ਜਾਣੋ ਫ਼ਲਦਾਰ ਬੂਟਿਆਂ ‘ਚ ਖ਼ੁਰਾਕੀ ਤੱਤਾਂ ਦੀ ਘਾਟ ਬਾਰੇ...
Published : Feb 12, 2025, 9:13 am IST
Updated : Feb 12, 2025, 9:13 am IST
SHARE ARTICLE
Learn about nutrient deficiencies in fruit trees...
Learn about nutrient deficiencies in fruit trees...

ਫਲਦਾਰ ਬੂਟਿਆਂ ਦੇ ਵਾਧੇ ਅਤੇ ਮਿਆਰੀ ਫਲਾਂ ਦੇ ਉਤਪਾਦਨ ਵਿਚ ਖ਼ੁਰਾਕੀ ਤੱਤਾਂ ਦੀ ਅਹਿਮ ਭੂਮਿਕਾ ਹੁੰਦੀ ਹੈ...

 

ਚੰਡੀਗੜ੍ਹ: ਫਲਦਾਰ ਬੂਟਿਆਂ ਦੇ ਵਾਧੇ ਅਤੇ ਮਿਆਰੀ ਫਲਾਂ ਦੇ ਉਤਪਾਦਨ ਵਿਚ ਖ਼ੁਰਾਕੀ ਤੱਤਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਕਿਸਾਨਾਂ ਨੂੰ ਇਨ੍ਹਾਂ ਖ਼ੁਰਾਕੀ ਤੱਤਾਂ, ਉਨ੍ਹਾਂ ਦੀ ਸਹੀ ਮਾਤਰਾ, ਪਾਉਣ ਦੇ ਢੰਗ ਤੇ ਸਮੇਂ ਬਾਰੇ ਜਾਣਕਾਰੀ ਹੋਣੀ ਬੇਹੱਦ ਲਾਜ਼ਮੀ ਹੈ ਖ਼ੁਰਾਕੀ ਤੱਤਾਂ ਦੀ ਘਾਟ ਨੂੰ ਅਣਗੌਲਿਆਂ ਕਰਨ ਨਾਲ ਬੂਟਿਆਂ ਦਾ ਪੂਰਾ ਵਾਧਾ ਨਹੀਂ ਹੁੰਦਾ ਤੇ ਫਲਾਂ ਦੇ ਝਾੜ ਅਤੇ ਮਿਆਰ ਉੱਪਰ ਮਾੜਾ ਅਸਰ ਪੈਂਦਾ ਹੈ।

ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਤੱਤਾਂ ਦੀ ਘਾਟ ਨੂੰ ਪਛਾਣ ਕੇ ਤਰੁੰਤ ਇਨ੍ਹਾਂ ਦੀ ਪੂਰਤੀ ਕੀਤੀ ਜਾਵੇ ਤਾਂ ਜੋ ਬੂਟਿਆਂ ਨੂੰ ਲੰਬੇ ਸਮੇਂ ਤਕ ਸਿਹਤਮੰਦ ਰੱਖ ਕੇ ਮਿਆਰੀ ਉਤਪਾਦਨ ਸਦਕਾ ਚੰਗਾ ਮੁਨਾਫ਼ਾ ਕਮਾਇਆ ਜਾ ਸਕੇ। ਇਸ ਤੋਂ ਇਲਾਵਾ ਕਿਸਾਨਾਂ ਤੇ ਬਾਗ਼ਬਾਨਾਂ ਨੂੰ ਮਾਹਿਰਾਂ ਦੀ ਸ਼ਿਫ਼ਾਰਸ਼ ਅਨੁਸਾਰ ਹੀ ਫਲਦਾਰ ਬੂਟਿਆਂ ਲਈ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਵੱਡੇ ਖ਼ੁਰਾਕੀ ਤੱਤਾਂ ਦੀ ਘਾਟ: ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ ਆਦਿ ਵੱਡੇ ਖ਼ੁਰਾਕੀ ਤੱਤ ਹੁੰਦੇ ਹਨ।

ਨਾਈਟ੍ਰੋਜਨ: ਇਸ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ। ਬੂਟਿਆਂ ਦੇ ਪੁਰਾਣੇ ਪੱਤੇ ਪੀਲੇ ਪੈ ਜਾਂਦੇ ਹਨ। ਵਧੇਰੇ ਘਾਟ ਕਾਰਨ ਨਵੇਂ ਪੱਤੇ ਵੀ ਪੀਲੇ ਪੈ ਜਾਂਦੇ ਹਨ ਤੇ ਪੁਰਾਣੇ ਪੱਤੇ ਝੜ ਜਾਂਦੇ ਹਨ। ਅਣਗੌਲੇ ਬਾਗ਼ਾਂ ਵਿਚ ਨਾਈਟ੍ਰੋਜਨ ਤੱਤ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ।

ਫਾਸਫੋਰਸ: ਇਸ ਘਾਟ ਕਾਰਨ ਬੂਟੇ ਦਾ ਕੱਦ ਛੋਟਾ ਰਹਿ ਜਾਂਦਾ ਹੈ। ਪੱਤੇ ਗੂੜ੍ਹੇ ਹਰੇ ਨਜ਼ਰ ਆਉਂਦੇ ਹਨ। ਪੱਤਿਆਂ ਉੱਪਰ ਜਾਮਣੀ ਧੱਬੇ ਪੈ ਜਾਂਦੇ ਹਨ। ਫਲਦਾਰ ਬੂਟੇ 'ਤੇ ਫੁੱਲ ਘੱਟ ਲਗਦੇ ਹਨ। ਫਲ ਦੇਰ ਨਾਲ ਪੱਕਦਾ ਹੈ ਤੇ ਝਾੜ ਘਟ ਜਾਂਦਾ ਹੈ। ਅਮਰੂਦ ਅਤੇ ਆੜੂ ਇਸ ਤੱਤ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ।

ਪੋਟਾਸ਼ੀਅਮ: ਇਸ ਦੀ ਘਾਟ ਕਾਰਨ ਪੱਤੇ ਸਿਰਿਆਂ ਅਤੇ ਬਾਹਰੀ ਭਾਗ ਤੋਂ ਪੀਲੇ ਹੋ ਜਾਂਦੇ ਹਨ। ਜੇ ਬੂਟੇ ਵਿਚ ਇਸ ਤੱਤ ਦੀ ਜ਼ਿਆਦਾ ਘਾਟ ਹੋਵੇ ਤਾਂ ਪੱਤੇ ਸੜ ਜਾਂਦੇ ਹਨ। ਇਸ ਤੱਤ ਦੀ ਘਾਟ ਆਮ ਤੌਰ 'ਤੇ ਅੰਬਾਂ ਦੇ ਬਾਗ਼ਾਂ 'ਚ ਵਿਖਾਈ ਦਿੰਦੀ ਹੈ।

ਕੈਲਸ਼ੀਅਮ: ਕੈਲਸ਼ੀਅਮ ਤੱਤ ਦੀ ਘਾਟ ਕਾਰਨ ਨਵੀਆਂ ਬਣੀਆਂ ਅੱਖਾਂ ਪੀਲੀਆਂ ਪੈ ਜਾਂਦੀਆਂ ਹਨ। ਫਲਾਂ ਉੱਪਰ ਧੱਬੇ ਪੈ ਜਾਂਦੇ ਹਨ ਤੇ ਝਾੜ 'ਤੇ ਮਾੜਾ ਅਸਰ ਪੈਂਦਾ ਹੈ। ਇਸ ਦੀ ਪੂਰਤੀ ਲਈ ਪੱਤਿਆਂ ਉੱਪਰ 0.5 ਫ਼ੀਸਦੀ ਕੈਲਸ਼ੀਅਮ ਕਲੋਰਾਈਡ ਦਾ ਜੂਨ-ਜੁਲਾਈ ਮਹੀਨੇ ਦੌਰਾਨ ਛਿੜਕਾਅ ਕੀਤਾ ਜਾ ਸਕਦਾ ਹੈ।

ਮੈਗਨੀਸ਼ੀਅਮ: ਇਸ ਤੱਤ ਦੀ ਘਾਟ ਕਾਰਨ ਪੱਤੇ ਦੀ ਮੁੱਖ ਨਾੜ ਹਰੀ ਰਹਿੰਦੀ ਹੈ ਜਦਕਿ ਪੱਤੇ ਦੇ ਸਿਰੇ ਤੇ ਬਾਹਰੀ ਹਿੱਸੇ ਪੀਲੇ ਪੈ ਜਾਂਦੇ ਹਨ। ਪੱਤੇ ਉੱਪਰ ਵੱਲ ਨੂੰ ਮੁੜ ਜਾਂਦੇ ਹਨ।

ਸਲਫਰ: ਇਸ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ। ਇਸ ਦੀ ਘਾਟ ਦਾ ਮਾੜਾ ਅਸਰ ਠੰਡੇ ਇਲਾਕੇ ਵਾਲੇ ਬਾਗ਼ਾਂ ਉੱਪਰ ਵਧੇਰੇ ਵੇਖਣ ਨੂੰ ਮਿਲਦਾ ਹੈ।

ਸੂਖ਼ਮ ਤੱਤਾਂ ਦੀ ਘਾਟ ਤੇ ਨਿਸ਼ਾਨੀਆਂ: ਲੋਹਾ, ਜ਼ਿੰਕ, ਮੈਂਗਨੀਜ਼, ਬੋਰਨ ਆਦਿ ਸੂਖ਼ਮ ਜਾਂ ਛੋਟੇ ਤੱਤ ਹੁੰਦੇ ਹਨ। ਆਮ ਤੌਰ 'ਤੇ ਬਾਗ਼ਬਾਨ ਇਨ੍ਹਾਂ ਤੱਤਾਂ ਨੂੰ ਵਧੇਰੇ ਅਹਿਮੀਅਤ ਨਹੀਂ ਦਿੰਦੇ ਪਰ ਇਨ੍ਹਾਂ ਦੀ ਘਾਟ ਵੀ ਘਾਤਕ ਨਤੀਜੇ ਪੈਦਾ ਕਰਦੀ ਹੈ।

ਜ਼ਿੰਕ: ਜ਼ਿੰਕ ਦੀ ਘਾਟ ਵਾਲੇ ਬੂਟਿਆਂ ਦੀਆਂ ਟਾਹਣੀਆਂ ਦੇ ਸਿਰੇ ਵਾਲੇ ਪੱਤੇ, ਸਧਾਰਨ ਨਾਲੋਂ ਛੋਟੇ ਰਹਿ ਜਾਂਦੇ ਹਨ। ਜ਼ਿੰਕ ਦੀ ਘਾਟ ਕਾਰਨ ਨਵੇਂ ਨਿਕਲ ਰਹੇ ਪੱਤਿਆਂ 'ਤੇ ਰੰਗ-ਬਰੰਗੇ ਧੱਬੇ ਪੈ ਜਾਂਦੇ ਹਨ। ਇਸ ਤੱਤ ਦੀ ਪੂਰਤੀ ਲਈ ਜ਼ਿੰਕ ਸਲਫੇਟ ਦਾ 0.47 ਫ਼ੀਸਦੀ ਘੋਲ (470 ਗ੍ਰਾਮ ਜ਼ਿੰਕ ਸਲਫੇਟ ਪ੍ਰਤੀ 100 ਲੀਟਰ ਪਾਣੀ) ਦਾ ਛਿੜਕਾਅ ਕਰਨਾ ਚਾਹੀਦਾ ਹੈ। ਕਿੰਨੂ ਵਿਚ ਬਹਾਰ ਦੀ ਫੋਟ ਵੇਲੇ ਇਹ ਛਿੜਕਾਅ ਅਪ੍ਰੈਲ ਦੇ ਅਖ਼ੀਰ ਤਕ ਕਰ ਦੇਣਾ ਚਾਹੀਦਾ ਹੈ ਪਰ ਗਰਮੀਆਂ ਦੀ ਪਛੇਤੀ ਫੋਟ ਲਈ ਅੱਧ-ਅਗਸਤ ਵਿਚ ਇਹ ਛਿੜਕਾਅ ਕਰੋ। 

ਕਿੰਨੂ ਵਿਚ ਆਮ ਤੌਰ 'ਤੇ ਜ਼ਿੰਕ ਦੀ ਘਾਟ, ਬੂਟੇ ਦੇ ਚੌਥੇ ਸਾਲ ਵਿਚ ਪਹਿਲਾ ਫਲ ਲੈਣ ਮਗਰੋਂ ਆਉਂਦੀ ਹੈ। ਇਸ ਲਈ ਤੀਜੇ ਸਾਲ ਤੋਂ ਬਾਅਦ ਬੂਟੇ ਉੱਪਰ ਹਰ ਸਾਲ ਜ਼ਿੰਕ ਸਲਫੇਟ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਜ਼ਿੰਕ ਤੇ ਮੈਂਗਨੀਜ਼ ਦੀ ਪੂਰਤੀ ਲਈ ਜ਼ਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲੀਟਰ ਪਾਣੀ) ਤੇ ਮੈਂਗਨੀਜ਼ ਸਲਫੇਟ (3.30 ਗ੍ਰਾਮ ਪ੍ਰਤੀ ਲੀਟਰ ਪਾਣੀ) ਨੂੰ ਰਲਾ ਕੇ ਅਪ੍ਰੈਲ ਦੇ ਅਖ਼ੀਰ ਤੇ ਅਗਸਤ ਦੇ ਅੱਧ ਦੌਰਾਨ ਛਿੜਕਾਅ ਕਰੋ।

ਅਮਰੂਦ ਵਿਚ ਜ਼ਿੰਕ ਦੀ ਘਾਟ ਵਾਲੇ ਬੂਟਿਆਂ ਦੇ ਪੱਤਿਆਂ ਦਾ ਅਕਾਰ ਸਧਾਰਨ ਨਾਲੋਂ ਛੋਟਾ ਰਹਿ ਜਾਂਦਾ ਹੈ। ਅਮਰੂਦ 'ਚ ਜ਼ਿੰਕ ਦੀ ਪੂਰਤੀ ਲਈ ਇਕ ਕਿੱਲੋ ਜ਼ਿੰਕ ਸਲਫੇਟ ਤੇ ਅੱਧਾ ਕਿੱਲੋ ਅਣਬੁਝਿਆ ਚੂਨਾ, 100 ਲੀਟਰ ਪਾਣੀ 'ਚ ਘੋਲ ਕੇ ਜੂਨ ਤੋਂ ਸਤੰਬਰ ਦੇ ਮਹੀਨਿਆਂ ਵਿਚ 15 ਦਿਨਾਂ ਦੇ ਵਕਫ਼ੇ 'ਤੇ ਬੂਟਿਆਂ ਉੱਪਰ ਦੋ-ਤਿੰਨ ਛਿੜਕਾਅ ਕਰੋ।

ਲੋਹੇ ਦੀ ਘਾਟ: ਲੋਹੇ ਜਾਂ ਆਇਰਨ ਤੱਤ ਦੀ ਘਾਟ ਆਮ ਤੌਰ 'ਤੇ ਨਾਖ ਤੇ ਆੜੂ ਦੇ ਬਾਗ਼ਾਂ 'ਚ ਵਿਖਾਈ ਦਿੰਦੀ ਹੈ। ਇਸ ਦੀ ਘਾਟ ਨਾਲ ਬੂਟੇ ਦੇ ਉੱਪਰਲੇ ਪੱਤਿਆਂ ਦੀਆਂ ਨਾੜੀਆਂ ਦੇ ਵਿਚਕਾਰਲੀ ਥਾਂ ਹਲਕੀ ਪੀਲੀ ਨਜ਼ਰ ਆਉਂਦੀ ਹੈ। ਸਭ ਤੋਂ ਪਹਿਲਾਂ ਉੱਪਰਲੀਆਂ ਟਾਹਣੀਆਂ ਦੇ ਨਵੇਂ ਨਿਕਲੇ ਪੱਤਿਆਂ 'ਤੇ ਲੋਹੇ ਦੀ ਘਾਟ (ਪੀਲਾਪਨ) ਵਿਖਾਈ ਦਿੰਦੀ ਹੈ। ਸਮੇਂ ਨਾਲ ਬੂਟੇ ਦੇ ਹੇਠਲੇ ਪੱਤੇ ਵੀ ਪੀਲੇ ਪੈਣ ਲਗਦੇ ਹਨ ਪਰ ਪ੍ਰਭਾਵਿਤ ਪੱਤਿਆਂ ਦੀਆਂ ਨਾੜੀਆਂ ਹਰੀਆਂ ਹੀ ਰਹਿੰਦੀਆਂ ਹਨ। ਲੋਹੇ ਦੀ ਘਾਟ 0.3 ਫ਼ੀਸਦੀ ਫੈਰਸ ਸਲਫੇਟ (300 ਗ੍ਰਾਮ ਫੈਰਸ ਸਲਫੇਟ ਪ੍ਰਤੀ 100 ਲੀਟਰ ਪਾਣੀ) ਦੇ ਘੋਲ ਦਾ ਛਿੜਕਾਅ ਕਰ ਕੇ ਦੂਰ ਕੀਤੀ ਜਾ ਸਕਦੀ ਹੈ। ਇਹ ਛਿੜਕਾਅ ਅਪ੍ਰੈਲ ਤੇ ਅਗਸਤ ਵਿਚ ਕਰੋ।

ਮੈਂਗਨੀਜ਼: ਇਸ ਤੱਤ ਦੀ ਘਾਟ ਨਾਲ ਪੱਤੇ ਪੀਲੇ ਪੈ ਜਾਂਦੇ ਹਨ। ਪੱਤਿਆਂ ਦਾ ਆਕਾਰ ਛੋਟਾ ਰਹਿ ਜਾਂਦਾ ਹੈ। ਇਸ ਤੱਤ ਦੀ ਘਾਟ ਆਮ ਤੌਰ ਤੇ ਕਿੰਨੂ ਦੇ ਬਾਗ਼ਾਂ 'ਚ ਆਉਂਦੀ ਹੈ। ਕਿੰਨੂ ਵਿਚ ਜ਼ਿੰਕ ਤੇ ਮੈਂਗਨੀਜ਼ ਦੀ ਇਕੱਠੀ ਘਾਟ ਆਉਣ 'ਤੇ ਜ਼ਿੰਕ ਸਲਫੇਟ (0.47 ਫ਼ੀਸਦੀ) ਤੇ ਮੈਂਗਨੀਜ਼ ਸਲਫੇਟ (0.33 ਫ਼ੀਸਦੀ) ਦਾ ਅੱਧ ਅਪ੍ਰੈਲ ਤੇ ਅੱਧ ਅਗਸਤ ਵਿਚ ਛਿੜਕਾਅ ਕਰੋ।

ਬੋਰੋਨ: ਇਸ ਤੱਤ ਦੀ ਘਾਟ ਨਾਲ ਪੱਤੇ ਸੜ ਜਾਂਦੇ ਹਨ। ਫਲ ਦਾ ਆਕਾਰ ਛੋਟਾ ਰਹਿ ਜਾਂਦਾ ਹੈ। ਇਸ ਤੱਤ ਦੀ ਘਾਟ ਆਮ ਤੌਰ 'ਤੇ ਅੰਬ ਦੇ ਬਾਗ਼ਾਂ ਵਿਚ ਵਿਖਾਈ ਦਿੰਦੀ ਹੈ। ਬੋਰੋਨ ਦੀ ਘਾਟ 0.1 ਫ਼ੀਸਦੀ ਬੋਰਿਕ ਐਸਿਡ ਦਾ ਛਿੜਕਾਅ ਕਰ ਕੇ ਦੂਰ ਕੀਤੀ ਜਾ ਸਕਦੀ ਹੈ। 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement