Advertisement

ਸੀਸੀਟੀਵੀ ਕੈਮਰੇ ਕਰਦੇ ਹਨ ਕਿਸਾਨ ਪਰਮਜੀਤ ਦੇ ਖੇਤਾਂ ਦੀ ਨਿਗਰਾਨੀ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Aug 7, 2019, 1:30 pm IST
Updated Aug 7, 2019, 1:30 pm IST
ਅੱਜ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦੀ ਵਿੱਤੀ ਹਾਲਤ ਕਿਸੇ ਕੋਲੋਂ ਲੁਕੀ ਹੋਈ ਨਹੀ...
Kissan
 Kissan

ਚੰਡੀਗੜ੍ਹ: ਅੱਜ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦੀ ਵਿੱਤੀ ਹਾਲਤ ਕਿਸੇ ਕੋਲੋਂ ਲੁਕੀ ਹੋਈ ਨਹੀ। ਰਵਾਇਤੀ ਫ਼ਸਲੀ ਚੱਕਰ ਨੇ ਜਿੱਥੇ ਕਿਸਾਨਾਂ ਦੀ ਆਰਥਿਕਤਾ ਨੂੰ ਪਾਣੀਓਂ ਪਤਲਾ ਕੀਤਾ ਹੈ ਉੱਥੇ ਜ਼ਮੀਨਦੋਜ਼ ਪਾਣੀ ਦਾ ਪੱਧਰ ਚਿੰਤਾਯੋਗ ਹਾਲਤ ਤਕ ਡਿੱਗ ਚੁੱਕਾ ਹੈ। ਕਿਸਾਨਾਂ ਨੂੰ ਕਣਕ-ਝੋਨੇ ਦਾ ਰਵਾਇਤੀ ਫ਼ਸਲੀ ਚੱਕਰ ਛੱਡ ਕੇ ਫਲਾਂ ਤੇ ਸਬਜ਼ੀਆਂ ਦੀ ਕਾਸ਼ਤ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤੀਬਾੜੀ ਅਤੇ ਬਾਗ਼ਬਾਨੀ ਵਿਭਾਗ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਦੇ ਕਾਫ਼ੀ ਸਾਰਥਕ ਸਿੱਟੇ ਵੀ ਮਿਲ ਰਹੇ ਹਨ।

ਕੁਝ ਕਿਸਾਨਾਂ ਨੇ ਆਪਣੇ ਉਦਮ ਨਾਲ ਇਸ ਦਿਸ਼ਾ 'ਚ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜਿਸ ਨੇ ਕਿਸਾਨਾਂ ਤੇ ਮਾਹਿਰਾਂ, ਦੋਵਾਂ ਨੂੰ ਹੈਰਾਨ ਕੀਤਾ ਹੈ। ਨੂਰਪੁਰ ਬੇਦੀ ਦੇ ਪਿੰਡ ਨੰਗਲ ਅਬਿਆਣਾ ਦਾ 42 ਸਾਲਾ ਕਿਸਾਨ ਪਰਮਜੀਤ ਸਿੰਘ ਅੱਜ ਇਲਾਕੇ ਦੇ ਦੂਸਰੇ ਕਿਸਾਨਾਂ ਲਈ ਪ੍ਰਰੇਣਾ ਸ੍ਰੋਤ ਬਣਿਆ ਹੋਇਆ ਹੇ। ਉਸਨੇ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਵੱਖ-ਵੱਖ ਫ਼ਸਲਾਂ ਦੀ ਪੈਦਾਵਾਰ ਨਾਲ ਨਾ ਸਿਰਫ਼ ਆਪਣੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ ਸਗੋਂ ਆਪਣੇ ਨਾਲ ਜੁੜੇ ਖੇਤੀ ਕਾਮਿਆਂ ਦੇ ਜੀਵਨ ਪੱਧਰ ਨੂੰ ਵੀ ਉੱਚਾ ਚੁੱਕਿਆ ਹੈ।

