਨ੍ਹਾਂ ਦੀ ਤਾਦਾਦ ’ਚ ਪਰਾਲੀ ਸਾੜਨ ਦੇ ਦਿਨਾਂ ’ਚ 425 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਤਕ ਦਾ ਵਾਧਾ ਵੇਖਣ ਨੂੰ ਮਿਲਦਾ ਹੈ। ਪਰਾਲੀ ਸਾੜਨ ਕਾਰਨ ਸਰਦੀ ਵੀ ਘੱਟ ਪੈ ਰਹੀ ਹੈ। ਇਕ ਅੰਦਾਜ਼ੇ ਮੁਤਾਬਕ ਪਰਾਲੀ ਸਾੜਨ ਕਾਰਨ ਹਰ ਸਾਲ ਕਿਸਾਨਾਂ ਦਾ ਲਗਭਗ 500 ਕਰੋੜ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਪਰਾਲੀ ਦੇ ਧੂੰਏਂ ਤੇ ਅੱਗ ਕਾਰਨ ਸੜਕਾਂ ’ਤੇ ਸਫ਼ਰ ਕਰ ਰਹੇ ਕਿੰਨੇ ਹੀ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਤੇ ਜਾਨੀ-ਮਾਲੀ ਨੁਕਸਾਨ ਹੁੰਦਾ ਹੈ।
ਸਾਡੇ ਦੇਸ਼ ’ਚ ਫ਼ਸਲ ਦੀ ਰਹਿੰਦ-ਖੂੰਹਦ ਤੇ ਪਰਾਲੀ ਨੂੰ ਆਮ ਤੌਰ ’ਤੇ ਜਾਨਵਰਾਂ ਦੀ ਫ਼ੀਡ ਦੇ ਰੂਪ ’ਚ ਵਰਤਿਆ ਜਾਂਦਾ ਹੈ। ਪਸ਼ੂਆਂ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰਨ ਲਈ ਪਰਾਲੀ ਨੂੰ ਯੂਰੀਆ ਤੇ ਗੁੜ ’ਚ ਭਿਉਂ ਕੇ ਤੇ ਹਰੇ ਚਾਰੇ ’ਚ ਮਿਲਾ ਕੇ ਇਸ ਨੂੰ ਫ਼ੀਡ/ਰਾਸ਼ਨ ਦੇ ਰੂਪ ’ਚ ਵਰਤਿਆ ਜਾ ਸਕਦਾ ਹੈ। ਇਸੇ ਤਰ੍ਹਾਂ ਪਰਾਲੀ ਨੂੰ ਬੇਲਰ ਨਾਲ ਬੇਲ ਕੇ ਪੂਰੇ ਫ਼ੀਡ/ਰਾਸ਼ਨ ਦੇ ਰੂਪ ’ਚ ਵਰਤਿਆ ਜਾ ਸਕਦਾ ਹੈ। ਪਰਾਲੀ ਨੂੰ ਬੇਲਰ ਨਾਲ ਬੇਲ ਕੇ ਪੂਰੇ ਸਾਲ ਪਸ਼ੂਆਂ ਦੀ ਫ਼ੀਡ ਵਜੋਂ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।
ਪਰਾਲੀ ਨੂੰ ਜਾਨਵਰਾਂ ਦੇ ਬਿਸਤਰੇ ਦੇ ਰੂਪ ’ਚ ਵੀ ਵਰਤ ਸਕਦੇ ਹਾਂ ਕਿਉਂਕਿ ਇਕ ਕਿਲੋ ਪਰਾਲੀ ਪਸ਼ੂਆਂ ਦੇ ਦੋ ਤੋਂ ਤਿੰਨ ਕਿਲੋ ਪਿਸ਼ਾਬ ਨੂੰ ਸੋਖ ਲੈਣ ਦੀ ਸਮਰੱਥਾ ਰਖਦੀ ਹੈ ਤੇ ਇਸੇ ਪਰਾਲੀ ਨੂੰ ਪਸ਼ੂਆਂ ਦੇ ਗੋਹੇ ’ਚ ਰਲ-ਗੱਡ ਕਰ ਕੇ ਖਾਦ ਦੇ ਰੂਪ ’ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਖਾਦ ਤਿਆਰ ਕਰਨ ਲਈ ਚਾਰ ਹਿੱਸੇ ਪਰਾਲੀ ਤੇ ਇਕ ਹਿੱਸਾ ਗੋਹਾ ਦਰਕਾਰ ਹੁੰਦਾ ਹੈ। ਪਰਾਲੀ ਨੂੰ ਊਰਜਾ ਦੇ ਸਰੋਤ ਦੇ ਰੂਪ ’ਚ ਵੀ ਵਰਤਿਆ ਜਾ ਸਕਦਾ ਹੈ। ਊਰਜਾ ਤੇ ਜੈਵਿਕ ਬਾਲਣ ਬਣਾਉਣ ਲਈ ਪਰਾਲੀ ਨੂੰ ਵਰਤੋਂ ’ਚ ਲਿਆਂਦਾ ਜਾ ਸਕਦਾ ਹੈ। ਨਾਲੇ ਸੂਰਜੀ ਤੇ ਹਵਾ ਵਰਗੇ ਹੋਰ ਊਰਜਾ ਸਾਧਨਾਂ ਦੀ ਤੁਲਨਾ ’ਚ ਪਰਾਲੀ ਨੂੰ ਬੇਹੱਦ ਸਸਤੀ, ਊਰਜਾਕੁਸ਼ਲ ਤੇ ਵਾਤਾਵਰਣ ਪੱਖੀ ਸਰੋਤ ਮੰਨਿਆ ਜਾਂਦਾ ਹੈ। ਪਰਾਲੀ ਦੀ ਉਕਤ ਰੂਪਾਂ ’ਚ ਵਰਤੋਂ ਕਰਦਿਆਂ ਸਰਾਪ ਸਮਝੀ ਜਾਂਦੀ ਪਰਾਲੀ ਨੂੰ ਅਸੀਂ ਅਪਣੀ ਮਿਹਨਤ ਸਦਕਾ ਵਰਦਾਨ ਬਣਾ ਸਕਦੇ ਹਾਂ।