
ਨਾ ਹੀ ਕੋਈ ਕਰਜ਼ਾ ਤੇ ਨਾ ਹੀ ਹੈ ਕੋਈ ਬਿਮਾਰੀ ਇਨ੍ਹਾਂ ਬਜ਼ੁਰਗ ਕਿਸਾਨਾਂ ਨੂੰ
Two farmer brothers have been farming with a pair of bullocks: ਜਿਥੇ ਅੱਜ ਦੇ ਤਕਨੀਕੀ ਦੌਰ ’ਚ ਪੰਜਾਬ ਵੀ ਨਵੀਂਆਂ ਤਕਨੀਕਾਂ ਅਪਣਾ ਰਿਹਾ ਹੈ ਉਥੇ ਹੀ ਦੋ ਕਿਸਾਨ ਭਰਾ ਅਪਣੇ ਪੁਰਾਤਨ ਵਿਰਸੇ ਨੂੰ ਹਾਲੇ ਤਕ ਸੰਭਾਲੀ ਬੈਠੇ ਹਨ। ਅਪਣੇ ਪੁਰਾਤਨ ਵਿਰਸੇ ਨਾਲ ਜੁੜੇ ਇਹ ਕਿਸਾਨ ਭਰਾ ਅੱਜ ਦੇ ਮਸ਼ੀਨੀ ਯੁੱਗ ਵਿਚ ਵੀ ਅਪਣੇ ਖੇਤਾਂ ਵਿਚ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਸਿਰਫ਼ ਬਲਦਾ ਨਾਲ ਹੀ ਖੇਤੀ ਕਰਦੇ ਆ ਰਹੇ ਹਨ, ਜਿਨ੍ਹਾਂ ਨੂੰ ਨਾ ਕੋਈ ਬਿਮਾਰੀ ਹੈ ਅਤੇ ਨਾ ਹੀ ਇਨ੍ਹਾਂ ਨੇ ਕੋਈ ਕਰਜ਼ਾ ਅਪਣੇ ਸਿਰ ਚੜ੍ਹਾਇਆ ਹੈ।
ਸਿਖ਼ਰ ਦੁਪਹਿਰ ਪੂਰੀ ਗਰਮੀ ਵਿਚ ਵੀ ਇਹ ਦੋਵਂੇ ਭਰਾ ਆਪਣੀਆਂ ਜ਼ਮੀਨਾਂ ਵਿਚ ਬਲਦਾਂ ਪਿੱਛੇ ਹਲ ਜੋਤ ਕੇ ਖੇਤੀ ਕਰ ਰਹੇ ਹਨ। ਜਿਨ੍ਹਾਂ ਨੂੰ ਨਾ ਕੋਈ ਗਰਮੀ ਦਾ ਅਹਿਸਾਸ ਹੋ ਰਿਹਾ ਤੇ ਨਾ ਕੋਈ ਰੱਬ ਨਾਲ ਸ਼ਿਕਵਾ, ਬਸ ਅਪਣੀ ਹੀ ਹੋੜ ਵਿਚ ਬਲਦਾ ਨਾਲ ਜ਼ਮੀਨ ਦੀ ਵਾਹੀ ਕਰ ਰਹੇ ਹਨ। ਇਸ ਮੌਕੇ ਕਿਸਾਨ ਸੁਖਵਿੰਦਰਪਾਲ ਸਿੰਘ ਤੇ ਬਲਜਿੰਦਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਬਲਦਾਂ (ਜੋੜੀ) ਨਾਲ ਖੇਤੀ ਕਰਦੇ ਕਰੀਬ 40 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ।
ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਦਾਦਾ ਜੀ ਅਤੇ ਪਿਤਾ ਵੀ ਖੇਤੀ ਬਲਦਾਂ ਨਾਲ ਹੀ ਕਰਦੇ ਸਨ। ਉਨ੍ਹਾਂ ਕਿਹਾ ਕਿ ਅੱਜ ਦੇ ਮਸ਼ੀਨੀ ਯੁੱਗ ਵਿਚ ਲੋਕ ਵੇਖੋ ਵੇਖੀ ਮਹਿੰਗੇ ਭਾਅ ਦੇ ਟਰੈਕਟਰ ਟਰਾਲੀ ਅਤੇ ਸੰਦ ਲੈ ਕੇ ਅਪਣੇ ਉੱਪਰ ਕਰਜ਼ਾ ਚੜ੍ਹਾ ਲੈਂਦੇ ਹਨ ਤੇ ਬਾਅਦ ਵਿਚ ਪਛਤਾਉਂਦੇ ਹਨ। ਇਸ ਲਈ ਆਪਣੀਆਂ ਜ਼ਰੂਰਤਾਂ ਨੂੰ ਘਟਾਉਣ ਅਤੇ ਜਿੰਨਾ ਹੋ ਸਕੇ ਆਪਣੀਆਂ ਲੋੜਾਂ ਮੁਤਾਬਕ ਅਪਣੇ ਖ਼ਰਚੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਲਦਾਂ ਨਾਲ ਖੇਤੀ ਕਰਨ ਨਾਲ ਇਕ ਤਾਂ ਡੀਜ਼ਲ ਦਾ ਕੋਈ ਖ਼ਰਚ ਨਹੀਂ ਆਉਂਦਾ ਦੂਜਾ ਨਾ ਕੋਈ ਟਰੈਕਟਰ ਨਾ ਕੋਈ ਰਿਪੇਅਰ ਕਰਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਬਲਦਾਂ ਦੀ ਜੋੜੀ ਹੀ ਸਾਡੇ ਟਰੈਕਟਰ ਹਨ।
ਜਿਸ ਨਾਲ ਅਸੀਂ ਅਪਣੀ ਜ਼ਮੀਨ ਵਿਚ ਖੇਤੀਬਾੜੀ ਕਰਦੇ ਹਾਂ। ਉਨ੍ਹਾਂ ਦਸਿਆ ਕਿ ਇਹ ਬਲਦ ਸਾਡੇ ਪੁੱਤਾਂ ਵਾਂਗ ਹਨ, ਜਿਨ੍ਹਾਂ ਦੀ ਅਸੀਂ ਦੇਖਭਾਲ ਕਰਦੇ ਹਾਂ। ਇਨ੍ਹਾਂ ਨੂੰ ਸਮੇਂ ਸਮੇਂ ’ਤੇ ਚੌਕਰ ,ਖੱਲ ਅਤੇ ਤੇਲ ਦੇ ਨਾਲ ਨਾਲ ਜੜੀਆਂ ਬੂਟੀਆਂ ਦੇਂਦੇ ਹਾਂ, ਜਿਸ ਨਾਲ ਇਹ ਬਲਦਾਂ ਦੀ ਜੋੜੀ ਠੀਕ ਰਹਿੰਦੀ ਹੈ। ਰਵਾਈਤੀ ਫ਼ਸਲਾਂ ਦੀ ਗੱਲ ਕਰਦੇ ਕਿਸਾਨ ਸੁਖਵਿੰਦਰਪਾਲ ਸਿੰਘ ਨੇ ਕਿਹਾ ਕਿ ਕਿਸਾਨ ਇਨ੍ਹਾਂ ਫ਼ਸਲਾਂ ਤੋਂ ਬਾਹਰ ਨਹੀਂ ਨਿਕਲ ਰਿਹਾ ਪਰ ਉਹ ਅਪਣੇ ਖੇਤਾਂ ਵਿਚ ਵੱਖ ਵੱਖ ਤਰ੍ਹਾਂ ਦੀਆ ਫ਼ਸਲਾਂ ਲਾਉਂਦੇ ਹਨ ਅਤੇ ਵੱਧ ਮੁਨਾਫ਼ਾ ਕਮਾ ਰਹੇ ਹਨ।
ਤਰਨ ਤਾਰਨ ਤੋਂ ਕੁਲਦੀਪ ਸਿੰਘ ਦੀਪਾ ਦੀ ਰਿਪੋਰਟ