ਖੇਤੀ ਕਾਮਿਆਂ ਦੇ ਖਾਤਿਆਂ 'ਚ ਜਮ੍ਹਾਂ ਹੁੰਦੀ ਹੈ ਤਨਖ਼ਾਹ

ਕਿਸਾਨ ਪਰਮਜੀਤ ਸਿੰਘ ਨੇ ਆਪਣੇ 18 ਏਕੜ ਖੇਤਾਂ ਵਿਚੋਂ 5 ਏਕੜ ਵਿਚ ਸਟ੍ਰੋਬੇਰੀ, ਇਕ ਏਕੜ 'ਚ ਡਰੈਗਨ ਫਰੂਟ ਤੇ ਐਵੋਕਾਡੋ ਲਗਾਏ ਹਨ। ਉਹ ਇਸ ਤੋਂ ਪਹਿਲਾਂ ਸਬਜ਼ੀਆਂ ਦੀ ਕਾਸ਼ਤ ਕਰਦੇ ਸਨ। ਬਾਅਦ ਵਿਚ ਉਨ੍ਹਾਂ ਨੇ ਐੱਮਕੇ ਫਰੂਟਸ ਕੰਪਨੀ ਬਣਾ ਕੇ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਤੇ ਬਾਗ਼ਬਾਨੀ ਦੇ ਕਿੱਤੇ ਨੂੰ ਪ੍ਰਫੁੱਲਤ ਕਰਨ ਦਾ ਯਤਨ ਸ਼ੁਰੂ ਕੀਤਾ ਅਤੇ ਇਸ ਕੰਮ ਵਿਚ ਉਨ੍ਹਾਂ ਨੂੰ ਭਰਪੂਰ ਸਫਲਤਾ ਮਿਲਣ ਲੱਗੀ। ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਤੇ ਮਾਹਿਰਾਂ ਦੀ ਰਾਏ ਅਤੇ ਤਕਨੀਕਾਂ ਨੂੰ ਉਨ੍ਹਾਂ ਨੇ ਆਪਣੇ ਕਿੱਤੇ ਵਿਚ ਅਪਣਾਇਆ।

ਅੱਜ ਪਰਮਜੀਤ ਸਿੰਘ ਦਾ ਆਪਣਾ ਯੂ-ਟਿਊਬ ਚੈਨਲ ਤੇ ਗੂਗਲ ਮੈਪ ਹੈ। ਉਨ੍ਹਾਂ ਨੇ ਸੀਸੀਟੀਵੀ ਕੈਮਰੇ ਲਗਾ ਕੇ ਬਾਗ਼-ਬਗੀਚੇ ਦੀ ਆਨਲਾਈਨ ਮੌਨੀਟਰਿੰਗ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਉਹ ਆਪਣੇ ਖੇਤਾਂ 'ਚ ਕੰਮ ਕਰ ਰਹੀਆਂ 28-30 ਔਰਤਾਂ ਨੂੰ 9 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੰਦੇ ਹਨ, ਜਿਸ ਦੀ ਅਦਾਇਗੀ ਸਿੱਧੇ ਤੌਰ 'ਤੇ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਕੀਤੀ ਜਾਂਦੀ ਹੈ।

ਖ਼ੁਦ ਕਰਦੇ ਹਨ ਮੰਡੀਕਰਨ

ਪਰਮਜੀਤ ਸਿੰਘ ਨੇ ਦੱਸਿਆ ਕਿ ਸਟ੍ਰੋਬੇਰੀ ਦਾ ਇਕ ਬੂਟਾ 3 ਰੁਪਏ ਦਾ ਹੈ ਅਤੇ ਇਕ ਏਕੜ ਵਿਚ 30 ਹਜ਼ਾਰ ਬੂਟੇ ਲੱਗਦੇ ਹਨ। ਇਸ ਕੰਮ ਉੱਪਰ 1 ਲੱਖ 40 ਹਜ਼ਾਰ ਰੁਪਏ ਮਜ਼ਦੂਰੀ ਆਉਂਦੀ ਹੈ ਤੇ ਲਗਪਗ 6 ਮਹੀਨੇ ਵਿਚ ਫ਼ਸਲ ਤਿਆਰ ਹੁੰਦੀ ਹੈ ਅਤੇ। ਇਸ ਤੋਂ ਲਗਪਗ 7 ਲੱਖ ਰੁਪਏ ਦੀ ਵਸੂਲੀ ਹੁੰਦੀ ਹੈ। ਇਹ ਬੂਟੇ ਉਹ ਇਕ ਏਜੰਸੀ ਰਾਹੀਂ ਕੈਲੀਫੋਰਨੀਆ ਤੋਂ ਮੰਗਵਾਉਂਦੇ ਹਨ। ਇਨ੍ਹਾਂ ਫਲਾਂ ਦਾ ਮੰਡੀਕਰਨ ਉਹ ਖ਼ੁਦ ਕਰਦੇ ਹਨ ਅਤੇ ਲਗਪਗ ਦੋ ਕਿੱਲੋ ਦਾ ਸਟ੍ਰੋਬੇਰੀ ਦਾ ਇਕ ਬਕਸਾ 280 ਰੁਪਏ ਵਿਚ ਸੈਕਟਰ 26, ਚੰਡੀਗੜ ਜਾਂ ਜਲੰਧਰ ਦੀ ਮੰਡੀ ਵਿਚ ਆਸਾਨੀ ਨਾਲ ਵਿਕ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਡਰੈਗਨ ਫਰੂਟ ਲਈ ਅੰਗੂਰ ਦੀਆਂ ਵੇਲਾਂ ਵਾਂਗ ਇਕ ਏਕੜ 'ਚ 400 ਖੰਭੇ ਲਗਾਏ ਜਾਂਦੇ ਹਨ। ਹਰ ਖੰਭੇ ਦੇ ਦੁਆਲੇ 4 ਬੂਟੇ ਲਗਾਏ ਹਨ। ਇਹ ਬੂਟੇ ਉਹ ਕੇਰਲ ਤੋਂ ਮੰਗਵਾਉਂਦੇ ਹਨ। ਗਲਗਲ ਦੇ ਆਕਾਰ ਵਾਲਾ ਇਹ ਫਲ ਅੱਜ ਕੱਲ੍ਹ ਲੋਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦਾ ਇਕ ਬੂਟਾ 60 ਤੋਂ 120 ਰੁਪਏ ਤਕ ਆਉਂਦਾ ਹੈ।

ਐਵੋਕਾਡੋ ਦੀ ਪੈਦਾਵਾਰ

ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦਾ ਚੌਥਾ ਕਿਸਾਨ ਹੈ, ਜਿਸ ਨੇ ਫਿਲਪੀਨ (ਮਨੀਲਾ) ਤੋਂ ਨਵੀਂ ਕਿਸਮ ਦੇ ਫਲ ਐਵੋਕਾਡੋ ਦੇ 200 ਬੂਟੇ ਮੰਗਵਾ ਕੇ ਡਰੈਗਨ ਫਰੂਟ ਦੇ ਨਾਲ ਆਪਣੇ ਖੇਤਾਂ 'ਚ ਲਗਾਏ ਹਨ। ਇਸ ਦੇ ਇਕ ਬੂਟੇ ਦੀ ਕੀਮਤ ਲਗਪਗ 1200 ਰੁਪਏ ਹੈ ਅਤੇ ਇਸ ਦਾ ਫਲ 900 ਤੋਂ 1200 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ।

ਫ਼ਸਲੀ ਵਿਭਿੰਨਤਾ ਨਾਲ ਖੁੱਲ੍ਹੇ ਕਮਾਈ ਦੇ ਰਸਤੇ

ਗ੍ਰੈਜੂਏਸ਼ਨ ਤੱਕ ਪੜਾਈ ਕਰਨ ਵਾਲੇ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਦੇ ਨਾਲ-ਨਾਲ ਉਹ ਨੌਜਵਾਨਾਂ ਨੂੰ ਨਸ਼ੇ ਦੇ ਮਾਰੂ ਅਸਰ ਅਤੇ ਖ਼ੂਨਦਾਨ ਦੀ ਅਹਿਮੀਅਤ ਬਾਰੇ ਵੀ ਜਾਗਰੂਕ ਕਰਦਾ ਹੈ। ਉਹ ਖ਼ੁਦ 23 ਵਾਰ ਖ਼ੂਨਦਾਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਕ ਏਕੜ ਵਿਚ ਸੱਠਾ ਝੋਨਾ ਲਗਾ ਕੇ ਉਸ ਤੋਂ ਬਾਅਦ ਉਹ ਕੱਚਾ ਆਲੂ 50 ਦਿਨਾਂ ਵਿਚ ਤੇ ਉਸੇ ਥਾਂ 'ਤੇ ਬੀਜ ਵਾਲਾ ਆਲੂ 45 ਦਿਨਾਂ ਵਿਚ ਪੈਦਾ ਕਰਦੇ ਹਨ। ਇਸ ਉਪਰੰਤ ਭਿੰਡੀ ਦੀ ਸਬਜ਼ੀ ਉਗਾ ਕੇ ਉਨ੍ਹਾਂ ਚੋਖਾ ਮੁਨਾਫ਼ਾ ਕਮਾਇਆ ਹੈ।

ਉਨ੍ਹਾਂ ਦੱਸਿਆ ਕਿ ਉਹ ਬਰਨਾਲਾ ਤੋਂ ਐਰੀਕ ਬਾਇਓ ਖਾਦ ਮੰਗਾਵਾ ਕੇ ਆਪਣੇ ਖੇਤਾਂ ਵਿਚ 10 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਂਦੇ ਹਨ। ਇਸ ਨਾਲ ਜਿੱਥੇ ਫ਼ਸਲ ਚੰਗੀ ਹੁੰਦੀ ਹੈ, ਉੱਥੇ ਜ਼ਮੀਨ ਦੀ ਸਿਹਤ ਵੀ ਕਾਇਮ ਰਹਿੰਦੀ ਹੈ। ਜ਼ਮੀਨ ਵਿਚੋਂ ਸਿਓਂਕ ਦੇ ਖ਼ਾਤਮੇ ਲਈ ਉਹ ਹਿੰਗ ਦੀ ਵਰਤੋਂ ਕਰਦੇ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਕਾਫ਼ੀ ਸਫਲਤਾ ਮਿਲੀ ਹੈ। 

ਸਮਾਜ ਲਈ ਫ਼ਿਕਰਮੰਦੀ

ਪਰਮਜੀਤ ਨੇ ਆਖਿਆ ਕਿ ਖੇਤੀਬਾੜੀ ਤੇ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਕੈਂਪ ਲਗਾ ਕੇ ਇਲਾਕੇ ਦੇ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਵਿਭਾਗ ਦੇ ਸਹਾਇਕ ਡਾਇਰਕੈਟਰ ਮੁਖਤਿਆਰ ਸਿੰਘ ਰੂਪਨਗਰ ਤੇ ਬਾਗ਼ਬਾਨੀ ਵਿਕਾਸ ਅਧਿਕਾਰੀ ਯੁਵਰਾਜ ਭਾਰਦਵਾਜ ਪਾਸੋਂ ਪ੍ਰਾਪਤ ਜਾਣਕਾਰੀਆਂ ਨੇ ਉਸ ਦੇ ਕਿੱਤੇ ਨੂੰ ਨਵੀਂ ਸੇਧ ਦਿੱਤੀ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਫ਼ਸਲੀ ਵਿਭਿੰਨਤਾ ਨੂੰ ਅਪਨਾਉਣ, ਫ਼ਸਲੀ ਰਹਿੰਦ-ਖੂੰਹਦ ਨੂੰ ਸਾੜਨ ਦੀ ਥਾਂ ਇਸ ਦੀ ਸੁਚੱਜੀ ਵਰਤੋਂ ਕਰਨ ਤੇ ਪਾਣੀ ਦੀ ਸਾਂਭ-ਸੰਭਾਲ ਕਰਨ ਦੀ ਅਪੀਲ ਕੀਤੀ।

Advertisement