ਕਿਸ ਤਰ੍ਹਾਂ ਕਰੀਏ ਸਦਾਬਹਾਰ ਸਬਜ਼ੀ ਅਤੇ ਗੁਣਾ ਨਾਲ ਭਰਪੂਰ ਪਾਲਕ ਦੀ ਖੇਤੀ?
Published : Oct 4, 2022, 2:16 pm IST
Updated : Oct 4, 2022, 2:16 pm IST
SHARE ARTICLE
How to grow spinach, an evergreen vegetable and rich in quality?
How to grow spinach, an evergreen vegetable and rich in quality?

ਖੇਤ ਦੀ ਤਿਆਰੀ ਤੋਂ ਲੈ ਕੇ ਜਾਣੋ ਚੰਗੀ ਪੈਦਾਵਾਰ ਦੇ ਨੁਕਤੇ 

ਮੁਹਾਲੀ: ਪਾਲਕ ਇੱਕ ਸਦਾਬਹਾਰ ਸਬਜ਼ੀ ਹੈ ਅਤੇ ਪੂਰੇ ਸੰਸਾਰ ਵਿੱਚ ਇਸ ਦੀ ਖੇਤੀ ਕੀਤੀ ਜਾਂਦੀ ਹੈ ਪਰ ਇਸ ਦਾ ਮੂਲ ਸਥਾਨ ਕੇਂਦਰੀ ਅਤੇ ਪੱਛਮੀ ਏਸ਼ੀਆ ਹੈ। ਪਾਲਕ "ਅਮਰੈਂਥਾਸਿਆਇ” ਪ੍ਰਜਾਤੀ ਨਾਲ ਸਬੰਧ ਰੱਖਦੀ ਹੈ। ਪਾਲਕ ਨੂੰ ਆਇਰਨ ਅਤੇ ਵਿਟਾਮਿਨ ਦਾ ਚੰਗਾ ਸ੍ਰੋਤ ਮੰਨਿਆ ਜਾਂਦਾ ਹੈ ਅਤੇ ਇਸ ਵਿੱਚ ਐਂਟੀਓਕਸੀਡੈਂਟ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਤੋਂ ਇਲਾਵਾ ਜੇਕਰ ਪਾਲਕ ਦੇ ਗੁਣਾ ਦੀ ਗੱਲ ਕੀਤੀ ਜਾਵੇ ਤਾਂ ਇਹ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ। ਪਾਲਕ ਦੀ ਵਰਤੋਂ ਪਾਚਣ ਸ਼ਕਤੀ, ਚਮੜੀ, ਵਾਲ, ਅੱਖਾਂ ਅਤੇ ਦਿਮਾਗ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਕੈਂਸਰ ਅਤੇ ਐਂਟੀ ਏਜਿੰਗ ਦਵਾਈਆਂ ਵੀ ਬਣਦੀਆਂ ਹਨ। ਭਾਰਤ ਵਿੱਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲਾ, ਤਾਮਿਲਨਾਡੂ, ਉੱਤਰ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਗੁਜਰਾਤ ਆਦਿ ਪਾਲਕ ਉਗਾਉਣ ਵਾਲੇ ਮੁੱਖ ਰਾਜ ਹਨ।

ਕਿਸ ਤਰ੍ਹਾਂ ਦੀ ਮਿੱਟੀ 'ਚ ਕਰੀਏ ਪਾਲਕ ਦੀ ਕਾਸ਼ਤ?
ਮਿੱਟੀ ਦੀਆਂ ਵਧੀਆ ਨਿਕਾਸ ਵਾਲੀਆਂ ਕਿਸਮਾਂ ਵਿੱਚ ਪਾਲਕ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਪਰ ਇਹ ਰੇਤਲੀ ਚੀਕਣੀ ਅਤੇ ਜਲੋੜ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ। ਤੇਜ਼ਾਬੀ ਅਤੇ ਜਲ-ਜਮਾਓ ਵਾਲੀ ਮਿੱਟੀ ਵਿੱਚ ਪਾਲਕ ਦੀ ਖੇਤੀ ਨਾ ਕਰੋ। ਪਾਲਕ ਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ।

ਪਾਲਕ ਦੀਆਂ ਪ੍ਰਸਿੱਧ ਕਿਸਮਾਂ ਅਤੇ ਝਾੜ
ਪੰਜਾਬ ਗ੍ਰੀਨ : ਇਸ ਕਿਸਮ ਦੇ ਪੱਤੇ ਅੱਧ-ਸਿੱਧੇ ਅਤੇ ਗੂੜੇ ਚਮਕੀਲੇ ਹੁੰਦੇ ਹਨ। ਬਿਜਾਈ ਤੋਂ ਬਾਅਦ ਇਹ ਕਿਸਮ 30 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 125 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਪਾਲਕ ਦੀ ਇਸ ਕਿਸਮ ਵਿੱਚ ਓਕਜ਼ੈਲਿਕ ਐਸਿਡ ਦੀ ਮਾਤਰਾ ਘੱਟ ਹੁੰਦੀ ਹੈ।
ਪੰਜਾਬ ਸਿਲੈਕਸ਼ਨ: ਇਸ ਕਿਸਮ ਦੇ ਪੱਤੇ ਹਲਕੇ ਹਰੇ ਰੰਗ ਦੇ, ਪਤਲੇ, ਲੰਬੇ ਅਤੇ ਤੰਗ ਹੁੰਦੇ ਹਨ। ਇਸ ਦਾ ਔਸਤਨ ਝਾੜ 115 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਪਾਲਕ ਦੀ ਇਸ ਕਿਸਮ ਦੇ ਪੱਤੇ ਸੁਆਦ ਵਿੱਚ ਹਲਕੇ ਖੱਟੇ ਹੁੰਦੇ ਹਨ ਅਤੇ ਤਣਾ ਜਾਮਨੀ ਰੰਗ ਦਾ ਹੁੰਦਾ ਹੈ। 
ਇਸ ਤੋਂ ਇਲਾਵਾ ਪਾਲਕ ਦੀਆਂ ਕਈ ਹੋਰ ਕਿਸਮਾਂ ਹਨ ਜੋ ਦੂਜੇ ਸੂਬਿਆਂ ਵਿੱਚ ਜ਼ਿਆਦਾ ਪ੍ਰਚਲਿਤ ਹਨ ਜਿਵੇਂ ਕਿ ਪੂਸਾ ਜੋਤਿ, ਪੂਸਾ ਪਾਲਕ, ਪੂਸਾ ਹਰਿਤ, ਪੂਸਾ ਭਾਰਤੀ ਆਦਿ।

ਕਾਸ਼ਤ ਤੋਂ ਪਹਿਲਾਂ ਇਸ ਤਰ੍ਹਾਂ ਕਰੋ ਖੇਤ ਦੀ ਤਿਆਰੀ 
ਪਾਲਕ ਦੀ ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਭੁਰਭੁਰਾ ਕਰਨ ਲਈ, 2-3 ਵਾਰ ਵਾਹੀ ਕਰੋ। ਵਾਹੀ ਤੋਂ ਬਾਅਦ ਸੁਹਾਗੇ ਨਾਲ ਮਿੱਟੀ ਨੂੰ ਸਮਤਲ ਕਰੋ। ਬਿਜਾਈ ਤੋਂ ਪਹਿਲਾਂ ਇੱਕ ਤਰ੍ਹਾਂ ਨਾਲ ਬੈੱਡ ਤਿਆਰ ਕਰ ਕੇ ਖਾਲ ਬਣਾਓ। ਬਿਜਾਈ ਲਈ, ਕਤਾਰਾਂ ਵਿਚਲਾ ਫਾਸਲਾ 25-30 ਸੈ.ਮੀ. ਅਤੇ ਪੌਦਿਆਂ ਵਿਚਲਾ ਫਾਸਲਾ 5-10 ਸੈ.ਮੀ. ਰੱਖੋ। ਬੀਜ ਨੂੰ 3-4 ਸੈ.ਮੀ. ਡੂੰਘਾ ਬੀਜੋ। ਬਿਜਾਈ ਕਤਾਰਾਂ ਵਿੱਚ ਅਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ।

ਬੀਜ ਦੀ ਮਾਤਰਾ ਅਤੇ ਸੋਧ 
ਸਰਦੀਆਂ ਵਿੱਚ, 4-6 ਕਿਲੋ ਪ੍ਰਤੀ ਏਕੜ ਅਤੇ ਗਰਮੀਆਂ ਵਿੱਚ 10-15 ਕਿਲੋ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਢੁਕਵੀਂ ਰਹਿੰਦੀ ਹੈ। ਪੁੰਗਰਾਅ ਸ਼ਕਤੀ ਵਧਾਉਣ ਲਈ ਬਿਜਾਈ ਤੋਂ ਪਹਿਲਾ ਬੀਜਾਂ ਨੂੰ 12-24 ਘੰਟੇ ਲਈ ਪਾਣੀ ਵਿੱਚ ਡੁਬੋ ਕੇ ਰੱਖੋ। ਬੀਜ ਉਤਪਾਦਨ ਲਈ,  50x30 ਸੈ.ਮੀ. ਫਾਸਲੇ ਦੀ ਵਰਤੋਂ ਕਰੋ। ਪਾਲਕ ਦੀ ਖੇਤੀ ਲਈ ਲਗਭਗ 1000 ਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ। ਹਰੇਕ ਪੰਜ ਕਤਾਰਾਂ ਦੇ ਬਾਅਦ ਇੱਕ ਕਤਾਰ ਛੱਡ ਦਿਓ, ਜੋ ਕਿ ਖੇਤ ਦੀ ਜਾਂਚ ਲਈ ਜ਼ਰੂਰੀ ਹੈ। 

ਪਾਲਕ ਦੀ ਬਿਜਾਈ ਲਈ ਢੁੱਕਵਾਂ ਸਮਾਂ
ਪਾਲਕ ਦੀ ਬਿਜਾਈ ਪੂਰਾ ਸਾਲ ਕੀਤੀ ਜਾਂਦੀ ਹੈ। ਸਰਦੀਆਂ ਵਿੱਚ, ਸਤੰਬਰ ਤੋਂ ਅਕਤੂਬਰ ਦਾ ਸਮਾਂ ਢੁੱਕਵਾਂ ਹੁੰਦਾ ਹੈ ਅਤੇ ਬਸੰਤ ਰੁੱਤ ਵਿੱਚ ਪਾਲਕ ਦੀ ਬਿਜਾਈ ਮੱਧ-ਫਰਵਰੀ ਤੋਂ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ।

ਚੰਗੀ ਪੈਦਾਵਾਰ ਲਈ ਖਾਦਾਂ ਦੀ ਵਰਤੋਂ 
ਫਸਲ ਦੇ ਵਧੀਆ ਵਿਕਾਸ ਅਤੇ ਚੰਗੀ ਪੈਦਾਵਾਰ ਲਈ ਚੰਗੀ ਤਰ੍ਹਾਂ ਗਲਿਆ ਹੋਇਆ ਗਾਂ ਦਾ ਗੋਬਰ 100 ਕੁਇੰਟਲ ਅਤੇ ਨਾਈਟ੍ਰੋਜਨ 35 ਕਿਲੋ (ਯੂਰੀਆ 75 ਕਿਲੋ), ਫਾਸਫੋਰਸ 12 ਕਿਲੋ (ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਬਿਜਾਈ ਦੇ ਸਮੇਂ ਗਾਂ ਦੇ ਗੋਬਰ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਜਦਕਿ ਨਾਈਟ੍ਰੋਜਨ ਦੀ ਅੱਧੀ ਮਾਤਰਾ ਪਾਓ। ਬਾਕੀ ਬਚੀ ਨਾਈਟ੍ਰੋਜਨ ਨੂੰ ਦੋ ਬਰਾਬਰ ਭਾਗਾਂ ਵਿੱਚ ਹਰੇਕ ਕਟਾਈ ਤੋਂ ਬਾਅਦ ਪਾਓ। ਖਾਦਾਂ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰਨੀ ਲਾਜ਼ਮੀ ਹੈ।

ਨਦੀਨਾਂ ਦੀ ਰੋਕਥਾਮ ਅਤੇ ਸਿੰਚਾਈ
ਨਦੀਨਾਂ ਦੀ ਜਾਂਚ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਕਹੀ ਦੀ ਮਦਦ ਨਾਲ 2-3 ਵਾਰ ਗੋਡੀ ਕਰੋ। ਰਸਾਇਣਿਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਲਈ ਪਾਇਰਾਜ਼ੋਨ 1-1.12 ਕਿਲੋ ਦੀ ਪ੍ਰਤੀ ਏਕੜ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ। ਬੀਜਾਂ ਦੇ ਵਧੀਆ ਪੁੰਗਰਾਅ ਅਤੇ ਵਿਕਾਸ ਲਈ ਮਿੱਟੀ ਵਿੱਚ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ। 

ਜੇਕਰ ਮਿੱਟੀ ਵਿੱਚ ਚੰਗੀ ਤਰ੍ਹਾਂ ਨਮੀ ਨਾ ਹੋਵੇ ਤਾਂ, ਬਿਜਾਈ ਤੋਂ ਪਹਿਲਾ ਸਿੰਚਾਈ ਕਰੋ ਜਾਂ ਫਿਰ ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ। ਗਰਮੀ ਵਿੱਚ 4-6 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ ਜਦ ਕਿ ਸਰਦੀਆਂ ਵਿੱਚ 10-12 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ। ਧਿਆਨ ਰੱਖੋ ਕਿ ਪੱਤਿਆਂ 'ਤੇ ਪਾਣੀ ਨਾ ਰਹੇ ਕਿਓੁਂਕਿ ਇਸ ਨਾਲ ਬਿਮਾਰੀ ਦਾ ਖਤਰਾ ਅਤੇ ਕੁਆਲਟੀ ਵਿੱਚ ਕਮੀ ਆਉਂਦੀ ਹੈ। ਜ਼ਿਆਦਾ ਸਿੰਚਾਈ ਨਾ ਕਰੋ। ਤੁਪਕਾ ਸਿੰਚਾਈ ਪਾਲਕ ਦੀ ਖੇਤੀ ਲਈ ਲਾਭਦਾਇਕ ਸਿੱਧ ਹੁੰਦੀ ਹੈ।

ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ
ਪੱਤਿਆਂ 'ਤੇ ਗੋਲ ਧੱਬੇ: ਕਈ ਵਾਰ ਪੱਤਿਆਂ ਉਪਰ ਛੋਟੇ ਗੋਲਾਕਾਰ ਧੱਬੇ ਦਿਖਾਈ ਦਿੰਦੇ ਹਨ। ਵਿਚਕਾਰੋਂ ਸਲੇਟੀ ਅਤੇ ਲਾਲ ਰੰਗ ਦੇ ਧੱਬੇ ਪੱਤਿਆਂ ਦੇ ਕਿਨਾਰਿਆਂ ਤੇ ਦਿਖਾਈ ਦਿੰਦੇ ਹਨ। ਬੀਜ ਵਾਲੀ ਫਸਲ ਵਿੱਚ ਜੇਕਰ ਅਜਿਹਾ ਹਮਲਾ ਦਿਖਾਈ ਦੇਵੇ ਤਾਂ ਕਾਰਬੈਂਡਾਜ਼ਿਮ 400 ਗ੍ਰਾਮ ਜਾਂ ਇੰਡੋਫਿਲ ਐਮ-45 @400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਸਪਰੇਅ ਕਰੋ। ਜੇਕਰ ਲੋੜ ਹੋਵੇ ਤਾਂ ਦੂਜੀ ਸਪਰੇਅ 15 ਦਿਨਾਂ ਦੇ ਫਾਸਲੇ 'ਤੇ ਕੀਤੀ ਜਾ ਸਕਦੀ ਹੈ।

ਫਸਲ ਦੀ ਕਟਾਈ
ਪਾਲਕ ਦੀ ਫਸਲ ਦੀ ਕਟਾਈ ਕਿਸਮ ਦੇ ਅਧਾਰ 'ਤੇ ਹੁੰਦੀ ਹੈ।ਬਿਜਾਈ ਤੋਂ ਬਾਅਦ, ਫਸਲ 25-30 ਦਿਨਾਂ ਦੇ ਬਾਅਦ ਪਹਿਲੀ ਕਟਾਈ ਲਈ ਤਿਆਰ ਹੋ ਜਾਂਦੀ ਹੈ। ਕਟਾਈ ਲਗਾਤਾਰ 20-25 ਦਿਨਾਂ ਦੇ ਫਾਸਲੇ 'ਤੇ ਕੀਤੀ ਜਾਣੀ ਚਾਹੀਦੀ ਹੈ। ਫਸਲ ਦੀ ਕਟਾਈ ਲਈ ਤਿੱਖੇ ਚਾਕੂ ਜਾਂ ਦਾਤੀ ਦੀ ਵਰਤੋਂ ਕਰੋ। ਬਿਮਾਰ ਪੌਦਿਆਂ ਨੂੰ ਹਟਾ ਦਿਓ, ਵੱਖ ਦਿਖਣ ਵਾਲੇ ਪੌਦਿਆਂ ਨੂੰ ਹਟਾ ਦਿਓ।  ਜਦੋਂ ਬੀਜ ਭੂਰੇ ਰੰਗ ਦੇ ਹੋ ਜਾਣ ਤਾਂ ਫਸਲ ਦੀ ਕਟਾਈ ਕਰੋ। ਕਟਾਈ ਤੋਂ ਬਾਅਦ ਪੌਦਿਆਂ ਨੂੰ ਸੁੱਕਣ ਲਈ ਖੇਤ ਵਿੱਚ ਇੱਕ ਹਫਤੇ ਲਈ ਛੱਡ ਦਿਓ। ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਫਸਲ ਦੀ ਛਟਾਈ ਕਰ ਕੇ ਬੀਜ ਪ੍ਰਾਪਤ ਕੀਤੇ ਜਾ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement